ਹੁਸ਼ਿਆਰਪੁਰ (ਘੁੰਮਣ)- ਪੰਜਾਬ ਵਿਚ ਗਰਮੀ ਨੇ ਆਪਣਾ ਕਹਿਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਗਰਮੀ ਦੇ ਮੌਸਮ ਵਿਚ ਵਧਦੇ ਤਾਪਮਾਨ ਕਾਰਨ ਗਰਮੀ ਤੋਂ ਹੋਣ ਵਾਲੀਆਂ ਬੀਮਾਰੀਆਂ ਜਿਵੇਂ ਕਿ ਲੂ ਲੱਗਣ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਸਿਵਲ ਸਰਜਨ ਹੁਸ਼ਿਆਰਪੁਰ ਡਾ. ਪਵਨ ਕੁਮਾਰ ਸ਼ਗੋਤਰਾ ਵੱਲੋਂ ਲੋਕਾਂ ਨੂੰ ਗਰਮੀ ਕਾਰਨ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਅ ਲਈ ਲੋੜੀਂਦੇ ਉਪਰਾਲੇ ਕਰਨ ਦੀ ਅਪੀਲ ਕੀਤੀ ਗਈ ਹੈ। ਹੁਸ਼ਿਆਰਪੁਰ ਵਿਚ ਵੀ ਤਾਪਮਾਨ 43 ਡਿਗਰੀ 'ਤੇ ਪਹੁੰਚ ਗਿਆ ਹੈ। ਸਿਵਲ ਸਰਜਨ ਨੇ ਕਿਹਾ ਕਿ ਗਰਮੀ ਨਾਲ ਸਬੰਧਤ ਬੀਮਾਰੀਆਂ ਉਸ ਸਥਿਤੀ ਨੂੰ ਕਹਿੰਦੇ ਹਨ ਜਦੋਂ ਤੁਹਾਡਾ ਸਰੀਰ ਜ਼ਿਆਦਾ ਤਾਪਮਾਨ ਵਾਲੇ ਵਾਤਾਵਰਣ ਦੇ ਸੰਪਰਕ ਵਿਚ ਆਉਂਦਾ ਹੈ ਅਤੇ ਖ਼ੁਦ ਨੂੰ ਠੰਡਾ ਕਰਨ ਲਈ ਆਮ ਰੂਪ ਵਿਚ ਪ੍ਰਤੀਕਿਰਿਆ ਨਹੀਂ ਕਰ ਪਾਉਂਦਾ। ਇਸ ਸਥਿਤੀ ਵਿਚ ਸਭ ਤੋਂ ਗੰਭੀਰ ਸਥਿਤੀ ਨੂੰ ਲੂ ਲੱਗਣਾ (ਹੀਟ ਸਟਰੋਕ) ਕਹਿੰਦੇ ਹਨ, ਜਿਸ ਦੇ ਲੱਛਣ ਹਨ- ਸਰੀਰ ਦਾ ਤਾਪਮਾਨ 40° ਸੀ/140°ਐੱਫ਼ ਤੋਂ ਉੱਪਰ ਹੋਣਾ, ਬੇਹੋਸ਼ੀ/ਮਾਨਸਿਕ ਘਬਰਾਹਟ/ਭਰਮ ਦੀ ਸਥਿਤੀ ਹੋਣੀ, ਚੱਕਰ ਆਉਣੇ, ਚਮੜੀ ਦਾ ਖੁਸ਼ਕ ਅਤੇ ਲਾਲ ਹੋਣਾ, ਬਹੁਤ ਕਮਜ਼ੋਰੀ ਹੋਣਾ, ਬਹੁਤ ਤੇਜ਼ ਸਿਰਦਰਦ, ਪਸੀਨਾ ਆਉਣਾ ਬੰਦ ਹੋਣਾ, ਉਲਟੀ ਆਉਣਾ ਆਦਿ ਸ਼ਾਮਲ ਹਨ।
ਇਹ ਵੀ ਪੜ੍ਹੋ: ਪੰਜਾਬੀਆਂ ਲਈ Good News: ਆਦਮਪੁਰ ਏਅਰਪੋਰਟ ਤੋਂ ਇਨ੍ਹਾਂ ਦੇਸ਼ਾਂ ਲਈ ਸ਼ੁਰੂ ਹੋਣ ਜਾ ਰਹੀ ਫਲਾਈਟ

