ਅੰਮ੍ਰਿਤਸਰ, (ਦਲਜੀਤ)- ਗੁਰੂ ਨਾਨਕ ਦੇਵ ਹਸਪਤਾਲ ਦੇ ਡਾਇਗਨੋਸਟਿਕ ਸੈਂਟਰ ਦੀ ਕਰੋਡ਼ਾਂ ਰੁਪਏ ਮਸ਼ੀਨਰੀ ਅੱਜ ਭਾਰੀ ਬਰਸਾਤ ਕਾਰਨ ਪਾਣੀ ਵਿਚ ਡੁੱਬ ਗਈ। ਸੈਂਟਰ ’ਚ ਪਾਣੀ ਆਉਣ ਕਾਰਨ ਅੱਜ 100 ਤੋਂ ਵੱਧ ਮਰੀਜ਼ਾਂ ਦੇ ਨਾ ਤਾਂ ਅਲਟਰਾਸਾਊਂਡ ਟੈਸਟ ਹੋਏ ਤੇ ਨਾ ਹੀ ਹੋਰ ਕਈ ਮਹੱਤਵਪੂਰਨ ਟੈਸਟ ਹੋਏ। ਡਾਇਗਨੋਸਟਿਕ ਸੈਂਟਰ ਦੀ ਇਮਾਰਤ ਦੇ ਰੱਖ-ਰਖਾਅ ਦੀ ਜ਼ਿੰਮੇਵਾਰੀ ਬੀ. ਐਂਡ ਆਰ. ਅਤੇ ਪਬਲਿਕ ਹੈਲਥ ਦੇ ਅਧਿਕਾਰੀਆਂ ਵੱਲੋਂ ਲੈਣ ਤੋਂ ਭੱਜਿਆ ਜਾ ਰਿਹਾ ਹੈ। ਮੈਂਬਰ ਪਾਰਲੀਮੈਂਟ ਨੇ ਮੌਕੇ ’ਤੇ ਪੁੱਜ ਕੇ ਦੋਵਾਂ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਫਿਟਕਾਰ ਲਾਉਂਦਿਆਂ ਇਕ ਹਫਤੇ ਵਿਚ ਇਮਾਰਤ ਦੀ ਮੁਰੰਮਤ ਕਰਨ ਦੀ ਹਦਾਇਤ ਕੀਤੀ।
®ਜਾਣਕਾਰੀ ਅਨੁਸਾਰ ਡਾਇਗਨੋਸਟਿਕ ਸੈਂਟਰ ’ਚ 75-75 ਲੱਖ ਦੀਆਂ ਅਤਿ-ਆਧੁਨਿਕ 8 ਅਲਟਰਾਸਾਊਂਡ ਮਸ਼ੀਨਾਂ ਤੋਂ ਇਲਾਵਾ ਕਰੋਡ਼ਾਂ ਰੁਪਏ ਦੀ ਮਸ਼ੀਨਰੀ ਉਪਲਬਧ ਹੈ। 3 ਸਾਲ ਪਹਿਲਾਂ ਡਾਇਗਨੋਸਟਿਕ ਸੈਂਟਰ ਦੀ ਇਹ ਇਮਾਰਤ ਇਕ ਪ੍ਰਾਈਵੇਟ ਕੰਪਨੀ ਵੱਲੋਂ ਬਣਾਈ ਗਈ ਸੀ। ਕੰਪਨੀ ਵੱਲੋਂ ਇਮਾਰਤ ਬਣਾਉਣ ਦੇ ਬਾਵਜੂਦ ਬੀ. ਐਂਡ ਆਰ. ਤੇ ਪਬਲਿਕ ਹੈਲਥ ਵਿਭਾਗ ਨੇ ਅਜੇ ਤੱਕ ਇਹ ਇਮਾਰਤ ਆਪਣੇ ਅਧੀਨ ਨਹੀਂ ਲਿਅਾਂਦੀ, ਜਿਸ ਕਾਰਨ ਬਰਸਾਤ ਦੇ ਦਿਨਾਂ ’ਚ ਪਾਣੀ ਸਿੱਧਾ ਅਲਟਰਾਸਾਊਂਡ ਅਤੇ ਹੋਰ ਮਹੱਤਵਪੂਰਨ ਟੈਸਟ ਕਰਨ ਵਾਲੇ ਕਮਰਿਆਂ ਵਿਚ ਚਲਾ ਜਾਂਦਾ ਹੈ। ਅੱਜ 2-2 ਫੁੱਟ ਪਾਣੀ ਸੈਂਟਰ ਵਿਚ ਚਲਾ ਗਿਆ। ਸੈਂਟਰ ਦੇ ਇੰਚਾਰਜ ਡਾ. ਰਮੇਸ਼ ਵੱਲੋਂ ਸਫਾਈ ਮੁਲਾਜ਼ਮਾਂ ਦੀ ਸਹਾਇਤਾ ਨਾਲ ਮਸ਼ੀਨਰੀ ਤਾਂ ਬਚਾਅ ਲਈ ਗਈ ਪਰ ਅੱਜ 100 ਤੋਂ ਵੱਧ ਮਰੀਜ਼ਾਂ ਦੇ ਟੈਸਟ ਨਹੀਂ ਹੋ ਸਕੇ।
ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਹਸਪਤਾਲ ਦੇ ਕਈ ਵਾਰਡਾਂ ਵਿਚ ਵੀ ਪਾਣੀ ਚਲਾ ਗਿਆ, ਜਿਸ ਕਾਰਨ ਮਰੀਜ਼ਾਂ ਨੂੰ ਵੀ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਮੌਕੇ ’ਤੇ ਪੁੱਜੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਅੌਜਲਾ ਨੇ ਕਿਹਾ ਕਿ ਸੈਂਟਰ ਦੇ ਇੰਚਾਰਜ ਡਾ. ਰਮੇਸ਼ ਦੀ ਸੂਝਵਾਨੀ ਕਾਰਨ ਕਰੋਡ਼ਾਂ ਦੀ ਮਸ਼ੀਨਰੀ ਦਾ ਨੁਕਸਾਨ ਹੋਣ ਤੋਂ ਬਚਾਅ ਲਿਆ ਗਿਆ ਪਰ ਅਫਸੋਸ ਹੈ ਕਿ ਬੀ. ਐਂਡ ਆਰ. ਤੇ ਪਬਲਿਕ ਹੈਲਥ ਦੇ ਅਧਿਕਾਰੀਆਂ ਦੀ ਲਾਪ੍ਰਵਾਹੀ ਕਾਰਨ ਮਰੀਜ਼ਾਂ ਦੇ ਟੈਸਟ ਨਹੀਂ ਹੋ ਸਕੇ। ਇਮਾਰਤ ਬਣਾਉਣ ਵਾਲੀ ਕੰਪਨੀ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਜੋ ਕਮੀਆਂ-ਪੇਸ਼ੀਆਂ ਹਨ, ਉਨ੍ਹਾਂ ਨੂੰ ਜਲਦ ਠੀਕ ਕਰ ਕੇ ਸਬੰਧਤ ਵਿਭਾਗਾਂ ਨੂੰ ਹੈਂਡਓਵਰ ਕੀਤਾ ਜਾਵੇ। ਜੇਕਰ ਕੰਪਨੀ ਜਾਂ ਵਿਭਾਗਾਂ ਦੇ ਅਧਿਕਾਰੀ ਇਸ ਮਾਮਲੇ ਵਿਚ ਢਿੱਲਮੱਠ ਵਰਤਣਗੇ ਤਾਂ ਉਨ੍ਹਾਂ ਖਿਲਾਫ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਕੀ ਕਹਿੰਦੇ ਹਨ ਸੈਂਟਰ ਦੇ ਇੰਚਾਰਜ : ਸੈਂਟਰ ਇੰਚਾਰਜ ਡਾ. ਰਮੇਸ਼ ਨੇ ਕਿਹਾ ਕਿ ਬਿਲਡਿੰਗ ਦੀ ਹਾਲਤ ਕਾਫੀ ਖਰਾਬ ਹੈ, ਥੋਡ਼੍ਹੀ ਜਿਹੀ ਬਰਸਾਤ ਨਾਲ ਬਿਲਡਿੰਗ ਨਹਿਰ ਦਾ ਰੂਪ ਧਾਰਨ ਕਰ ਲੈਂਦੀ ਹੈ। ਕਈ ਵਾਰ ਮਸ਼ੀਨਰੀ ਨੂੰ ਪਾਣੀ ਤੋਂ ਬਚਾਉਣ ਲਈ ਇਧਰ-ਉਧਰ ਕੀਤਾ ਗਿਆ ਹੈ। ਸਰਕਾਰ ਨੂੰ ਇਸ ਗੰਭੀਰ ਮੁੱਦੇ ਦੇ ਹੱਲ ਲਈ ਸੋਚਣਾ ਚਾਹੀਦਾ ਹੈ।
ਜੇਕਰ ਕਮਰੇ ਦੀ ਖਸਤਾ ਹਾਲਤ ਵੱਲ ਗੰਭੀਰਤਾ ਨਾਲ ਧਿਆਨ ਦਿੱਤਾ ਹੁੰਦਾ ਤਾਂ ਸ਼ਾਇਦ ਅੱਜ 2 ਬੱਚੀਆਂ ਦੀ ਮੌਤ ਨਾ ਹੁੰਦੀ
NEXT STORY