ਜਲੰਧਰ (ਖੁਰਾਣਾ)-ਨਗਰ ਨਿਗਮ ਦੇ ਪੁਰਾਣੇ ਹਾਊਸ ਦੀ ਮਿਆਦ ਖ਼ਤਮ ਹੋ ਚੁੱਕੀ ਹੈ ਅਤੇ ਇਸ ਸਮੇਂ ਜਲੰਧਰ ਨਿਗਮ ਵਿਚ ਆਮ ਲੋਕਾਂ ਦੀ ਕੋਈ ਪ੍ਰਤੀਨਿਧਤਾ ਨਹੀਂ ਹੈ। ਭਾਵੇਂ ਸ਼ਹਿਰ ਦੇ ਵਿਧਾਇਕ ਅਕਸਰ ਨਿਗਮ ਦੇ ਕੰਮਕਾਜ ਵਿਚ ਦਖ਼ਲਅੰਦਾਜ਼ੀ ਕਰਦੇ ਹੀ ਰਹਿੰਦੇ ਹਨ ਪਰ ਫਿਰ ਵੀ ਕੌਂਸਲਰਾਂ ਦੀ ਗੈਰਹਾਜ਼ਰੀ ਆਮ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਰਹੀ ਹੈ। ਇਹੀ ਕਾਰਨ ਹੈ ਕਿ ਅੱਜਕਲ ਨਿਗਮ ਕੰਪਲੈਕਸ ਅਤੇ ਹੋਰ ਥਾਵਾਂ ’ਤੇ ਧਰਨੇ-ਪ੍ਰਦਰਸ਼ਨਾਂ ਦੇ ਮਾਮਲੇ ਵਧ ਰਹੇ ਹਨ। ਅਗਲੀਆਂ ਨਿਗਮ ਚੋਣਾਂ ’ਚ ਅਜੇ ਕੁਝ ਸਮਾਂ ਬਾਕੀ ਹੈ ਅਤੇ ਅਜਿਹੇ ’ਚ ਜ਼ਿਆਦਾਤਰ ਪਾਰਟੀਆਂ ਨਾਲ ਜੁੜੇ ਆਗੂ ਆਉਣ ਵਾਲੀਆਂ ਨਿਗਮ ਚੋਣਾਂ ਲਈ ਦੌੜ-ਭੱਜ ਵੀ ਕਰ ਰਹੇ ਹਨ ਪਰ ਇਸ ਦੌਰਾਨ ਅਪਰਾਧਿਕ ਪਿਛੋਕੜ ਵਾਲੇ ਕੁਝ ਲੋਕ ਵੀ ਇਨ੍ਹਾਂ ਚੋਣਾਂ ’ਚ ਉਮੀਦਵਾਰ ਬਣਨ ਦੀ ਕੋਸ਼ਿਸ਼ ’ਚ ਲੱਗੇ ਹੋਏ ਹਨ, ਜਿਨ੍ਹਾਂ ਨੂੰ ਲੈ ਕੇ ਸ਼ਹਿਰ ’ਚ ਕਾਫ਼ੀ ਚਰਚਾ ਵੀ ਚੱਲ ਰਹੀ ਹੈ। ਨਿਗਮ ਚੋਣਾਂ ਵਿਚ ਆਪਣੀ ਦਾਅਵੇਦਾਰੀ ਕਰਕੇ ਅਜਿਹੇ ਲੋਕਾਂ ਨੇ ਜਿੱਥੇ ਵਾਰਡਾਂ ਅਤੇ ਹੋਰ ਸਿਆਸੀ ਖੇਤਰਾਂ ਵਿਚ ਆਪਣੀਆਂ ਸਰਗਰਮੀਆਂ ਵਧਾਈਆਂ ਹੋਈਆਂ ਹਨ, ਉੱਥੇ ਹੀ ਲੋਕਾਂ ਵਿਚ ਜਾ ਕੇ ਵੱਖ-ਵੱਖ ਆਪਣਾ ਛੋਟਾ-ਮੋਟਾ ਕੰਮ ਕਰਵਾਉਣ ਅਤੇ ਵੱਖ-ਵੱਖ ਬਹਾਨਿਆਂ ਨਾਲ ਹੋਰਡਿੰਗ ਆਦਿ ਲਾਉਣ ਦਾ ਕੰਮ ਵੀ ਜ਼ੋਰਾਂ ’ਤੇ ਹੈ।
ਇਹ ਵੀ ਪੜ੍ਹੋ : ਜਲੰਧਰ ਸ਼ਹਿਰ ਦੇ ਕੋਨੇ-ਕੋਨੇ ’ਤੇ ਪੈਰਾ-ਮਿਲਟਰੀ ਫੋਰਸ ਤਾਇਨਾਤ, ਇੰਟਰਨੈੱਟ ਸੇਵਾਵਾਂ ਅੱਜ ਵੀ ਰਹਿਣਗੀਆਂ ਬੰਦ
ਪਰਚਿਆਂ ਦੀ ਡਿਟੇਲ ਕਢਵਾ ਰਹੇ ਹਨ ਵਿਰੋਧੀ ਉਮੀਦਵਾਰ