ਇਸ ਸਥਿਤੀ ਵਿਚ ਮਰੀਜ਼ ਨੂੰ ਤੁਰੰਤ ਛਾਂ ਵਾਲੀ ਠੰਡੀ ਜਗ੍ਹਾ 'ਤੇ ਪਹੁੰਚਾਇਆ ਜਾਵੇ, ਪ੍ਰਾਥਮਿਕ ਇਲਾਜ ਜਿਵੇਂ ਕਿ ਕੱਪੜੇ ਢਿੱਲੇ ਕਰਨੇ ਅਤੇ ਘੱਟ ਕਰਨੇ, ਠੰਡੇ ਪਾਣੀ ਨਾਲ ਛਿੜਕਾਅ ਕਰਨਾ, ਬਰਫ਼/ਠੰਡੇ ਪਾਣੀ ਨਾਲ ਗਿੱਲੇ ਕੀਤੇ ਤੋਲੀਏ/ਕੱਪੜੇ ਨਾਲ ਸਰੀਰ ਨੂੰ ਠੰਡਾ ਕਰਨਾ, ਸਿਰ, ਗਰਦਨ, ਬਗਲਾਂ, ਪੇਟ ਅਤੇ ਪੱਟਾਂ ਦੇ ਵਿਚ ਵਾਲੀ ਜਗ੍ਹਾ ’ਤੇ ਪੱਖਾ ਪੱਖਾ ਝੱਲਣਾ ਆਦਿ ਉਪਰਾਲੇ ਕੀਤੇ ਜਾਣ। ਜੇਕਰ ਵਿਅਕਤੀ ਹੋਸ਼ ਵਿਚ ਹੈ ਤਾਂ ਓ. ਆਰ. ਐੱਸ. ਕੋਲ ਜਾਂ ਠੰਡਾ ਪਾਣੀ ਥੋੜ੍ਹਾ-ਥੋੜ੍ਹਾ ਪੀਣ ਲਈ ਦਿੱਤੇ ਜਾਣ। ਅਗਲੇ ਇਲਾਜ ਲਈ ਮਰੀਜ਼ ਨੂੰ ਤੁਰੰਤ ਹਸਪਤਾਲ ਵਿਚ ਦਾਖ਼ਲ ਕਰਵਾਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਸਹੀ ਤਰ੍ਹਾਂ ਨਾਲ ਇਲਾਜ ਕਰਕੇ ਮਰੀਜ਼ ਦੀ ਜਾਨ ਬਚਾਈ ਜਾ ਸਕੇ। ਜੇਕਰ ਹੋ ਸਕੇ ਤਾਂ ਮਰੀਜ਼ ਨੂੰ ਵਾਤਾਨੂਕੁਲਿਤ ਵਾਹਨ ਵਿਚ ਹੀ ਹਸਪਤਾਲ ਲਿਜਾਇਆ ਜਾਵੇ। ਜੇਕਰ ਮਰੀਜ਼ ਨੂੰ ਹਸਪਤਾਲ ਪਹੁੰਚਾਉਣ ਵਿਚ ਦੇਰੀ ਹੋ ਜਾਏ ਤਾਂ ਸਥਿਤੀ ਜ਼ੋਖ਼ਮ ਭਰੀ ਹੋ ਸਕਦੀ ਹੈ। ਸਿਵਲ ਸਰਜਨ ਨੇ ਕਿਹਾ ਕਿ ਲੂ ਅਤੇ ਗਰਮੀ ਤੋਂ ਹੋਣ ਵਾਲੀਆਂ ਹੋਰ ਬੀਮਾਰੀਆਂ ਤੋਂ ਬਚਾਓ ਲਈ ਹੇਠ ਲਿਖੀਆਂ ਸਾਵਧਾਨੀਆਂ ਵਰਤੀਆਂ ਜਾਣ।
ਇਹ ਵੀ ਪੜ੍ਹੋ: ਜਲੰਧਰ ਵਾਸੀਆਂ ਨੂੰ ਅੱਜ ਮਿਲਣ ਜਾ ਰਿਹੈ ਵੱਡਾ ਤੋਹਫ਼ਾ, CM ਭਗਵੰਤ ਮਾਨ ਕਰਨਗੇ ਉਦਘਾਟਨ
ਵਧੇਰੇ ਗਰਮੀ ਵਾਲੇ ਦਿਨਾਂ ਵਿਚ ਸੂਤੀ ਅਤੇ ਹਲਕੇ ਰੰਗਾਂ ਦੇ ਅਤੇ ਢਿੱਲੇ ਕੱਪੜੇ ਪਾਓ ਜੋਕਿ ਪਸੀਨਾ ਲਿਆ ਕੇ ਸਰੀਰ ਨੂੰ ਠੰਡਾ ਰੱਖਣ ਵਿਚ ਮਦਦ ਕਰਦੇ ਹਨ ਅਤੇ ਘੱਟ ਗਰਮੀ ਸੋਖਦੇ ਹਨ। ਕੜਕਦੀ ਧੁੱਪ ਵਿਚ ਕੰਮ ਕਰਨ/ਕਸਰਤ ਕਰਨ/ਖੇਡਣ ਤੋਂ ਬਚੋ। ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਬਾਹਰ ਧੁੱਪ ਵਿੱਚ ਨਾ ਨਿਕਲੋ। ਸਿੱਧੀ ਧੁੱਪ ਤੋਂ ਬਚਣ ਲਈ ਛਤਰੀ, ਟੋਪੀ, ਤੌਲੀਆ ਜਾਂ ਦੁਪੱਟਾ ਆਦਿ ਵਰਤੋ। ਮੌਸਮੀ ਫਲ ਅਤੇ ਸਬਜ਼ੀਆਂ ਜਿਵੇਂ ਤਰਬੂਜ, ਸੰਤਰਾ, ਮੌਸਮੀ, ਖੀਰੇ ਟਮਾਟਰ ਆਦਿ ਖਾਓ, ਜਿਨਾਂ ਵਿਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਪਾਣੀ ਦੀ ਬੋਤਲ ਨਾਲ ਲੈ ਕੇ ਚੱਲੋ ਅਤੇ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਪਾਣੀ ਪੀਂਦੇ ਰਹੋ। ਨਿੰਬੂ ਪਾਣੀ, ਲੱਸੀ, ਨਾਰੀਅਲ ਪਾਣੀ ਦਾ ਸੇਵਨ ਕਰੋ।
ਸ਼ਰਾਬ, ਚਾਹ, ਕਾਫ਼ੀ, ਸੋਫਟ ਅਤੇ ਕਾਰਬੋਨੇਟਿਡ ਅਤੇ ਵਾਧੂ ਮਿੱਠੇ ਪੀਣ ਵਾਲੇ ਪਦਾਰਥਾਂ ਤੋਂ ਪ੍ਰਹੇਜ਼ ਕਰੋ ਕਿਉਂਕਿ ਇਹ ਅਸਲ ਵਿਚ ਬਾਡੀ ਫਲੂਡਜ਼ ਨੂੰ ਖਤਮ ਕਰਦੇ ਹਨ। ਲੰਬੇ ਸਮੇਂ ਤੱਕ ਧੁੱਪ ਵਿਚ ਖੜ੍ਹੇ ਵਾਹਨਾਂ ਵਿਚ ਬੈਠਣ ਸਮੇਂ ਸਾਵਧਾਨੀ ਵਰਤੋ। ਖ਼ਾਸ ਤੌਰ 'ਤੇ ਨਵਜੰਮੇ ਅਤੇ ਛੋਟੇ ਬੱਚੇ, ਗਰਭਵਤੀ ਔਰਤਾਂ, 65 ਸਾਲ ਜਾਂ ਵੱਧ ਉਮਰ ਦੇ ਬਜ਼ੁਰਗ, ਮੋਟਾਪੇ ਤੋਂ ਪੀੜਤ ਵਿਅਕਤੀ, ਮਾਨਸਿਕ ਰੋਗੀ, ਜੋ ਸਰੀਰਕ ਤੌਰ ’ਤੇ ਬੀਮਾਰ ਹਨ, ਦਿਲ ਦੀ ਬੀਮਾਰੀ ਜਾਂ ਹਾਈ ਬਲੱਡ ਪ੍ਰੈੱਸ਼ਰ, ਅਨਿਯੰਤ੍ਰਿਤ ਸ਼ੂਗਰ ਦੇ ਮਰੀਜ਼ਾਂ ਜਾਂ ਧੁੱਪ ਵਿਚ ਕੰਮ ਕਰਨ ਵਾਲੇ ਮਜ਼ਦੂਰ, ਖਿਡਾਰੀ ਆਦਿ ਨੂੰ ਇਸ ਸਬੰਧੀ ਵਧੇਰੇ ਸੁਚੇਤ ਰਹਿਣ ਅਤੇ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ।
ਇਹ ਵੀ ਪੜ੍ਹੋ: ਬਟਾਲਾ 'ਚ ਵੱਡੀ ਘਟਨਾ! ਰੈਸਟੋਰੈਂਟ ਦੇ AC ਦਾ ਕੰਪਰੈੱਸ਼ਰ ਫਟਣ ਕਾਰਨ ਲੱਗੀ ਅੱਗ, ਪਈਆਂ ਭਾਜੜਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਾਰੀ ਰਾਤ ਪੁੱਤ ਦੀ ਭਾਲ ਕਰਦਾ ਰਿਹਾ ਪਰਿਵਾਰ, ਅਗਲੇ ਦਿਨ ਨੈਸ਼ਨਲ ਹਾਈਵੇਅ ਨੇੜਿਓਂ ਮਿਲੀ ਲਾਸ਼
NEXT STORY