ਲੁਧਿਆਣਾ(ਮੁਕੇਸ਼)-ਸ਼ਰਾਰਤੀ ਅਨਸਰਾਂ ਵੱਲੋਂ ਅੱਧੀ ਦਰਜਨ ਦੇ ਕਰੀਬ ਸਾਨ੍ਹਾਂ 'ਤੇ ਤੇਜ਼ਾਬ ਪਾ ਕੇ ਬੁਰੀ ਤਰ੍ਹਾਂ ਨਾਲ ਸਾੜਨ ਨੂੰ ਲੈ ਕੇ ਗਊ ਭਗਤਾਂ ਵਿਚਾਲੇ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸ਼੍ਰੀ ਗਊ ਸੇਵਾ ਸੋਸਾਇਟੀ ਬਹਾਦਰ ਕੇ ਰੋਡ ਜ਼ਖਮੀ ਤੇ ਬੀਮਾਰ ਗਊਆਂ ਦਾ ਇਲਾਜ ਕਰਨ ਵਾਲੇ ਹਸਪਤਾਲ ਦੇ ਸੇਵਾਦਾਰ ਅਜੇ ਅਗਰਵਾਲ, ਰਾਜੇਸ਼ ਮੰਗਾ, ਅਨਿਲ ਭਾਂਬਰੀ ਨੇ ਕਿਹਾ ਕਿ ਸੋਸਾਇਟੀ ਵੱਲੋਂ ਜਾਰੀ ਹੈਲਪ ਲਾਈਨ ਨੰਬਰ 'ਤੇ ਉਨ੍ਹਾਂ ਨੂੰ ਨੂਰਵਾਲਾ ਤੇ ਪੱਖੋਵਾਲ ਫੁੱਲਾਂਵਾਲ ਤੋਂ ਗਊ ਭਗਤਾਂ ਨੇ ਸੂਚਨਾ ਦਿੱਤੀ ਕਿ ਤੇਜ਼ਾਬ ਨਾਲ ਸਾੜੇ ਗਏ ਬੁਰੀ ਤਰ੍ਹਾਂ ਜ਼ਖਮੀ ਹਾਲਤ 'ਚ 6 ਦੇ ਕਰੀਬ ਸਾਨ੍ਹ ਤੜਫਦੇ ਹੋਏ ਘੁੰਮ ਰਹੇ ਹਨ, ਜਿਨ੍ਹਾਂ ਦੀ ਹਾਲਤ ਗੰਭੀਰ ਹੈ ਨਾਲੇ ਇਲਾਜ ਦੀ ਲੋੜ ਹੈ। ਅਗਰਵਾਲ, ਮੰਗਾ ਨੇ ਕਿਹਾ ਕਿ ਸੇਵਾਦਾਰਾਂ ਦੀਆਂ 2 ਟੀਮਾਂ ਨੂੰ ਤੁਰੰਤ ਹੀ ਮੌਕੇ ਵਾਲੀ ਥਾਂ ਰਵਾਨਾ ਕੀਤਾ ਗਿਆ। ਸੇਵਾਦਾਰ ਮੁਨੀਸ਼ ਮਿੱਤਲ, ਰੋਮੀ ਜਾਂਗੜਾ, ਕਮਲ ਭਾਟੀਆ, ਮੋਹਿਤ ਚੌਧਰੀ, ਬਲਦੇਵ ਕਟਿਆਲ, ਵਿਜੇ ਰਾਣਾ ਨੇ ਕਿਹਾ ਕਿ ਤੇਜ਼ਾਬ ਨਾਲ ਸਾੜੇ ਗਏ ਸਾਨ੍ਹਾਂ ਦੀ ਹਾਲਤ ਦੇਖੀ ਨਹੀਂ ਜਾ ਰਹੀ ਸੀ। 3 ਸਾਨ੍ਹਾਂ ਦੇ ਸਰੀਰ ਤੋਂ ਤਾਂ ਸਾਰੀ ਚਮੜੀ ਸੜ ਗਈ ਹੈ। ਖੂਨ ਵਗਣ ਨਾਲ ਹਾਲਤ ਹੋਰ ਖਰਾਬ ਸੀ। ਸੇਵਾਦਾਰਾਂ ਨੇ ਜਦੋਂ ਸਾਨ੍ਹਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਾਨ੍ਹਾਂ ਨੇ ਕਈ ਵਾਰ ਸੇਵਾਦਾਰਾਂ ਉਪਰ ਹਮਲਾ ਕੀਤਾ। ਹਮਲੇ 'ਚ ਸੇਵਾਦਾਰ ਜ਼ਖਮੀ ਵੀ ਹੋ ਗਏ ਪਰ ਸੇਵਾਦਾਰਾਂ ਨੇ ਹਿੰਮਤ ਨਹੀਂ ਹਾਰੀ ਤੇ ਸਾਰੇ ਜ਼ਖਮੀ ਸਾਨ੍ਹਾਂ ਨੂੰ ਕਿਸੇ ਤਰ੍ਹਾਂ ਕਾਬੂ ਕਰ ਕੇ ਹਸਪਤਾਲ ਪਹੁੰਚਾਇਆ, ਜਿਥੇ ਇਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਅਜੇ ਅਗਰਵਾਲ, ਰਾਜੇਸ਼ ਮੰਗਾ, ਅਨਿਲ ਭਾਂਬਰੀ ਨੇ ਸਾਰਾ ਮਾਮਲਾ ਪੁਲਸ ਕਮਿਸ਼ਨਰ ਤੇ ਡੀ. ਸੀ. ਸਾਹਿਬ ਦੇ ਧਿਆਨ ਵਿਚ ਲਿਆਂਦਾ ਹੈ। ਇੰਝ ਲੱਗ ਰਿਹਾ ਹੈ ਕਿ ਸ਼ਰਾਰਤੀ ਅਨਸਰਾਂ ਵੱਲੋਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਦਰਿੰਦਗੀ ਦੀਆਂ ਸਾਰੀ ਹੱਦਾਂ ਪਾਰ ਕਰਦੇ ਹੋਏ ਜੋ ਘਟੀਆ ਕੰਮ ਨੂੰ ਅੰਜਾਮ ਦਿੱਤਾ ਹੈ ਸ਼ਰਮਸਾਰ ਕਰਨ ਵਾਲੀ ਗੱਲ ਹੈ। ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਡੀ. ਸੀ. ਪ੍ਰਦੀਪ ਅਗਰਵਾਲ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੁਲਸ ਨੂੰ ਸ਼ਰਾਰਤੀ ਅਨਸਰਾਂ ਖਿਲਾਫ ਸਖ਼ਤੀ ਨਾਲ ਪੇਸ਼ ਆਉਣ ਦੇ ਹੁਕਮ ਦਿੰਦੇ ਹੋਏ ਕਾਰਵਾਈ ਕਰਨ ਲਈ ਕਿਹਾ ਹੈ। ਏ. ਸੀ. ਪੀ. ਪਵਨਜੀਤ ਨੇ ਕਿਹਾ ਕਿ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਜੋ ਕੋਈ ਵੀ ਮਾਮਲੇ ਵਿਚ ਦੋਸ਼ੀ ਪਾਇਆ ਗਿਆ, ਉਸਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਸੇਵਾਦਾਰਾਂ ਤੇ ਗਊਸ਼ਾਲਾ ਡਾਕਟਰਾਂ ਦਾ ਕਹਿਣਾ ਹੈ ਕਿ ਜਿਹੜਾ ਤੇਜ਼ਾਬ ਸਾਨ੍ਹਾਂ ਉੱਪਰ ਪਾਇਆ ਹੈ, ਕਾਫੀ ਤੇਜ਼, ਜਾਨਲੇਵਾ ਹੈ, ਜਿਸ ਕਰ ਕੇ 2 ਸਾਨ੍ਹਾਂ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ।
ਵਿਭਾਗ ਦੀ ਅਣਗਹਿਲੀ ਕਾਰਨ ਅੰਬ ਦਾ ਖੋਖਲਾ ਦਰੱਖਤ ਵਾਹਨਾਂ 'ਤੇ ਡਿੱਗਿਆ
NEXT STORY