ਫਿਰੋਜ਼ਪੁਰ (ਕੁਮਾਰ, ਮਲਹੋਤਰਾ)–ਪੰਜਾਬ ਦੀਆਂ ਜੇਲਾਂ 'ਚ ਸੀ. ਆਰ. ਪੀ. ਐੱਫ. ਸਮੇਤ 6 ਕੰਪਨੀਆਂ ਤਾਇਨਾਤ ਕੀਤੀਆਂ ਜਾਣਗੀਆਂ ਅਤੇ ਸਾਰੀਆਂ ਜੇਲਾਂ 'ਚ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਗਏ ਹਨ। ਇਹ ਦਾਅਵਾ ਪੰਜਾਬ ਦੇ ਜੇਲ ਅਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜ਼ਿਲਾ ਸ਼ਿਕਾਇਤ ਕਮੇਟੀ ਦੀ ਮੀਟਿੰਗ ਕਰਨ ਉਪਰੰਤ ਆਯੋਜਿਤ ਪੱਤਰਕਾਰ ਸੰਮੇਲਨ 'ਚ ਕੀਤਾ। ਉਨ੍ਹਾਂ ਸੁਖਬੀਰ ਸਿੰਘ ਬਾਦਲ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਇਸ ਗੱਲ 'ਤੇ ਕੀਤੇ ਜਾ ਰਹੇ ਵਿਰੋਧ ਸਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਇਹ ਲੋਕ ਚਾਹੇ ਕਿੰਨੇ ਮਰਜ਼ੀ ਧਰਨੇ ਲਗਾ ਲੈਣ ਪਰ ਪੰਜਾਬ ਦੀਆਂ ਜੇਲਾਂ 'ਚ ਸੀ. ਆਰ. ਪੀ. ਐੱਫ. ਅਤੇ ਹੋਰ ਫੋਰਸਿਸ ਜ਼ਰੂਰ ਤਾਇਨਾਤ ਹੋਣਗੀਆਂ।
ਲੁਧਿਆਣਾ ਜੇਲ 'ਚ ਹੋਈਆਂ ਘਟਨਾਵਾਂ ਸਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਜੇਲਾਂ 'ਚ ਟੀਅਰ ਗੈਸ, ਰਬੜ ਬੁਲੇਟ ਅਤੇ 5 ਕਰੋੜ ਦੀ ਲਾਗਤ ਨਾਲ ਸੁਰੱਖਿਆ ਦੇ ਲਈ ਪੰਜਾਬ ਸਰਕਾਰ ਵੱਲੋਂ ਆਧੁਨਿਕ ਹਥਿਆਰ ਖਰੀਦ ਕਰ ਦਿੱਤੇ ਗਏ ਹਨ ਅਤੇ ਸਕਿਓਰਿਟੀ ਜ਼ੋਨ ਦੀ ਰੀਮਾਡਲਿੰਗ ਕੀਤੀ ਜਾ ਰਹੀ ਹੈ। ਜੇਲ ਮੰਤਰੀ ਨੇ ਦੱਸਿਆ ਕਿ ਪੰਜਾਬ ਦੀਆਂ 6 ਜੇਲਾਂ 'ਚ ਕੋਰਟ ਰੂਮ ਬਣਾ ਕੇ ਦਿੱਤੇ ਗਏ ਹਨ ਅਤੇ ਹੁਣ ਗੈਂਗਸਟਰ ਅਤੇ ਹੋਰ ਅਪਰਾਧੀਆਂ ਨੂੰ ਅਦਾਲਤਾਂ 'ਚ ਨਹੀਂ ਲਿਜਾਇਆ ਜਾਵੇਗਾ, ਬਲਕਿ ਜੇਲ 'ਚ ਹੀ ਆਯੋਜਤ ਕੀਤੀ ਜਾਣ ਵਾਲੀ ਕੋਰਟ 'ਚ ਜੱਜ ਕੇਸਾਂ ਦੀ ਸੁਣਵਾਈ ਕਰਿਆ ਕਰਨਗੇ। ਜੇਲਾਂ 'ਚ 1500 ਕਰਮਚਾਰੀਆਂ ਦੀ ਸ਼ੋਰਟੇਜ ਸੀ, ਜਿਨ੍ਹਾਂ 'ਚੋਂ ਅਸੀਂ 750 ਕਰਮਚਾਰੀਆਂ ਨੂੰ ਤਾਇਨਾਤ ਕਰ ਦਿੱਤਾ ਹੈ ਅਤੇ 50 ਕਰਮਚਾਰੀ ਹੋਰ ਤਾਇਨਾਤ ਕਰਨ ਜਾ ਰਹੇ ਹਾਂ।
