ਸੁਰਸਿੰਘ/ਭਿੱਖੀਵਿੰਡ, (ਗੁਰਪ੍ਰੀਤ ਸਿੰਘ ਢਿੱਲੋਂ)- ਸਰਹੱਦੀ ਇਲਾਕੇ ਅੰਦਰ ਅੱਖ 'ਚੋਂ ਧਾਗੇ ਨਿਕਲਣ ਦਾ ਮਾਮਲਾ ਚਰਚਾ ਦਾ ਵਿਸ਼ਾ ਬਣ ਗਿਆ ਹੈ, ਹਾਲਾਂਕਿ ਸਿਹਤ ਵਿਭਾਗ ਵੱਲੋਂ ਮੌਕੇ 'ਤੇ ਕਰਵਾਈ ਜਾਂਚ ਵਿਚ ਉਕਤ ਝੂਠ ਦਾ ਖੁਲਾਸਾ ਹੋ ਗਿਆ। ਪਿੰਡ ਮਾੜੀ ਥੇਹ ਦੀ ਇਕ ਲੜਕੀ ਸੋਨੀਆ ਪੁੱਤਰੀ ਹੀਰਾ ਸਿੰਘ ਵੱਲੋਂ ਅੱਖ ਵਿਚੋਂ ਧਾਗੇ ਨਿਕਲਣ ਦਾ ਦਾਅਵਾ ਕੀਤਾ ਜਾ ਰਿਹਾ ਸੀ ਪਰ ਅੱਜ ਪੱਤਰਕਾਰਾਂ ਦੀ ਟੀਮ ਸਮੇਤ ਸਥਾਨਕ ਸੀ. ਐੱਚ. ਸੀ. ਦੇ ਡਾਕਟਰਾਂ ਦੀ ਟੀਮ ਸਾਹਮਣੇ ਉਕਤ ਲੜਕੀ ਆਪਣੇ ਦਾਅਵੇ ਮੁਤਾਬਕ ਧਾਗਾ ਨਾ ਕੱਢ ਸਕੀ।
ਜ਼ਿਕਰਯੋਗ ਹੈ ਕਿ ਉਕਤ ਮਾਮਲੇ ਨੂੰ ਲੈ ਕੇ ਮੀਡੀਆ ਵਿਚ ਖ਼ਬਰਾਂ ਪ੍ਰਕਾਸ਼ਿਤ ਹੋਈਆਂ ਸਨ, ਜਿਸ ਦਾ ਨੋਟਿਸ ਲੈਂਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਕੰਵਰ ਹਰਜੋਤ ਸਿੰਘ ਨੇ ਇਕ ਟੀਮ, ਜਿਸ ਵਿਚ ਆਪਥੈਲਮਿਕ ਅਫ਼ਸਰ ਬਲਜੀਤ ਸਿੰਘ, ਐੱਸ. ਆਈ. ਹਰਮੇਸ਼ ਚੰਦਰ ਆਦਿ ਸਨ ਭੇਜੀ, ਜਿਨ੍ਹਾਂ ਨੇ ਪੱਤਰਕਾਰਾਂ ਦੀ ਇਕ ਟੀਮ ਨੂੰ ਨਾਲ ਲੈ ਕੇ ਸੋਨੀਆ ਨੂੰ ਆਪਣੇ ਸਾਹਮਣੇ ਅੱਖ ਵਿਚੋਂ ਧਾਗਾ ਕੱਢਣ ਲਈ ਕਿਹਾ ਪਰ ਲਗਭਗ ਡੇਢ ਘੰਟੇ ਤੱਕ ਵੀ ਸੋਨੀਆ ਆਪਣੇ ਦਾਅਵੇ ਮੁਤਾਬਕ ਧਾਗਾ ਨਹੀਂ ਕੱਢ ਸਕੀ। ਇਸ ਤੋਂ ਬਾਅਦ ਟੀਮ ਉਕਤ ਲੜਕੀ ਨੂੰ ਸੁਰਸਿੰਘ ਵਿਖੇ ਲੈ ਕੇ ਆਈ, ਇਥੇ ਵੀ ਐੱਸ. ਐੱਮ. ਓ. ਅਤੇ ਹੋਰ ਲੋਕਾਂ ਸਾਹਮਣੇ ਸੋਨੀਆ ਧਾਗਾ ਕੱਢਣ ਵਿਚ ਅਸਫ਼ਲ ਰਹੀ। ਇਸ 'ਤੇ ਜਦੋਂ ਐੱਸ. ਐੱਮ. ਓ. ਨੇ ਉਕਤ ਲੜਕੀ ਨੂੰ ਤਰਨਤਾਰਨ ਸਿਵਲ ਹਸਪਤਾਲ ਵਿਖੇ ਜਾਂਚ ਲਈ ਰੈਫਰ ਕਰਨਾ ਚਾਹਿਆ ਤਾਂ ਉਸ ਦੇ ਪਰਿਵਾਰ ਵਾਲੇ ਉਸ ਨੂੰ ਨਾਲ ਲੈ ਕੇ ਖਿਸਕ ਗਏ। ਇੰਨਾ ਹੀ ਨਹੀਂ ਜਦੋਂ ਹਸਪਤਾਲ ਵਿਚ ਇਕੱਤਰ ਹੋਏ ਲੋਕਾਂ ਨੇ ਉਕਤ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਉਨ੍ਹਾਂ ਸਾਹਮਣੇ ਧਾਗਾ ਕੱਢਣ ਲਈ ਕਿਹਾ ਤਾਂ ਉਨ੍ਹਾਂ ਇਨਕਾਰ ਕਰ ਦਿੱਤਾ। ਜਾਂਚ ਅਧਿਕਾਰੀ ਬਲਜੀਤ ਸਿੰਘ ਅਤੇ ਹਰਮੇਸ਼ ਚੰਦਰ ਨੇ ਦੱਸਿਆ ਕਿ ਮੁੱਢਲੀ ਪੜਤਾਲ ਵਿਚ ਸਾਹਮਣੇ ਆਇਆ ਹੈ ਕਿ ਉਕਤ ਲੜਕੀ ਦਾ ਪਿਤਾ ਧਾਰਮਿਕ ਚੌਂਕੀ ਆਦਿ ਲਾਉਂਦਾ ਹੈ, ਜਿਸ ਨੂੰ ਪਿੰਡ ਵਿਚ ਬਾਬੇ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਕੰਮ ਨੂੰ ਹੀ ਅੱਗੇ ਵਧਾਉਣ ਲਈ ਉਕਤ ਲੜਕੀ ਦੇ ਹੱਥੋਂ ਅਜਿਹਾ ਚਮਤਕਾਰ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।
ਬਲਜੀਤ ਸਿੰਘ ਨੇ ਕਿਹਾ ਕਿ ਮੈਡੀਕਲ ਸਾਇੰਸ ਦੇ ਮੁਤਾਬਕ ਅੱਖ ਵਿਚੋਂ ਉਸ ਸਾਈਜ਼ ਦਾ ਧਾਗਾ ਨਿਕਲਣ ਦੀ ਕੋਈ ਉਮੀਦ ਹੀ ਨਹੀਂ। ਉਨ੍ਹਾਂ ਕਿਹਾ ਕਿ ਲੜਕੀ ਦੇ ਪਰਿਵਾਰ ਵੱਲੋਂ ਜੋ ਧਾਗੇ ਦਿਖਾਏ ਗਏ ਹਨ, ਉਹ ਨਾ ਸਿਰਫ਼ ਰੰਗ-ਬਿਰੰਗੇ ਹਨ ਬਲਕਿ ਚਾਦਰਾਂ ਆਦਿ 'ਚੋਂ ਖਿੱਚ ਕੇ ਕੱਢੇ ਗਏ ਦਿਖਾਈ ਦਿੰਦੇ ਹਨ। ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਕੰਵਰ ਹਰਜੋਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੀਆਂ ਘਟਨਾਵਾਂ ਵਿਚ ਵਿਸ਼ਵਾਸ ਕਰਨ ਤੋਂ ਪਹਿਲਾਂ ਉਸ ਦੀ ਪੜਤਾਲ ਕਰ ਲੈਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਇਸ ਘਟਨਾ ਨਾਲ ਸਿਹਤ ਵਿਭਾਗ ਦਾ ਕੋਈ ਵਾਸਤਾ ਨਹੀਂ ਸੀ ਪਰ ਲੋਕਾਂ ਨੂੰ ਕਿਸੇ ਮਾੜੀ ਘਟਨਾ ਤੋਂ ਬਚਾਉਣ ਲਈ ਇਹ ਜਾਂਚ ਕਰਵਾਈ ਗਈ ਸੀ, ਜਿਸ ਵਿਚ ਸੱਚਾਈ ਸਾਹਮਣੇ ਆ ਗਈ। ਉਨ੍ਹਾਂ ਕਿਹਾ ਕਿ ਉਕਤ ਪਰਿਵਾਰ ਵੱਲੋਂ ਵਹਿਮਾਂ-ਭਰਮਾਂ ਦੇ ਚੱਕਰਾਂ ਵਿਚ ਹੀ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਸੀ। ਸੀ. ਐਚ. ਸੀ. ਸੁਰਸਿੰਘ ਵਿਖੇ ਵੀ ਜਦੋਂ ਪੱਤਰਕਾਰਾਂ ਨੇ ਸੋਨੀਆ ਨਾਲ ਗੱਲ ਕਰਨੀ ਚਾਹੀ ਤਾਂ ਉਸ ਦੇ ਨਾਲ ਆਈ ਉਸ ਦੀ ਮਾਸੀ ਅਤੇ ਚਾਚੇ ਨੇ ਇਨਕਾਰ ਕਰ ਦਿੱਤਾ ਅਤੇ ਡਾਕਟਰਾਂ ਦੇ ਦਾਅਵੇ ਨੂੰ ਝੁਠਲਾਉਂਦੇ ਰਹੇ। ਉਨ੍ਹਾਂ ਦਾ ਦਾਅਵਾ ਸੀ ਕਿ ਕਿਸੇ ਗੈਬੀ ਸ਼ਕਤੀ ਸਦਕਾ ਅੱਖ ਵਿਚੋਂ ਧਾਗੇ ਨਿਕਲਦੇ ਹਨ।
ਇਸ ਸਬੰਧੀ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਮਾਝਾ ਜ਼ੋਨ ਆਗੂ ਮੁਖਵਿੰਦਰ ਸਿੰਘ ਚੋਹਲਾ, ਰਜਵੰਤ ਬਾਗੜੀਆਂ, ਨਰਿੰਦਰ ਸ਼ੇਰ ਚੱਕ ਪ੍ਰਧਾਨ ਤਰਨਤਾਰਨ ਨੇ ਕਿਹਾ ਕਿ ਇਸ ਘਟਨਾ ਦੀ ਮੁਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਲੋਕਾਂ ਦੀ ਅਨਪੜ੍ਹਤਾ ਅਤੇ ਅਗਿਆਨਤਾ ਦਾ ਲਾਹਾ ਖੱਟਣ ਦੀ ਸਾਜ਼ਿਸ਼ ਵਿਚ ਹੀ ਉਕਤ ਪਰਿਵਾਰ ਵੱਲੋਂ ਸੋਨੀਆ ਤੋਂ ਅਜਿਹੇ ਚਮਤਕਾਰ ਕਰਵਾਉਣ ਦਾ ਡਰਾਮਾ ਰਚਿਆ ਗਿਆ ਸੀ। ਉਨ੍ਹਾਂ ਚੈਲੰਜ ਕੀਤਾ ਕਿ ਜੇਕਰ ਉਕਤ ਪਰਿਵਾਰ ਆਪਣੇ ਦਾਅਵੇ ਨੂੰ ਸੱਚ ਸਾਬਤ ਕਰ ਦਿੰਦਾ ਹੈ ਤਾਂ ਉਸ ਨੂੰ ਛਾਣਬੀਣ ਕਰਨ ਤੋਂ ਬਾਅਦ ਸੁਸਾਇਟੀ ਵੱਲੋਂ ਨਿਰਧਾਰਿਤ ਇਨਾਮ ਦਿੱਤਾ ਜਾਵੇਗਾ।
ਬਹੁ-ਕਰੋੜੀ ਸਿੰਥੈਟਿਕ ਡਰੱਗ ਮਾਮਲਾ : ਵਰਿੰਦਰ ਰਾਜਾ ਖਿਲਾਫ ਗੈਰ-ਜ਼ਮਾਨਤੀ ਗ੍ਰਿਫ਼ਤਾਰੀ ਵਾਰੰਟ ਜਾਰੀ
NEXT STORY