ਝਬਾਲ/ ਬੀੜ ਸਾਹਿਬ (ਹਰਬੰਸ ਲਾਲੂਘੁੰਮਣ, ਬਖਾਤਵਰ, ਭਾਟੀਆ) - ਥਾਣਾ ਸਰਾਂਏ ਅਮਾਨਤ ਖਾਂ ਦੇ ਪਿੰਡ ਕਸੇਲ ਦੇ ਵਾਸੀ ਦਲਿਤ ਵਿਹੜੇ ਦੇ ਵਾਸੀ ਇਕ ਪਰਿਵਾਰ ਨੇ ਉਨ੍ਹਾਂ ਉਪਰ ਪਿੰਡ ਦੇ ਇਕ ਜਿੰਮੀਦਾਰ ਪਰਿਵਾਰ ਵੱਲੋਂ ਕਥਿਤ ਤੌਰ 'ਤੇ ਬੀਤੇ ਕੱਲ•ਗੋਲੀਆਂ ਚਲਾਉਣ ਅਤੇ ਜਾਤੀ ਸ਼ੂਚਕ ਸ਼ਬਦ ਬੋਲਣ ਦੇ ਦੋਸ਼ ਲਗਾਉਦਿਆਂ ਥਾਣਾ ਸਰਾਂਏ ਅਮਾਨਤ ਖਾਂ ਦੀ ਪੁਲਸ ਤੋਂ ਕਥਿਤ ਲੋਕਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਭਗਵਾਨ ਵਾਲਮੀਕ ਸੰਘਰਸ਼ ਦਲ ਪੰਜਾਬ ਦੇ ਚੇਅਰਮੈਨ ਹਰਦੀਸ਼ ਸਿੰਘ ਭੰਗਾਲੀ ਨੇ ਉਕਤ ਪਰਿਵਾਰ ਦੀ ਹਮਾਇਤ 'ਤੇ ਖੜੇ ਹੁੰਦਿਆਂ ਐੱਸ. ਐੱਸ. ਪੀ. ਤਰਨਤਾਰਨ ਤੋਂ ਕਥਿਤ ਲੋਕਾਂ ਵਿਰੁੱਧ ਤਰੁੰਤ ਕੇਸ ਦਰਜ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਦਲਿਤ ਭਾਈਚਾਰੇ 'ਤੇ ਅਤਿਆਚਾਰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪਿੰਡ ਕਸੇਲ ਵਾਸੀ ਗੁਰਪ੍ਰੀਤ ਸਿੰਘ ਉਰਫ ਵਿੱਕੀ ਪੁੱਤਰ ਧਰਮ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਪਿੰਡ ਵਾਸੀ ਇਕ ਜਿੰਮੀਦਾਰ ਗੁਰਬਚਨ ਸਿੰਘ ਨਾਲ ਉਸ ਦਾ ਮਾਮੂਲੀ ਗੱਲ ਤੋਂ ਤਕਰਾਰ ਹੋਇਆ ਸੀ ਅਤੇ ਉਕਤ ਤਕਰਾਰ ਦੌਰਾਂਨ ਉਨ੍ਹਾਂ ਦੋਹਾਂ ਵਿਚਾਲੇ ਕਹੀ ਸੁਣੀ ਹੋਈ ਸੀ। ਉਸ ਨੇ ਦੱਸਿਆ ਕਿ ਉਕਤ ਮਾਮਲੇ ਦੀ ਰੰਜ਼ਿਸ ਦੇ ਚੱਲਦਿਆਂ ਬੀਤੇ ਕੱਲ•ਦੇਰ ਸ਼ਾਮ ਉਕਤ ਵਿਅਕਤੀ ਨੇ ਆਪਣੇ ਹਥਿਆਰਬੰਦ ਸਾਥੀਆਂ ਸਮੇਤ ਉਨ੍ਹਾਂ ਦੀ ਗਲੀ 'ਚ ਆ ਕੇ ਲਲਕਾਰੇ ਮਾਰੇ ਅਤੇ ਉਨ੍ਹਾਂ ਨੂੰ ਗਲਤ ਸ਼ਬਦ ਬੋਲੇ ਅਤੇ ਇਸ ਦੌਰਾਨ ਉਕਤ ਲੋਕਾਂ ਵੱਲੋਂ ਉਨ੍ਹਾਂ ਦੀ ਗਲੀ 'ਚ ਗੋਲੀਆਂ ਚਲਾ ਕੇ ਬਾਹਰ ਨਿਕਲਣ ਲਈ ਵੰਗਾਰਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਤਰੁੰਤ ਜਿਥੇ ਪੁਲਸ ਹੈਲਪ ਲਾਈਨ 181 'ਤੇ ਸੂਚਨਾ ਦਿੱਤੀ ਗਈ ਉਥੇ ਹੀ ਥਾਣਾ ਸਰਾਂਏ ਅਮਾਨਤ ਖਾਂ ਦੇ ਮੁੱਖੀ ਇੰ. ਕਿਰਪਾਲ ਸਿੰਘ ਨੂੰ ਵੀ ਫੋਨ ਕਰਕੇ ਜਾਨ-ਮਾਲ ਦੀ ਰਾਖੀ ਕਰਨ ਦੀ ਅਪੀਲ ਕੀਤੀ ਗਈ ਪਰ ਵਾਰਦਾਤ ਤੋਂ ਕਾਫੀ ਸਮਾਂ ਲੇਟ ਪੁਹੰਚੇ ਥਾਣਾ ਮੁੱਖੀ ਵੱਲੋਂ ਉਨ੍ਹਾਂ ਦੀ ਸ਼ਿਕਾਇਤ 'ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਇਸ ਮੌਕੇ ਸਾਬਕਾ ਬਲਾਕ ਸੰਮਤੀ ਮੈਂਬਰ ਕਰਮ ਸਿੰਘ ਕਸੇਲ, ਮੰਗਲ ਸਿੰਘ, ਬਿਕਰਮਜੀਤ ਸਿੰਘ, ਬਲਜਿੰਦਰ ਸਿੰਘ, ਗੁਰਜਿੰਦਰ ਸਿੰਘ, ਕੁਲਦੀਪ ਸਿੰਘ, ਗੁਰਿੰਦਰ ਸਿੰਘ, ਗੁਰਜੀਤ ਸਿੰਘ, ਹਰਪ੍ਰੀਤ ਸਿੰਘ, ਭੋਲਾ ਸਿੰਘ, ਕੁਲਦੀਪ ਸਿੰਘ, ਜੋਬਨਜੀਤ ਸਿੰਘ, ਦਿਲਬਾਗ ਸਿੰਘ, ਹੀਰਾ ਸਿੰਘ, ਹਰਭਜਨ ਸਿੰਘ, ਸੁਰਿੰਦਰ ਸਿੰਘ ਠੇਕੇਦਾਰ ਅਤੇ ਮੰਗਲ ਸਿੰਘ ਆਦਿ ਦਲਿਤ ਭਾਈਚਾਰੇ ਦੇ ਲੋਕਾਂ ਨੇ ਐੱਸ. ਐੱਸ. ਪੀ. ਤਰਨਤਾਰਨ ਤੋਂ ਮੰਗ ਕੀਤੀ ਕਿ ਗੋਲੀਆਂ ਚਲਾਉਣ ਵਾਲੇ ਲੋਕਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।
ਨਾ ਹੋਈ ਕਾਰਵਾਈ ਤਾਂ ਝਬਾਲ ਚੌਂਕ ਕੀਤਾ ਜਾਵੇਗਾ ਜਾਮ- ਭੰਗਾਲੀ
ਇਸ ਮੌਕੇ ਪਰਿਵਾਰ ਦੀ ਮਦਦ ਲਈ ਪੁੱਜੇ ਭਗਵਾਨ ਵਾਲਮਿਕ ਸੰਘਰਸ਼ ਦਲ ਦੇ ਸੂਬਾ ਚੇਅਰਮੈਨ ਹਰਦੀਸ਼ ਸਿੰਘ ਭੰਗਾਲੀ ਨੇ ਕਿਹਾ ਕਿ ਅਜੇ ਟਪਿਆਲਾ ਵਿਖੇ ਵਾਪਰੇ ਕਾਂਡ ਦੀ ਸਿਆਹੀ ਵੀ ਨਹੀਂ ਸੁੱਕੀ ਹੈ ਕਿ ਪਿੰਡ ਕਸੇਲ ਦੇ ਦਲਿਤ ਪਰਿਵਾਰ 'ਤੇ ਹਮਲੇ ਨੇ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ 'ਤੇ ਸਵਾਲ ਖੜੇ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਗੁਰਪ੍ਰੀਤ ਸਿੰਘ ਉਨ੍ਹਾਂ ਦੀ ਜਥੇਬੰਦੀ ਦਾ ਜ਼ਿਲਾ ਮੀਤ ਪ੍ਰਧਾਨ ਹੈ ਅਤੇ ਜੇਕਰ 24 ਘੰਟਿਆਂ ਦੇ ਅੰਦਰ ਗੋਲੀਆਂ ਚਲਾ ਕੇ ਗੁਰਪ੍ਰੀਤ ਸਿੰਘ ਦੇ ਪਰਿਵਾਰ 'ਤੇ ਹਮਲਾ ਕਰਨ ਵਾਲੇ ਲੋਕਾਂ ਵਿਰੁੱਧ ਕੇਸ ਦਰਜ ਨਾ ਕੀਤਾ ਗਿਆ ਤਾਂ ਕਸਬਾ ਝਬਾਲ ਦਾ ਚੌਂਕ 'ਚ ਅਣਮਿਥੇ ਸਮੇਂ ਲਈ ਜਾਮ ਕਰਕੇ ਧਰਨਾ ਲਗਾਇਆ ਜਾਵੇਗਾ। ਇਸ ਮੌਕੇ ਹਰਪ੍ਰੀਤ ਸਿੰਘ ਜਨਰਲ ਸਕੱਤਰ, ਲਾਭ ਸਿੰਘ ਖਾਪੜਖੇੜੀ, ਸੰਦੀਪ ਕੁਮਾਰ, ਨਰਿੰਦਰ ਸਿੰਘ ਭੋਮਾ, ਜਸਬੀਰ ਸਿੰਘ ਅਤੇ ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।
