ਖੰਨਾ(ਸੁਨੀਲ)-ਸ਼ਹਿਰ ਦੇ ਮੀਟ ਮਾਰਕੀਟ ਇਲਾਕੇ 'ਚ ਨਾਜਾਇਜ਼ ਸ਼ਰਾਬ ਦੀ ਵਿਕਰੀ 'ਤੇ ਪੁਲਸ ਦੁਆਰਾ ਲਾਈ ਗਈ ਰੋਕ ਦੇ ਬਾਅਦ ਇਸ ਧੰਦੇ 'ਚ ਜੁੜੇ ਕੁੱਝ ਸਮੱਗਲਰਾਂ ਦਾ ਗੁੱਸਾ ਅੱਜ ਰਾਤ ਨੂੰ ਸ਼ਰਾਬ ਦੇ ਠੇਕੇ 'ਤੇ ਫੁੱਟ ਗਿਆ। ਨਾਜਾਇਜ਼ ਸ਼ਰਾਬ ਵੇਚਣ ਵਾਲੇ ਕੁੱਝ ਲੋਕਾਂ ਨੇ ਆਪਣੇ ਸਾਥੀਆਂ ਨਾਲ ਮਿਲਕੇ ਜਿੱਥੇ ਸ਼ਰਾਬ ਦੇ ਠੇਕੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਉਥੇ ਹੀ ਇਕ ਕਰਿੰਦੇ ਨੂੰ ਦਾਤ ਨਾਲ ਬੁਰੀ ਤਰ੍ਹਾਂ ਕੱਟਿਆ ਤੇ ਦੂਜੇ ਨੇ ਭੱਜ ਕੇ ਆਪਣੀ ਜਾਨ ਬਚਾਈ। ਆਨਨ-ਫਾਨਨ ਠੇਕੇਦਾਰਾਂ ਨੂੰ ਪਤਾ ਚੱਲਿਆ ਤਾਂ ਉਨ੍ਹਾਂ ਨੇ ਮੌਕੇ 'ਤੇ ਪਹੁੰਚ ਲਹੂ ਨਾਲ ਲਿਬੜੇ ਕਰਿੰਦੇ ਨੂੰ ਸਿਵਲ ਹਸਪਤਾਲ ਖੰਨਾ 'ਚ ਭਰਤੀ ਕਰਵਾਇਆ, ਉਥੇ ਐੱਮ. ਐੱਲ. ਆਰ. ਕੱਟਣ ਦੇ ਨਾਲ-ਨਾਲ ਘਟਨਾ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਸੀ। ਸਿਵਲ ਹਸਪਤਾਲ 'ਚ ਇਲਾਜ ਅਧੀਨ ਹਰਪਾਲ ਸਿੰਘ (23) ਪੁੱਤਰ ਦਰਸ਼ਨ ਸਿੰਘ ਨਿਵਾਸੀ ਖੰਨਾ ਨੇ ਦੱਸਿਆ ਕਿ ਉਹ ਅਮਲੋਹ ਰੋਡ ਸਬਜ਼ੀ ਮੰਡੀ ਸਾਹਮਣੇ ਠੇਕੇ 'ਤੇ ਕਰਿੰਦਾ ਹੈ। ਰਾਤ ਕਰੀਬ ਸਾਢੇ 10 ਵਜੇ 15-16 ਲੋਕ ਆਏ, ਜਿਨ੍ਹਾਂ ਦੇ ਹੱਥਾਂ 'ਚ ਕਿਰਪਾਨਾਂ, ਦਾਤ, ਬੇਸਬਾਲ ਸਨ। ਇਨ੍ਹਾਂ 'ਚੋਂ ਕੁੱਝ ਨੂੰ ਉਹ ਪਛਾਣਦਾ ਵੀ ਹੈ, ਜੋ ਮੀਟ ਮਾਰਕੀਟ 'ਚ ਨਾਜਾਇਜ਼ ਸ਼ਰਾਬ ਵੇਚਣ ਦਾ ਕੰਮ ਕਰਦੇ ਹਨ। ਇਨ੍ਹਾਂ ਨੇ ਆਉਂਦੇ ਹੀ ਠੇਕੇ 'ਤੇ ਹਮਲਾ ਕਰ ਦਿੱਤਾ ਤੇ ਉਸ 'ਤੇ ਦਾਤ ਨਾਲ ਹਮਲਾ ਕਰਦੇ ਹੋਏ ਉਸਦੇ ਸਰੀਰ 'ਤੇ ਡੂੰਘੇ ਟੱਕ ਲਾਏ। ਇਸ ਦੌਰਾਨ ਦੂਜੇ ਕਰਿੰਦੇ ਚਮਨ ਲਾਲ ਨੇ ਭੱਜ ਕੇ ਜਾਨ ਬਚਾਈ। ਹਰਪਾਲ ਸਿੰਘ ਦਾ ਦੋਸ਼ ਹੈ ਕਿ ਪੁਲਸ ਦੁਆਰਾ ਮੀਟ ਮਾਰਕੀਟ 'ਚ ਨਾਜਾਇਜ਼ ਸ਼ਰਾਬ ਦੀ ਬਿਕਰੀ ਬੰਦ ਕਰ ਦਿੱਤੀ ਹੈ। ਜਿਸ ਕਾਰਨ ਇਹ ਲੋਕ ਹੁਣ ਆਪਣਾ ਧੰਦਾ ਕਿਤੇ ਹੋਰ ਜਾ ਕੇ ਕਰਦੇ ਹਨ। ਇਸ ਰੰਜ਼ਿਸ਼ 'ਚ ਇਨ੍ਹਾਂ ਲੋਕਾਂ ਨੇ ਠੇਕੇ 'ਤੇ ਹਮਲਾ ਕੀਤਾ। ਉੱਧਰ, ਸੂਚਨਾ ਮਿਲਣ ਦੇ ਬਾਅਦ ਪੁਲਸ ਅਧਿਕਾਰੀ ਮੌਕੇ 'ਤੇ ਪੁੱਜੇ ਤੇ ਜਾਇਜ਼ਾ ਲੈਣ ਦੇ ਨਾਲ-ਨਾਲ ਜ਼ਖ਼ਮੀ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ।
ਰਾਹਗੀਰਾਂ ਤੋਂ ਮੋਬਾਇਲ ਖੋਹਣ ਵਾਲੇ ਗਿਰੋਹ ਦੇ 4 ਮੈਂਬਰ ਕਾਬੂ
NEXT STORY