ਉਨ੍ਹਾਂ ਦੱਸਿਆ ਕਿ ਜੇਲਾਂ 'ਚ ਪੋਰਟੇਬਲ ਜੈਮਰ ਲਾਏ ਜਾ ਰਹੇ ਹਨ ਅਤੇ ਬੀ. ਐੱਸ. ਐੱਨ. ਐੱਲ. ਦੇ ਨਾਲ ਸੰਪਰਕ ਕਰਨ ਦੇ ਸਾਰੀਆਂ ਜੇਲਾਂ ਦੀਆਂ ਸਾਰੀਆਂ ਬੈਰਕਾਂ ਦੇ ਬਾਹਰ ਫੋਨ ਲਾਏ ਜਾਣਗੇ, ਜਿਥੇ ਹਰ ਹਵਾਲਾਤੀ ਆਪਣੇ ਘਰ ਅਤੇ ਵਕੀਲਾਂ ਦੇ ਦਿੱਤੇ ਗਏ 2 ਨੰਬਰਾਂ 'ਤੇ 8 ਮਿੰਟ ਤੱਕ ਫੋਨ ਕਾਲ ਕਰ ਸਕਿਆ ਕਰਨਗੇ। ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ 'ਚ ਕੈਪਟਨ ਸਰਕਾਰ ਨੇ ਨਸ਼ਿਆਂ ਨੂੰ ਖਤਮ ਕਰਨ ਦਾ ਸੰਕਲਪ ਲਿਆ ਹੈ ਅਤੇ ਨਸ਼ਾ ਖਤਮ ਕਰਨ 'ਚ ਬਹੁਤ ਜ਼ਿਆਦਾ ਹੱਦ ਤੱਕ ਸਾਡੀ ਸਰਕਾਰ ਸਫਲ ਹੋਈ ਹੈ।
ਸਰਕਾਰੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਵਾਏ ਜਾਣਗੇ
ਅੱਜ ਦੀ ਜ਼ਿਲਾ ਸ਼ਿਕਾਇਤ ਕਮੇਟੀ 'ਚ ਕਰੀਬ ਇਕ ਕਰੋੜ 11 ਲੱਖ ਦਾ ਫਰਾਡ ਕਰਨ ਵਾਲੇ ਕਾਨੂੰਨਗੋ ਖਿਲਾਫ ਮੁਕੱਦਮਾ ਦਰਜ ਕਰਨ ਦੇ ਐੱਸ. ਐੱਸ. ਪੀ. ਫਿਰੋਜ਼ਪੁਰ ਨੂੰ ਹੁਕਮ ਦਿੱਤੇ ਗਏ ਹਨ। ਫਿਰੋਜ਼ਪੁਰ-ਜ਼ੀਰਾ ਆਦਿ ਦੇ ਪਿੰਡਾਂ 'ਚ ਜਿਨ੍ਹਾਂ ਲੋਕਾਂ ਨੇ ਸਰਕਾਰੀ ਅਤੇ ਪੰਚਾਇਤੀ ਜ਼ਮੀਨਾਂ 'ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ, ਉਨ੍ਹਾਂ ਜ਼ਮੀਨਾਂ ਤੋਂ ਜਲਦ ਨਾਜਾਇਜ਼ ਕਬਜ਼ੇ ਛੁਡਵਾਏ ਜਾਣਗੇ ਅਤੇ ਅੱਜ ਤੋਂ ਹੀ ਜ਼ਿਲਾ ਫਿਰੋਜ਼ਪੁਰ ਪ੍ਰਸ਼ਾਸਨ ਅਤੇ ਪੁਲਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਜ਼ੀਰਾ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਡਿਪਟੀ ਕਮਿਸ਼ਨਰ ਫਿਰੋਜ਼ਪੁਰ ਚੰਦਰ ਗੈਂਦ, ਐੱਸ. ਐੱਸ. ਪੀ. ਸੰਦੀਪ ਗੋਇਲ, ਐੱਸ. ਪੀ. ਮਨਵਿੰਦਰ ਸਿੰਘ ਅਤੇ ਐੱਸ. ਡੀ. ਐੱਮ. ਅਮਿਤ ਗੁਪਤਾ ਆਦਿ ਮੌਜੂਦ ਸਨ।
ਮੋਦੀ ਸਰਕਾਰ 550ਵੇਂ ਪ੍ਰਕਾਸ਼ ਪੁਰਬ ਲਈ ਤੁਰੰਤ 550 ਕਰੋੜ ਰੁਪਏ ਦੀ ਰਾਸ਼ੀ ਐਲਾਨੇ : ਭਗਵੰਤ ਮਾਨ
NEXT STORY