ਪਟਿਆਲਾ (ਰਾਣਾ)-ਜ਼ਿਲੇ ਦੇ ਪਿੰਡ ਰਾਮਪੁਰ ਸਾਹੀਵਾਲ ਦੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟੌਹੜਾ ਵਿਖੇ ਪੜ੍ਹਦੀ 11ਵੀਂ ਜਮਾਤ ਦੀ ਵਿਦਿਆਰਥਣ ਵੀਰਪਾਲ ਕੌਰ ਨਾਲ ਕੁੱਟਮਾਰ ਕਰਨ ਅਤੇ ਉਸਨੂੰ ਜਾਤੀ ਪ੍ਰਤੀ ਅਪਸ਼ਬਦ ਬੋਲਣ ਵਾਲੇ ਸਕੂਲੀ ਸਟਾਫ ਖਿਲਾਫ ਅਜੇ ਤੱਕ ਕਾਨੂੰਨੀ ਕਾਰਵਾਈ ਨਾ ਹੋਣ ਕਾਰਨ ਇਹ ਮਾਮਲਾ ਆਉਣ ਵਾਲੇ ਦਿਨਾਂ 'ਚ ਭਖਦਾ ਨਜ਼ਰ ਆ ਰਿਹਾ ਹੈ। ਵੀਰਪਾਲ ਕੌਰ ਨੂੰ ਇਨਸਾਫ ਦਿਵਾਉਣ ਲਈ ਇਹ ਸਾਰਾ ਮਾਮਲਾ ਚੁੱਕਣ ਵਾਲੇ ਦਲਿਤ ਨੇਤਾ ਅਤੇ ਐੈੱਸ. ਸੀ./ਬੀ. ਸੀ. ਇੰਪਲਾਈਜ਼ ਫੈੱਡਰੇਸ਼ਨ ਪੰਜਾਬ ਦੇ ਸੂਬਾਈ ਆਗੂ ਡਾ. ਜਤਿੰਦਰ ਸਿੰਘ ਮੱਟੂ ਦੀ ਅਗਵਾਈ ਹੇਠ ਆਉਣ ਵਾਲੇ ਦਿਨਾਂ ਵਿਚ ਪਟਿਆਲਾ ਵਿਖੇ ਜ਼ਿਲਾ ਪ੍ਰਸ਼ਾਸਨ ਖਿਲਾਫ ਵੱਡਾ ਪ੍ਰਦਰਸ਼ਨ ਹੋਣ ਦੀ ਸੰਭਾਵਨਾ ਹੈ।
ਮਿਲੀ ਜਾਣਕਾਰੀ ਅਨੁਸਾਰ ਦਲਿਤ ਨੇਤਾ ਡਾ. ਜਤਿੰਦਰ ਸਿੰਘ ਮੱਟੂ ਵੱਲੋਂ ਭਾਈਚਾਰੇ ਨਾਲ ਅਤੇ ਦਲਿਤ ਭਾਈਚਾਰੇ ਦੀਆਂ ਧਾਰਮਿਕ, ਸਮਾਜਿਕ ਜਥੇਬੰਦੀਆਂ ਨਾਲ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਚੁੱਕਾ ਹੈ। ਪਿਛਲੇ ਦਿਨੀਂ 21 ਜਨਵਰੀ ਨੂੰ ਜਲੰਧਰ ਸ਼ਹਿਰ ਵਿਚ ਪੰਜਾਬ ਦੇ ਸਮੁੱਚੇ ਵਾਲਮੀਕਿ ਭਾਈਚਾਰੇ ਨੇ ਵੀਰਪਾਲ ਕੌਰ ਨੂੰ ਇਨਸਾਫ ਦਿਵਾਉਣ ਲਈ ਸੰਘਰਸ਼ ਵਿੱਢਣ ਦਾ ਮਤਾ ਪਾਸ ਕੀਤਾ ਹੈ। ਇਸ ਵਿਚ ਸਮੁੱਚੇ ਵਾਲਮੀਕਿ ਭਾਈਚਾਰੇ ਦੇ ਨੁਮਾਇੰਦਿਆਂ ਨੇ ਹਰ ਜ਼ਿਲੇ ਵਿਚ ਰੋਸ ਪ੍ਰਦਰਸ਼ਨ ਕਰਨ ਦੇ ਨਾਲ-ਨਾਲ ਲੋੜ ਪੈਣ 'ਤੇ ਪੰਜਾਬ ਬੰਦ ਦੀ ਕਾਲ ਦੇਣ 'ਤੇ ਵੀ ਵਿਚਾਰ ਕੀਤਾ। ਸਮੁੱਚੇ ਭਾਈਚਾਰੇ ਨੇ ਡਾ. ਜਤਿੰਦਰ ਸਿੰਘ ਮੱਟੂ ਨਾਲ ਮਿਲ ਕੇ ਵੀਰਪਾਲ ਕੌਰ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਤੱਕ ਲੜਾਈ ਲੜਨ ਦਾ ਬਿਗੁਲ ਵਜਾ ਦਿੱਤਾ ਹੈ।
