ਲੁਧਿਆਣਾ(ਪਾਲੀ)-ਸੁਖਪਾਲ ਸਿੰਘ ਖਹਿਰਾ ਨੂੰ ਆਮ ਆਦਮੀ ਪਾਰਟੀ ਨੇ ਅਹੁਦੇ ਤੋਂ ਲਾਂਭੇ ਕਰ ਕੇ ਸਾਬਿਤ ਕਰ ਦਿੱਤਾ ਹੈ ਕਿ ਉਹ ਕਿਸੇ ਸਮੇਂ ਵੀ ਕਿਸੇ ਵੀ 'ਆਪ' ਵਿਧਾਇਕ ਨੂੰ ਪਾਰਟੀ ਤੋਂ ਬਰਖਾਸਤ ਕਰ ਸਕਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਲੁਧਿਆਣਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਮੌਕੇ ਸ਼ਾਮਲ ਹੋਣ 'ਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸੁਖਪਾਲ ਖਹਿਰਾ ਹਰ ਪਾਰਟੀ ਨੂੰ ਸਵੇਰੇ ਉਠ ਕੇ ਮੰਦਭਾਗਾ ਬੋਲਦੇ ਹਨ। ਉਨ੍ਹਾਂ ਦਾ ਆਪਣੀ ਪਾਰਟੀ ਵਿਚ ਵੀ ਕੋਈ ਵਜੂਦ ਨਹੀਂ ਹੈ ਤੇ ਆਮ ਆਦਮੀ ਪਾਰਟੀ ਪੰਜਾਬ ਵਿਚੋਂ ਲਗਭਗ ਖਤਮ ਹੋ ਚੁੱਕੀ ਹੈ, ਜਿਸ ਦੀ ਮਿਸਾਲ ਗੁਰਦਾਸਪੁਰ ਵਿਖੇ ਚੋਣਾਂ ਦੌਰਾਨ ਹੋਈ ਜ਼ਮਾਨਤ ਜ਼ਬਤ ਤੇ ਸ਼ਾਹਕੋਟ ਵਿਖੇ ਸਿਰਫ 19 ਵੋਟਾਂ ਤੋਂ ਹੀ ਮਿਲਦੀ ਹੈ। ਉਨ੍ਹਾਂ ਕਿਹਾ ਕਿ 'ਆਪ' ਦੀ ਆਪਸੀ ਫੁੱਟ ਸੁਖਪਾਲ ਖਹਿਰਾ ਨੂੰ ਅਹੁਦੇ ਤੋਂ ਬਰਖਾਸਤ ਕਰ ਕੇ ਜਗ ਜ਼ਾਹਿਰ ਹੋ ਚੁੱਕੀ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਅਦਾਲਤ ਵਲੋਂ ਬਰੀ ਕਰਨ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਮਾਣਯੋਗ ਅਦਾਲਤ ਦਾ ਫੈਸਲਾ ਹੈ, ਜਿਸ ਬਾਰੇ ਉਹ ਕੁਝ ਵੀ ਕਹਿਣਾ ਠੀਕ ਨਹੀਂ ਸਮਝਦੇ। ਅਦਾਲਤੀ ਫੈਸਲਾ ਮੰਨਣ ਦਾ ਹਰ ਇਕ ਨੂੰ ਹੱਕ ਹੈ। ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਨੌਜਵਾਨ ਲੜਕੇ, ਲੜਕੀਆਂ ਨੂੰ ਜੋ ਕਿ ਵਿਦੇਸ਼ ਜਾਣ ਦੇ ਚਾਹਵਾਨ ਹਨ, ਨੂੰ ਗੁੰਮਰਾਹ ਕਰਨ ਲਈ ਇਕ ਸੋਚੀ ਸਮਝੀ ਸਾਜ਼ਿਸ਼ ਤਹਿਤ ਡਰਾਮਾ ਰਚਿਆ ਹੈ। ਪੰਜਾਬ ਸਰਕਾਰ ਵਲੋਂ ਜੋ 30 ਜੁਲਾਈ ਨੂੰ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ ਸ਼ਰੇਆਮ ਇਕ ਬਹੁਤ ਵੱਡਾ ਘਪਲਾ ਹੈ। ਇਹ ਮੇਲਾ ਵੀ ਟਰੈਵਲ ਏਜੰਟਾਂ ਨਾਲ ਮਿਲ ਕੇ ਠੱਗੀ ਮਾਰਨ ਦਾ ਇਕ ਹਿੱਸਾ ਹੈ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਮੁੱਖ ਮੰਤਰੀ ਦੇ ਸਲਾਹਕਾਰ ਮਹੇਸ਼ਇੰਦਰ ਸਿੰਘ ਗਰੇਵਾਲ, ਸ਼ਰਨਜੀਤ ਸਿੰਘ ਢਿੱਲੋਂ ਵਿਧਾਇਕ, ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ, ਮਨਪ੍ਰੀਤ ਸਿੰਘ ਬੰਟੀ ਹਾਜ਼ਰ ਸਨ।
'ਆਪ' ਲੀਡਰਸ਼ਿਪ ਨੇ ਲੋਕ ਇਨਸਾਫ ਪਾਰਟੀ ਨੂੰ ਦੱਸਿਆ 'ਮੁਹੱਲਾ ਪਾਰਟੀ'
NEXT STORY