ਚੰਡੀਗੜ੍ਹ (ਰਮਨਜੀਤ)- ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਲਈ ਕੇਂਦਰ ਦੀ ਮੋਦੀ ਸਰਕਾਰ ਕੋਲੋਂ 550 ਕਰੋੜ ਰੁਪਏ ਦੇ ਵਿਸ਼ੇਸ਼ ਫੰਡ ਦੀ ਮੰਗ ਕੀਤੀ ਹੈ। ਪਾਰਟੀ ਹੈੱਡਕੁਆਰਟਰ ਵਲੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਦੁਨੀਆ ਭਰ 'ਚ ਵਸਦੀ ਨਾਨਕ ਨਾਮ ਲੇਵਾ ਸੰਗਤ ਕਿੰਨਾ ਮਾਣ ਮਹਿਸੂਸ ਕਰਦੀ, ਜੇਕਰ ਮੋਦੀ ਸਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਲਈ ਆਪਣੇ ਬਜਟ 'ਚ 550 ਕਰੋੜ ਰੁਪਏ ਉਚੇਚੇ ਤੌਰ 'ਤੇ ਰਾਖਵੇਂ ਰੱਖ ਕੇ 'ਸਰਬਤ ਦੇ ਭਲੇ' ਦਾ ਵਿਸ਼ਵ ਵਿਆਪੀ ਸੰਦੇਸ਼ ਦੇਣ ਵਾਲੇ 'ਜਗਤ ਗੁਰੂ' ਨੂੰ ਨਤਮਸਤਕ ਹੁੰਦੀ ਪਰ ਹੈਰਾਨੀ ਦੀ ਗੱਲ ਹੈ ਕਿ ਭਾਜਪਾ ਲੀਡਰਸ਼ਿਪ ਤਾਂ ਛੱਡੋ ਖੁਦ ਨੂੰ ਪੰਥ ਦਾ ਝੰਡਾਬਰਦਾਰ ਕਹਾਉਣ ਵਾਲੇ ਬਾਦਲ ਪਰਿਵਾਰ ਦੇ ਦੋਨੋਂ ਮੈਂਬਰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਸੰਸਦ ਮੈਂਬਰ ਸੁਖਬੀਰ ਬਾਦਲ ਕੇਂਦਰ ਸਰਕਾਰ ਦਾ ਖੁਦ ਹਿੱਸਾ ਹਨ ਅਤੇ ਜਦੋਂ ਵਿੱਤ ਮੰਤਰੀ ਬਜਟ ਪੇਸ਼ ਕਰ ਰਹੇ ਸਨ ਤਾਂ ਸਦਨ 'ਚ ਮੌਜੂਦ ਸਨ ਪਰ ਦੋਵਾਂ ਨੇ ਬਜਟ 'ਚ ਪੰਜਾਬ ਨਾਲ ਹੋਏ ਪੱਖਪਾਤ 'ਤੇ ਤਾਂ ਕੀ ਬੋਲਣਾ ਸੀ, ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਵਿਸ਼ੇਸ਼ ਬਜਟ ਲਈ ਮੂੰਹ ਤੱਕ ਨਹੀਂ ਖੋਲ੍ਹਿਆ। ਮਾਨ ਨੇ ਦੱਸਿਆ ਕਿ ਜਦ ਉਨ੍ਹਾਂ ਸੰਸਦ 'ਚ ਇਹ ਮੁੱਦਾ ਉਠਾਇਆ ਅਤੇ ਘੱਟੋ-ਘੱਟ 550 ਕਰੋੜ ਰੁਪਏ ਦੀ ਮੰਗ ਉਠਾਈ ਤਾਂ ਵੀ ਬਾਦਲਾਂ ਨੇ ਇਸ ਮੰਗ ਦੀ ਤਾਕੀਦ ਕਰਨਾ ਮੁਨਾਸਿਬ ਨਹੀਂ ਸਮਝਿਆ।
ਸੁਖਬੀਰ ਬਾਦਲ ਨੇ ਆਪਣੇ ਪਲੇਠੇ ਭਾਸ਼ਣ 'ਚ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਅਤੇ ਇਸ ਲਈ ਵਿਸ਼ੇਸ਼ ਫੰਡ ਦਾ ਜ਼ਿਕਰ ਤੱਕ ਨਹੀਂ ਕੀਤਾ। ਭਗਵੰਤ ਮਾਨ ਨੇ ਮੋਦੀ ਸਰਕਾਰ ਤੋਂ ਮੰਗ ਕੀਤੀ ਕਿ ਬਜਟ 'ਚ ਵਿਸ਼ੇਸ਼ ਵਿਵਸਥਾ ਕਰ ਕੇ ਪ੍ਰਕਾਸ਼ ਪੁਰਬ ਲਈ 550 ਕਰੋੜ ਰੁਪਏ ਤੁਰੰਤ ਐਲਾਨੇ ਜਾਣ, ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਸਿਰਫ਼ ਸਿੱਖਾਂ ਦੇ ਗੁਰੂ ਨਹੀਂ ਸਨ, ਸਗੋਂ ਉਹ ਸਾਰੇ ਫਿਰਕਿਆਂ ਦੇ ਸਾਂਝੇ ਗੁਰੂ ਸਨ।
ਰਜਵਾਹੇ 'ਚੋਂ ਮਿਲੀ ਦੋਸਤ ਨਾਲ ਘਰੋਂ ਗਏ ਨੌਜਵਾਨ ਦੀ ਲਾਸ਼
NEXT STORY