ਜਲੰਧਰ ਨਿਗਮ ਦੇ ਪਿਛਲੇ ਹਾਊਸ ਦੀ ਗੱਲ ਕਰੀਏ ਤਾਂ ਸਾਰੇ 80 ਵਾਰਡਾਂ ਤੋਂ ਜਿਹੜੇ ਕੌਂਸਲਰ ਚੁਣ ਕੇ ਆਏ ਸਨ, ਉਨ੍ਹਾਂ ਵਿਚੋਂ ਸ਼ਾਇਦ ਇਕ ਵੀ ਅਪਰਾਧਿਕ ਪਿਛੋਕੜ ਵਾਲਾ ਨਹੀਂ ਸੀ। ਭਾਵੇਂ ਇਕ-ਦੋ ਕੌਂਸਲਰਾਂ ’ਤੇ ਪੁਲਸ ਕੇਸ ਜ਼ਰੂਰ ਸਨ ਪਰ ਉਹ ਗੰਭੀਰ ਜਾਂ ਅਪਰਾਧਿਕ ਕਿਸਮ ਦੇ ਨਹੀਂ ਸਨ। ਹੁਣ ਅਗਲੀਆਂ ਨਿਗਮ ਚੋਣਾਂ ’ਚ ਕੁਝ ਅਜਿਹੇ ਲੋਕ ਉਮੀਦਵਾਰ ਬਣਨ ਦੀ ਕੋਸ਼ਿਸ਼ ਕਰ ਰਹੇ ਹਨ, ਜਿਨ੍ਹਾਂ ’ਤੇ 6-6 ਪੁਲਸ ਕੇਸ ਦਰਜ ਹਨ ਅਤੇ ਉਹ ਵੀ ਗੰਭੀਰ ਧਾਰਾਵਾਂ ਤਹਿਤ। ਅਜਿਹੇ ’ਚ ਉਹ ਲੋਕ ਉਨ੍ਹਾਂ ਦੇ ਪਰਚਿਆਂ ਦੀ ਡਿਟੇਲ ਕਢਵਾ ਰਹੇ ਹਨ, ਜੋ ਉਨ੍ਹਾਂ ਦੇ ਸਾਹਮਣੇ ਨਿਗਮ ਚੋਣਾਂ ਵਿਚ ਖੜ੍ਹੇ ਹੋ ਸਕਦੇ ਹਨ। ਇਹੀ ਕਾਰਨ ਹੈ ਕਿ ਆਉਣ ਵਾਲੀਆਂ ਚੋਣਾਂ ਵਿਚ ਕੁਝ ਵਾਰਡਾਂ ਵਿਚ ਗੜਬੜੀ ਜਾਂ ਹਿੰਸਾ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ।
ਟਿਕਟਾਂ ਦੀ ਵੰਡ ’ਤੇ ਨਿਰਭਰ ਕਰੇਗੀ ਜਿੱਤ
ਕਿਸੇ ਵੀ ਚੋਣ ਵਿਚ ਟਿਕਟਾਂ ਦੀ ਵੰਡ ਅਤੇ ਸਹੀ ਉਮੀਦਵਾਰ ਦੀ ਚੋਣ ਸਬੰਧੀ ਫ਼ੈਸਲਾ ਬਹੁਤ ਅਹਿਮ ਹੁੰਦਾ ਹੈ। ਇਨ੍ਹਾਂ ਨਿਗਮ ਚੋਣਾਂ ਵਿਚ ਵੀ ਸਾਰੀਆਂ ਸਿਆਸੀ ਪਾਰਟੀਆਂ ਦੀ ਜਿੱਤ ਦੀ ਸੰਭਾਵਨਾ ਟਿਕਟਾਂ ਦੀ ਵੰਡ ਪ੍ਰਕਿਰਿਆ ’ਤੇ ਨਿਰਭਰ ਕਰੇਗੀ। ਸਭ ਤੋਂ ਵੱਡੀ ਮੁਸ਼ਕਲ ਸੱਤਾਧਾਰੀ ਪਾਰਟੀ ਭਾਵ ਆਮ ਆਦਮੀ ਪਾਰਟੀ ਨੂੰ ਆ ਸਕਦੀ ਹੈ, ਜਿੱਥੇ ਪਾਰਟੀ ਸੰਗਠਨ ਅਤੇ ਲੋਕ ਨੁਮਾਇੰਦਿਆਂ ਵਿਚਾਲੇ ਟਕਰਾਅ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਇਸ ਸਮੇਂ ਆਮ ਆਦਮੀ ਪਾਰਟੀ ਦੇ ਸੰਗਠਨ ਵਿਚ ਵੀ ਕੁਝ ਲੋਕ ਕਾਫੀ ਤਾਕਤਵਰ ਹਨ ਅਤੇ ਉਨ੍ਹਾਂ ਨੇ ਕਈਆਂ ਨੂੰ ਨਿਗਮ ਚੋਣਾਂ ਵਿਚ ਟਿਕਟ ਦਿਵਾਉਣ ਦਾ ਭਰੋਸਾ ਦਿੱਤਾ ਹੋਇਆ ਹੈ। ਦੂਜੇ ਪਾਸੇ ਚੁਣੇ ਗਏ ਵਿਧਾਇਕ ਜਾਂ ਹਲਕਾ ਇੰਚਾਰਜ ਆਪਣੇ-ਆਪਣੇ ਪੱਧਰ ’ਤੇ ਉਮੀਦਵਾਰਾਂ ਦੀ ਚੋਣ ਕਰੀ ਬੈਠੇ ਹਨ, ਇਸ ਲਈ ਮੰਨਿਆ ਜਾ ਰਿਹਾ ਹੈ ਕਿ ਟਿਕਟਾਂ ਦੀ ਵੰਡ ਵੇਲੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵਿਚ ਮਤਭੇਦ ਪੈਦਾ ਹੋ ਸਕਦੇ ਹਨ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਤੇ ਗੈਂਗਸਟਰਾਂ ਦੇ ਮੁੱਦੇ ’ਤੇ ਖੁੱਲ੍ਹ ਕੇ ਬੋਲੇ ਮੁੱਖ ਮੰਤਰੀ ਭਗਵੰਤ ਮਾਨ, ਕਹੀਆਂ ਵੱਡੀਆਂ ਗੱਲਾਂ
ਇਹੀ ਹਾਲਤ ਭਵਿੱਖ ਵਿਚ ਕਾਂਗਰਸ ਦੀ ਵੀ ਹੋ ਸਕਦੀ ਹੈ। ਖਾਸ ਗੱਲ ਇਹ ਹੈ ਕਿ ਇਸ ਵਾਰ ਵਾਰਡਬੰਦੀ ਦਾ ਕੰਮ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਮਰਜ਼ੀ ਨਾਲ ਹੋਇਆ ਹੈ। ਅਜਿਹੇ ਵਿਚ ਕਈ ਕਾਂਗਰਸੀ ਕੱਦਾਵਰਾਂ ਦੇ ਵਾਰਡਾਂ ਨਾਲ ਭਾਰੀ ਛੇੜਛਾੜ ਕੀਤੀ ਗਈ ਹੈ। ਅਜਿਹੀ ਸਥਿਤੀ ’ਚ ਕੁਝ ਕਾਂਗਰਸੀ ਉਮੀਦਵਾਰ ਹੋਰ ਵਾਰਡਾਂ ’ਚ ਜਾਣ ਅਤੇ ਟਿਕਟ ਲੈਣ ਦੀ ਕੋਸ਼ਿਸ਼ ਕਰਨਗੇ। ਟਿਕਟ ਨਾ ਮਿਲਣ ’ਤੇ ਕੁਝ ਕਾਂਗਰਸੀ ਆਲੇ-ਦੁਆਲੇ ਦੇ ਵਾਰਡਾਂ ’ਚੋਂ ਆਜ਼ਾਦ ਵੀ ਖੜ੍ਹੇ ਹੋ ਸਕਦੇ ਹਨ, ਇਸ ਲਈ ਆਉਣ ਵਾਲਾ ਸਮਾਂ ਜਲੰਧਰ ਦੀ ਸਿਆਸਤ ’ਚ ਕਾਫੀ ਹਲਚਲ ਵਾਲਾ ਹੋਵੇਗਾ। ਇਸ ਮਾਮਲੇ ਵਿਚ ਭਾਜਪਾ ਨੂੰ ਬਹੁਤ ਸੰਜਮ ਵਾਲੀ ਪਾਰਟੀ ਮੰਨਿਆ ਜਾਂਦਾ ਹੈ, ਇਸ ਲਈ ਇਸ ਪਾਰਟੀ ਨੂੰ ਟਿਕਟਾਂ ਦੀ ਵੰਡ ਵਿਚ ਜ਼ਿਆਦਾ ਮੁਸ਼ਕਲ ਪੇਸ਼ ਨਹੀਂ ਆਵੇਗੀ।
ਇਹ ਵੀ ਪੜ੍ਹੋ : ਮੰਤਰੀ ਧਾਲੀਵਾਲ ਬੋਲੇ, ਖਾਲਿਸਤਾਨ ਦਾ ਪੰਜਾਬ ’ਚ ਕੋਈ ਰੌਲਾ ਨਹੀਂ, ਅੰਮ੍ਰਿਤਪਾਲ ਨੂੰ ਲੈ ਕੇ ਸਰਕਾਰ ਨੇ ਦੇ ਦਿੱਤਾ ਜਵਾਬ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਵਿਛੀਆਂ ਫ਼ਸਲਾਂ ਵੇਖ ਕਿਸਾਨਾਂ ਦੀਆਂ ਅੱਖਾਂ 'ਚੋਂ ਵਗ ਰਿਹੈ ਨੀਰ, ਪ੍ਰਤੀ ਏਕੜ ਪਵੇਗਾ 15,000 ਦਾ ਘਾਟਾ
NEXT STORY