ਅੰਮ੍ਰਿਤਸਰ, (ਦਲਜੀਤ)- ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਵੱਲੋਂ ਲਏ ਜਾ ਰਹੇ ਫੈਸਲਿਆਂ ਤੋਂ ਅਧਿਆਪਕ ਵਰਗ 'ਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ। ਅਧਿਆਪਕਾਂ ਨੇ ਅੱਜ ਇਕਮੁੱਠ ਹੋ ਕੇ ਸਾਂਝਾ ਅਧਿਆਪਕ ਮੋਰਚਾ ਦੀ ਅਗਵਾਈ ਵਿਚ ਸਰਕਾਰ ਖਿਲਾਫ ਜ਼ਿਲਾ ਸਿੱਖਿਆ ਅਫਸਰ ਦਫਤਰ ਸੈਕੰਡਰੀ ਦੇ ਸਾਹਮਣੇ ਵਿਸ਼ਾਲ ਰੋਸ ਧਰਨਾ ਦਿੱਤਾ ਅਤੇ ਡੀ. ਸੀ. ਨੂੰ ਭਖਦੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ। ਅੱਜ ਦੇ ਧਰਨੇ ਦੀ ਅਗਵਾਈ ਜ਼ਿਲਾ ਕਨਵੀਨਰਾਂ ਮੰਗਲ ਸਿੰਘ ਟਾਂਡਾ, ਅਸ਼ਵਨੀ ਅਵਸਥੀ, ਲਵਲੀਨਪਾਲ ਫਤਿਹਪੁਰੀ, ਬਿਕਰਮ ਸਿੰਘ ਸ਼ਾਹ, ਧੰਨਾ ਸਿੰਘ, ਅਮਨ ਸ਼ਰਮਾ ਤੇ ਕੋ-ਕਨਵੀਨਰਾਂ ਸੰਤ ਸੇਵਕ ਸਿੰਘ ਸਰਕਾਰੀਆ, ਅਰਜਿੰਦਰ ਕਲੇਰ, ਮਲਕੀਤ ਕੱਦਗਿੱਲ, ਅਮਨ ਕੁਮਾਰ, ਪ੍ਰਭਜਿੰਦਰ ਸਿੰਘ, ਬਲਕਾਰ ਸਿੰਘ ਵਲਟੋਹਾ ਆਦਿ ਵੱਲੋਂ ਕੀਤੀ ਗਈ।
ਸਰਕਾਰ ਦੀ ਧੱਕੇਸ਼ਾਹੀ ਵਿਰੁੱਧ ਆਵਾਜ਼ ਬੁਲੰਦ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਅਧਿਆਪਕਾਂ ਅਤੇ ਦਫਤਰੀ ਕਾਮਿਆਂ ਨਾਲ ਬਹੁਤ ਬੇਇਨਸਾਫੀ ਹੋ ਰਹੀ ਹੈ। ਉਕਤ ਮੁਲਾਜ਼ਮਾਂ ਦੀਆਂ ਤਨਖਾਹਾਂ 'ਚ ਲਗਭਗ 75 ਫੀਸਦੀ ਕੱਟ ਲਾ ਕੇ ਸਰਕਾਰ ਆਪਣਾ ਖਾਲੀ ਖਜ਼ਾਨਾ ਭਰਨ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਕਿ ਬੇਹੱਦ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਨੂੰ ਬਿਨਾਂ ਕਿਸੇ ਸ਼ਰਤ ਅਤੇ ਦੇਰੀ ਦੇ ਪੂਰੇ ਸਕੇਲ ਅਤੇ ਭੱਤਿਆਂ ਸਮੇਤ ਰੈਗੂਲਰ ਕੀਤਾ ਜਾਵੇ। ਕੰਪਿਊਟਰ ਅਧਿਆਪਕ ਜੋ ਕਿ 13 ਸਾਲਾਂ ਤੋਂ ਵੱਖ-ਵੱਖ ਸਕੂਲਾਂ 'ਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ, ਨੂੰ ਪਿਕਟਸ ਸੋਸਾਇਟੀ 'ਚੋਂ ਸਿੱਖਿਆ ਵਿਭਾਗ ਵਿਚ ਸ਼ਿਫਟ ਕੀਤਾ ਜਾਵੇ। ਬਦਲੀ ਨੀਤੀ ਬਿਲਕੁਲ ਹੀ ਅਧਿਆਪਕ ਮਾਰੂ ਹੈ। ਇਸ ਬਦਲੀ ਨੀਤੀ ਨਾਲ ਭ੍ਰਿਸ਼ਟਾਚਾਰ ਦਾ ਬੋਲਬਾਲਾ ਤੇ ਅਧਿਆਪਕਾਂ ਦਾ ਸ਼ੋਸ਼ਣ ਹੋਵੇਗਾ। ਇਸ ਨੀਤੀ ਨੂੰ ਤੁਰੰਤ ਬੰਦ ਕੀਤਾ ਜਾਵੇ। ਅਧਿਆਪਕ ਆਗੂਆਂ ਨੇ ਕਿਹਾ ਕਿ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਵੀ ਅਧਿਆਪਕ ਜਥੇਬੰਦੀਆਂ ਨਾਲ ਬਿਨਾਂ ਸਲਾਹ ਕੀਤਿਆਂ ਮਾਰੂ ਨੀਤੀਆਂ ਲਾਗੂ ਕਰ ਰਹੇ ਹਨ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਅਧਿਆਪਕ ਮਾਰੂ ਨੀਤੀਆਂ ਤੁਰੰਤ ਬੰਦ ਨਾ ਕੀਤੀਆਂ ਜਾਣ, ਨਹੀਂ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।
ਇਹ ਹਨ ਮੰਗਾਂ
ਠੇਕਾ ਆਧਾਰਿਤ ਐੱਸ. ਐੱਸ. ਏ./ਰਮਸਾ, 5178 ਅਧਿਆਪਕਾਂ, ਮਾਡਲ ਆਦਰਸ਼ ਸਕੂਲ ਅਤੇ ਆਈ. ਟੀ. ਆਰ. ਟੀ. ਅਧਿਆਪਕਾਂ, ਦਫਤਰੀ ਕਾਮਿਆਂ ਨੂੰ 10300 ਦੀ ਥਾਂ ਪੂਰੇ ਤਨਖਾਹ ਸਕੇਲ ਤੇ ਵਿਭਾਗ 'ਚ ਪੱਕੇ ਕਰਨਾ, ਸਿੱਖਿਆ ਵਿਭਾਗ ਦੀ ਪਿਕਟਸ ਸੋਸਾਇਟੀ 'ਚ ਰੈਗੂਲਰ ਕੰਪਿਊਟਰ ਅਧਿਆਪਕਾਂ ਨੂੰ ਬਿਨਾਂ ਕਿਸੇ ਸ਼ਰਤ ਦੇ ਸਿੱਖਿਆ ਵਿਭਾਗ 'ਚ ਸ਼ਿਫਟ ਕਰਨਾ, ਬਦਲੀਆਂ ਦੀ ਲਿਆਂਦੀ ਜਾ ਰਹੀ ਪੱਖਪਾਤੀ ਅਤੇ ਗੈਰ-ਵਿਵਹਾਰਕ ਪਾਲਿਸੀ ਵਿਰੁੱਧ, ਬ੍ਰਿਜ ਕੋਰਸ ਜਬਰੀ ਕਰਵਾਉਣ ਦਾ ਫੈਸਲਾ, ਸਕੂਲਾਂ 'ਚ ਪੋਸਟਾਂ ਖਤਮ ਕਰਨਾ ਆਦਿ।
ਇਹ ਸਨ ਮੌਜੂਦ
ਅੱਜ ਦੇ ਰੋਸ ਮੁਜ਼ਾਹਰੇ 'ਚ ਹੋਰਨਾਂ ਤੋਂ ਇਲਾਵਾ ਊਧਮ ਸਿੰਘ ਮਨਾਵਾਂ, ਲਖਵਿੰਦਰ ਗਿੱਲ, ਸੁੱਚਾ ਸਿੰਘ ਟਰਪਈ, ਹਰਦੇਵ ਭਕਨਾ, ਅਵਤਾਰ ਸਿੰਘ, ਜਰਮਨਜੀਤ ਸਿੰਘ, ਬਲਕਾਰ ਸਿੰਘ ਵਲਟੋਹਾ, ਸਾਹਿਬ ਰਣਜੀਤ ਸਿੰਘ, ਸੋਨੀਆ ਮੈਡਮ, ਮੋਨਿਕਾ ਸ਼ਰਮਾ, ਸੁਖਰਾਜ ਸਿੰਘ, ਵਿਨੋਦ ਕਾਲੀਆ, ਹਰਜਿੰਦਰ ਸਿੰਘ ਸਠਿਆਲਾ, ਪ੍ਰਵੇਸ਼ ਸ਼ਰਮਾ, ਸੁਖਰਾਜ ਸਿੰਘ ਸਰਕਾਰੀਆ ਤੇ ਹਰਦੇਵ ਸਿੰਘ ਭਕਨਾ ਸਮੇਤ ਵੱਡੀ ਗਿਣਤੀ ਵਿਚ ਅਧਿਆਪਕ ਸ਼ਾਮਲ ਹੋਏ।
ਜ਼ੋਨ-ਸੀ 'ਚ ਨਾਜਾਇਜ਼ ਦੁਕਾਨਾਂ ਤੋੜਣ ਗਏ ਬਿਲਡਿੰਗ ਇੰਸਪੈਕਟਰ ਨੂੰ ਬਣਾਇਆ ਬੰਦੀ
NEXT STORY