ਲਗਾਏ ਜਾ ਰਹੇ ਦੋਸ਼ ਝੂਠੇ- ਗੁਰਬਚਨ ਸਿੰਘ
ਦੂਜੀ ਧਿਰ ਦੇ ਗੁਰਬਚਨ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਉਪਰ ਗੋਲੀਆਂ ਚਲਾਉਣ ਦੇ ਉਕਤ ਲੋਕਾਂ ਵੱਲੋਂ ਲਗਾਏ ਜਾ ਰਹੇ ਬਿਲਕੁਲ ਝੂਠੇ ਹਨ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਗੁਰਪ੍ਰੀਤ ਸਿੰਘ ਵੱਲੋਂ ਉਸ ਨਾਲ ਬਦਸਲੂਕੀ ਕਰਦਿਆਂ ਉਸਦੀ ਸ਼ਾਨ ਦੇ ਵਿਰੁੱਧ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਸੀ, ਜਿਸ ਮਾਮਲੇ ਨੂੰ ਲੈ ਕੇ ਬੀਤੇ ਕੱਲ ਉਨ੍ਹਾਂ ਦੇ ਸਮਰਥਕਾਂ ਅਤੇ ਉਕਤ ਲੋਕਾਂ ਵਿਚਾਲੇ ਥੋੜੀ ਕਹੀ ਸੁਣੀ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਨਾ ਤਾਂ ਮੌਕੇ ਉਪਰ ਉਹ ਸਨ ਅਤੇ ਨਾ ਹੀ ਉਨ੍ਹਾਂ ਨੂੰ ਕਿਸੇ ਵੱਲੋਂ ਕਿਸੇ ਉਪਰ ਗੋਲੀਆਂ ਚਲਾਉਣ ਦੇ ਮਾਮਲੇ ਦਾ ਪਤਾ ਹੈ।
ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ - ਇੰ. ਕਿਰਪਾਲ ਸਿੰਘ
ਥਾਣਾ ਸਰਾਂਏ ਅਮਾਨਤ ਖਾਂ ਦੇ ਮੁੱਖੀ ਇੰ. ਕਿਰਪਾਲ ਸਿੰਘ ਨੇ ਗੁਰਪ੍ਰੀਤ ਸਿੰਘ ਵੱਲੋਂ ਦਿੱਤੀ ਗਈ ਗੋਲੀਆਂ ਚਲਾਉਣ ਦੀ ਸ਼ਿਕਾਇਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਹ ਮੌਕੇ 'ਤੇ ਗਏ ਸਨ ਅਤੇ ਸਾਰੇ ਹਲਾਤਾਂ ਸਬੰਧੀ ਉਨ੍ਹਾਂ ਵੱਲੋਂ ਜਾਇਜ਼ਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਜੋ ਸੱਚਾਈ ਸਾਹਮਣੇ ਆਵੇਗੀ ਉਸ ਮੁਤਾਬਕ ਅਗਲੇਰੀ ਕਾਰਵਾਈ ਕਰ ਦਿੱਤੀ ਜਾਵੇਗੀ।
ਨੌਜਵਾਨ ਨੇ ਰੇਲਗੱਡੀ ਅੱਗੇ ਛਲਾਂਗ ਲਾ ਕੇ ਕੀਤੀ ਆਤਮਹੱਤਿਆ
NEXT STORY