ਚੰਡੀਗੜ੍ਹ (ਵੈੱਬ ਡੈਸਕ, ਅਰਜਨਾ) : ਪੰਜਾਬ 'ਚ ਮਹਾਮਾਰੀ ਫੈਲ ਸਕਦੀ ਹੈ। ਹੜ੍ਹ ਅਤੇ ਬਾਰਸ਼ ਸੂਬੇ ਦੇ ਕਰੀਬ ਸਾਰੇ ਜ਼ਿਲ੍ਹਿਆਂ ਲਈ ਖ਼ਤਰਨਾਕ ਸਾਬਿਤ ਹੋ ਸਕਦੀ ਹੈ। ਸਿਹਤ ਮਾਹਰਾਂ ਦੀ ਮੰਨੀਏ ਤਾਂ ਸੂਬੇ 'ਚ 4 ਪੱਧਰਾਂ 'ਚ ਹੈਲਥ ਅਟੈਕ ਹੋਣ ਦੀ ਸੰਭਾਵਨਾ ਹੈ। ਹੜ੍ਹਾਂ ਮਗਰੋਂ ਪਹਿਲੇ ਪੱਧਰ 'ਚ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਬੀਮਾਰੀਆਂ ਜਿਵੇਂ ਹੈਜਾ, ਡਾਇਰੀਆ, ਟਾਈਫਾਈਡ, ਹੈਪੇਟਾਈਟਸ ਏ ਅਤੇ ਗੈਸਟ੍ਰਿਕ ਬੀਮਾਰੀਆਂ ਲੋਕਾਂ ਨੂੰ ਲਪੇਟ 'ਚ ਲੈ ਸਕਦੀਆਂ ਹਨ। ਖੜ੍ਹੇ ਪਾਣੀ 'ਚ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਬੀਮਾਰੀਆਂ ਜਿਵੇਂ ਕਿ ਮਲੇਰੀਆ, ਡੇਂਗੂ ਅਤੇ ਚਿਕਨਗੁਨੀਆ ਦੇ ਮਾਮਲੇ ਵੱਧਣ ਦੀ ਸੰਭਾਵਨਾ ਹੈ। ਹੜ੍ਹਾਂ ਦੇ ਪਾਣੀ 'ਚ ਮਰੇ ਹੋਏ ਜਾਨਵਰਾਂ, ਸੀਵਰੇਜ ਅਤੇ ਰਸਾਇਣ ਵਾਲੇ ਪਾਣੀ ਕਾਰਨ ਚਮੜੀ ਦੇ ਰੋਗ ਵਾਲੇ ਮਰੀਜ਼ ਵੱਧ ਸਕਦੇ ਹਨ। ਦੂਜੇ ਪੱਧਰ 'ਚ ਫੰਗਲ ਇੰਫੈਕਸ਼ਨ ਵਾਲੇ ਮਰੀਜ਼ਾਂ ਦੀ ਗਿਣਤੀ 'ਚ ਵੀ ਵਾਧਾ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਗਿੱਲੇ ਫਰਨੀਚਰ 'ਚ ਮੌਜੂਦ ਫੰਗਸ ਲੋਕਾਂ ਨੂੰ ਸਾਹ ਲੈਣ ਦੀ ਸਮੱਸਿਆ ਪੈਦਾ ਕਰ ਸਕਦੀ ਹੈ। ਲੋਕਾਂ ਨੂੰ ਸਾਹ ਰੋਗ, ਐਲਰਜੀ, ਨਿਮੋਨੀਆ, ਫੇਫੜਿਆਂ ਦੀ ਸਮੱਸਿਆ ਹੋ ਸਕਦੀ ਹੈ ਅਤੇ ਦਮਾ ਦੇ ਮਰੀਜ਼ਾਂ ਨੂੰ ਅਟੈਕ ਹੋਣ ਦੀ ਸੰਭਾਵਨਾ ਹੈ। ਤੀਜੇ ਪੱਧਰ 'ਚ ਬੱਚਿਆਂ, ਬਜ਼ੁਰਗਾਂ ਦੇ ਨਾਲ-ਨਾਲ ਗਰਭਵਤੀ ਔਰਤਾਂ ਨੂੰ ਸਮੱਸਿਆ ਹੋ ਸਕਦੀ ਹੈ। ਸ਼ੂਗਰ, ਬਲੱਡ ਪ੍ਰੈਸ਼ਰ ਮਰੀਜ਼ਾਂ ਨੂੰ ਵੀ ਕਈ ਤਰ੍ਹਾਂ ਦੀਆਂ ਦਿੱਕਤਾਂ ਆ ਸਕਦੀਆਂ ਹਨ, ਜਿਨ੍ਹਾਂ ਨੂੰ ਹੜ੍ਹਾਂ ਦੌਰਾਨ ਸਮੇਂ ਸਿਰ ਦਵਾਈ ਨਹੀਂ ਮਿਲੇਗੀ। ਜਿਨ੍ਹਾਂ ਮਰੀਜ਼ਾਂ ਦੀ ਡਾਇਲਸਿਸ ਅਤੇ ਕੀਮੋਥੈਰੇਪੀ ਚੱਲ ਰਹੀ ਹੈ, ਉਨ੍ਹਾਂ ਨੂੰ ਦਵਾਈ ਸਮੇਂ 'ਤੇ ਨਹੀਂ ਮਿਲ ਰਹੀ, ਜਿਸ ਕਾਰਨ ਉਨ੍ਹਾਂ ਨੂੰ ਵੀ ਸਮੱਸਿਆ ਆ ਸਕਦੀ ਹੈ। ਚੌਥੇ ਪੱਧਰ 'ਚ ਲੋਕਾਂ ਨੂੰ ਮਾਨਸਿਕ ਸਮੱਸਿਆ ਪੈਦਾ ਹੋ ਜਾਵੇਗੀ। ਜਿਨ੍ਹਾਂ ਲੋਕਾਂ ਦੇ ਘਰ, ਜਾਇਦਾਦ ਹੜ੍ਹਾਂ ਦੇ ਪਾਣੀ 'ਚ ਰੁੜ੍ਹ ਜਾਵੇਗੀ, ਉੁਨ੍ਹਾਂ ਲਈ ਆਰਥਿਕ ਨੁਕਸਾਨ ਸਹਿਣਾ ਸੌਖਾ ਨਹੀਂ ਹੋਵੇਗਾ ਅਤੇ ਉਹ ਮਾਨਸਿਕ ਰੋਗੀ ਬਣ ਜਾਣਗੇ।
ਇਹ ਵੀ ਪੜ੍ਹੋ : 9ਵੀਂ ਵਾਰ ਖੁੱਲ੍ਹੇ ਫਲੱਡ ਗੇਟ, ਇਸ ਤਾਰੀਖ਼ ਤੱਕ ਸਕੂਲਾਂ 'ਚ ਛੁੱਟੀਆਂ, ਪ੍ਰੀਖਿਆਵਾਂ ਵੀ ਮੁਲਤਵੀ
ਸਿਹਤ ਵਿਭਾਗ ਇੰਝ ਕਰ ਰਿਹਾ ਕੰਮ
138 ਨਵੇਂ-ਨਿਯੁਕਤ ਮੈਡੀਕਲ ਅਧਿਕਾਰੀਆਂ ਦੀ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਨਿਯੁਕਤੀ
818 ਰੈਪਿਡ ਰਿਸਪਾਂਸ ਅਤੇ ਮੋਬਾਇਲ ਮੈਡੀਕਲ ਟੀਮਾਂ ਤਾਇਨਾਤ
ਵੈਕਟਰ ਅਤੇ ਪਾਣੀ ਵਾਲੀਆਂ ਬੀਮਾਰੀਆਂ ਨੂੰ ਰੋਕਣ ਲਈ ਫੌਗਿੰਗ
424 ਐਂਬੂਲੈਂਸਾਂ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਸਰਗਰਮ
ਕਰੀਬ ਇਕ ਹਜ਼ਾਰ ਮੈਡੀਕਲ ਕੈਂਪ ਆਯੋਜਿਤ
ਮੈਡੀਕਲ ਕੈਂਪਾਂ 'ਚ 66 ਜ਼ਰੂਰੀ ਦਵਾਈਆਂ ਮੁਹੱਈਆ
ਦਵਾਈਆਂ ਵੰਡਣ ਲਈ 11,103 ਤੋਂ ਜ਼ਿਆਦਾ ਆਸ਼ਾ ਵਰਕਰਾਂ ਤਾਇਨਾਤ
ਗੰਭੀਰ ਮਰੀਜ਼ਾਂ ਦੀ ਐਮਰਜੈਂਸੀ ਏਅਰਲਿਫਟ ਲਈ ਹੈਲੀਕਾਪਟਰ ਸੇਵਾ
ਇਹ ਵੀ ਪੜ੍ਹੋ : ਪੰਜਾਬ 'ਚ ਹੜ੍ਹਾਂ ਦੇ ਅਲਰਟ ਦੌਰਾਨ ਨਵੇਂ ਹੁਕਮ ਜਾਰੀ! ਹੁਣ ਖਾਣ-ਪੀਣ ਦੀਆਂ ਚੀਜ਼ਾਂ...