ਗੱਲਬਾਤ ਕਰਦਿਆਂ ਦਲਿਤ ਨੇਤਾ ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਜ਼ਿਲਾ ਪਟਿਆਲਾ ਦੇ ਪ੍ਰਸ਼ਾਸਨਕ ਅਧਿਕਾਰੀਆਂ ਵੱਲੋਂ 11 ਜਨਵਰੀ ਦੇ ਰੋਸ ਧਰਨੇ ਵਿਚ ਦੋ ਦਿਨ ਤੱਕ ਜਾਂਚ ਕਰ ਕੇ ਦੋਸ਼ੀਆਂ ਖਿਲਾਫ ਮੁਕੱਦਮੇ ਦਰਜ ਕਰਨ ਦਾ ਵਿਸ਼ਵਾਸ ਦਿਵਾਇਆ ਸੀ। ਇਸ ਤੋਂ ਬਾਅਦ 13 ਜਨਵਰੀ ਤੋਂ ਇਹ ਵਾਅਦਾ 16 ਜਨਵਰੀ ਤੱਕ ਚਲਾ ਗਿਆ। ਅੱਜ ਤੱਕ 16 ਦਿਨ ਬੀਤ ਜਾਣ ਦੇ ਬਾਅਦ ਵੀ ਨਾ ਤਾਂ ਸਾਡੀ ਬੱਚੀ ਨਾਲ ਸਕੂਲ ਵਿਚ ਕੁੱਟਮਾਰ ਕਰਨ ਵਾਲੇ ਕਲਰਕ ਅਤੇ ਲੜਕਿਆਂ ਖਿਲਾਫ ਕੋਈ ਮੁਕੱਦਮਾ ਦਰਜ ਹੋਇਆ, ਨਾ ਹੀ ਸੋਸ਼ਲ ਮੀਡੀਆ 'ਤੇ ਵੀਰਪਾਲ ਨੂੰ ਬਦਨਾਮ ਕਰਨ ਵਾਲਿਆਂ ਖਿਲਾਫ ਕੋਈ ਕਾਰਵਾਈ ਹੋਈ, ਨਾ ਹੀ ਜਾਤੀ ਪ੍ਰਤੀ ਵਿਦਿਆਰਥਣ ਨੂੰ ਅਪਸ਼ਬਦ ਬੋਲਣ ਵਾਲਿਆਂ ਖਿਲਾਫ ਐੈੱਸ. ਸੀ./ਐੈੱਸ. ਟੀ. ਐਕਟ ਤਹਿਤ ਮੁਕੱਦਮਾ ਦਰਜ ਹੋਇਆ।
ਹੁਣ ਮਜਬੂਰਨ ਸਾਨੂੰ ਆਪਣੀ ਬੱਚੀ ਨੂੰ ਇਨਸਾਫ ਦਿਵਾਉਣ ਲਈ ਸੜਕਾਂ 'ਤੇ ਉਤਰਨਾ ਪਵੇਗਾ। ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਜਾਤੀਵਾਦੀ ਮਾਨਸਿਕਤਾ ਵਾਲੇ ਅਨਸਰ ਸਾਡੇ ਸਮਾਜ ਲਈ ਖਤਰਾ ਹਨ, ਐਸੇ ਅਨਸਰਾਂ ਖਿਲਾਫ ਜਦੋਂ ਤੱਕ ਸਖਤ ਕਾਰਵਾਈ ਨਹੀਂ ਹੁੰਦੀ ਇਹ ਲੋਕ ਸਾਡੇ ਸਮਾਜ ਦੇ ਲੋਕਾਂ ਨੂੰ ਇਸੇ ਤਰ੍ਹਾਂ ਜ਼ਲੀਲ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਪਟਿਆਲਾ ਅੰਦਰ ਸਮੁੱਚਾ ਦਲਿਤ ਸਮਾਜ ਵੀਰਪਾਲ ਕੌਰ ਨੂੰ ਇਨਸਾਫ ਦਿਵਾਉਣ ਲਈ ਸੜਕਾਂ 'ਤੇ ਉਤਰੇਗਾ, ਜਿਸ ਲਈ ਦਲਿਤ ਸਮਾਜ ਦੇ ਜ਼ਿੰਮੇਵਾਰ ਨੁਮਾਇੰਦਿਆਂ ਨਾਲ ਵਿਚਾਰ ਚਰਚਾ ਚੱਲ ਰਹੀ ਹੈ।
ਭਾਜਪਾ ਐੱਸ. ਸੀ. ਮੋਰਚਾ ਨੇ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ
NEXT STORY