ਵੰਡਿਆ ਜਾ ਰਿਹਾ ਸਾਫ਼ ਪਾਣੀ
ਪੰਜਾਬ ਦੀ ਡਾਇਰੈਕਟਰ ਹੈਲਥ ਸਰਵਿਸ ਡਾ. ਹਤਿੰਦਰ ਕੌਰ ਦਾ ਕਹਿਣਾ ਹੈ ਕਿ ਲੋਕਾਂ ਲਈ ਪੀਣ ਵਾਲਾ ਸਾਫ਼ ਪਾਣੀ ਪਹੁੰਚਾਇਆ ਜਾ ਰਿਹਾ ਹੈ। ਕਲੋਰੀਨ ਦੀਆਂ ਗੋਲੀਆਂ ਵੰਡੀਆਂ ਜਾ ਰਹੀਆਂ ਹਨ। ਫੌਗਿੰਗ ਕੀਤੀ ਜਾ ਰਹੀ ਹੈ। ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਕਿ ਲੋਕ ਜੇਕਰ ਘਰ ਹਨ ਤਾਂ ਉੱਬਲਿਆ ਹੋਇਆ ਪਾਣੀ ਹੀ ਪੀਣ। ਸਰੀਰ ਨੂੰ ਢੱਕਣ ਵਾਲੇ ਕੱਪੜੇ ਪਾਉਣ। ਵਿਭਾਗ ਦੀਆਂ ਟੀਮਾਂ ਲਗਾਤਾਰ ਲੋਕਾਂ ਦੀ ਮਦਦ ਲਈ ਹੈਲਥ ਕੈਂਪ ਲਾ ਰਹੀਆਂ ਹਨ। ਲੋਕਾਂ ਨੂੰ ਦਵਾਈਆਂ ਵੰਡੀਆਂ ਜਾ ਰਹੀਆਂ ਹਨ।
ਕਈ ਬੀਮਾਰੀਆਂ ਲੈਣਗੀਆਂ ਲਪੇਟੇ 'ਚ
ਚੰਡੀਗੜ੍ਹ 'ਚ ਸੈਕਟਰ-32 ਸਥਿਤ ਬੇਦੀ ਹਸਪਤਾਲ ਦੇ ਮਾਹਰ ਡਾ. ਵਿਕਰਮ ਸਿੰਘ ਬੇਦੀ ਦਾ ਕਹਿਣਾ ਹੈ ਕਿ ਹੜ੍ਹਾਂ ਤੋਂ ਬਾਅਦ ਕਈ ਤਰ੍ਹਾਂ ਦੀਆਂ ਬੀਮਾਰੀਆਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਸਕਦੀਆਂ ਹਨ। ਵਾਤਾਵਰਣ 'ਚ ਕਈ ਤਰ੍ਹਾਂ ਦੇ ਇੰਫੈਕਸ਼ਨ ਰੋਗ ਪੈਦਾ ਹੋ ਸਕਦੇ ਹਨ। ਫੰਗਲ, ਬੈਕਟੀਰੀਅਲ ਇੰਫੈਕਸ਼ਨ ਲੋਕਾਂ ਨੂੰ ਕਈ ਕਿਸਮ ਦੀ ਐਲਰਜੀ ਅਤੇ ਬੀਮਾਰੀਆਂ ਦੇਣਗੇ।
ਲੱਗ ਸਕਦੇ ਹਨ ਚਮੜੀ ਰੋਗ
ਜੀ. ਐੱਮ. ਸੀ. ਐੱਚ.-32 ਦੇ ਡਾਇਰੈਕਟਰ ਪ੍ਰਿੰਸੀਪਲ ਅਤੇ ਚਮੜੀ ਰੋਗ ਮਾਹਰ ਡਾ. ਜੀ. ਧਾਮੀ ਦਾ ਕਹਿਣਾ ਹੈ ਕਿ ਬਾਰਸ਼ ਅਤੇ ਗਰਮੀ ਮਿਲ ਕੇ ਹਵਾ 'ਚ ਨਮੀ ਦੀ ਮਾਤਰਾ ਵਧਾਉਂਦੀਆਂ ਹਨ ਅਤੇ ਇਸ ਕਾਰਨ ਕਈ ਤਰ੍ਹਾਂ ਦੇ ਫੰਗਲ ਇੰਫੈਕਸ਼ਨ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਰਾਜਪਾਲ ਵੱਲੋਂ ਹੜ੍ਹ ਪ੍ਰਭਾਵਿਤ ਪੰਜ ਜ਼ਿਲ੍ਹਿਆਂ ਦੀ ਰਿਪੋਰਟ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਨੂੰ ਸੌਂਪੀ
NEXT STORY