ਲੁਧਿਆਣਾ, (ਸਹਿਗਲ)- ਬੀਤੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਸੂਬੇ ’ਚ ਡੇਂਗੂ ਦਾ ਖਤਰਾ ਸਿਰ ਚੁੱਕਣ ਲੱਗਾ ਹੈ। ਵਾਰ-ਵਾਰ ਹੋ ਰਹੀ ਬਾਰਿਸ਼ ਤੋਂ ਮਾਹਿਰਾਂ ਨੇ ਪਹਿਲਾਂ ਹੀ ਸਾਵਧਾਨ ਰਹਿਣ ਦੀ ਚਿਤਾਵਨੀ ਦਿੱਤੀ ਹੈ। ਹੁਣ ਤਕ ਰਾਜ ਦੇ ਸਿਹਤ ਵਿਭਾਗ ਦੇ ਵੱਖ-ਵੱਖ ਜ਼ਿਲਿਆਂ ਤੋਂ 94 ਡੇਂਗੂ ਦੇ ਮਾਮਲਿਆਂ ਦੀ ਪੁਸ਼ਟੀ ਕਰ ਦਿੱਤੀ ਹੈ, ਜਦ ਕਿ ਲੁਧਿਆਣਾ ਵਿਚ ਸਾਹਮਣੇ ਆ 50 ਦੇ ਕਰੀਬ ਮਾਮਲਿਆਂ ਨੂੰ ਸਿਹਤ ਵਿਭਾਗ ਨੇ ਸ਼ੱਕੀ ਮਰੀਜ਼ਾਂ ਦੀ ਸ਼੍ਰੇਣੀ ਵਿਚ ਰੱਖਿਆ ਹੈ।
ਜਗ੍ਹਾ-ਜਗ੍ਹਾ ਮਿਲ ਰਿਹਾ ਮੱਛਰਾਂ ਦਾ ਲਾਰਵਾ
ਸਿਹਤ ਸਿਭਾਗ ਦੀਆਂ ਟੀਮਾਂ ਨੂੰ ਸਰਵੇ ਦੌਰਾਨ ਜਗ੍ਹਾ-ਜਗ੍ਹਾ ’ਤੇ ਰੁਕੇ ਪਾਣੀ ਵਿਚ ਡੇਂਗੂ ਦਾ ਲਾਰਵਾ ਮਿਲ ਰਿਹਾ ਹੈ ਪਰ ਲਗਾਤਾਰ ਬਾਰਿਸ਼ ਕਾਰਨ ਹਰ ਜਗ੍ਹਾ ਪਹੁੰਚਣਾ ਵੀ ਸੰਭਵ ਨਹੀਂ ਹੈ। ਡੇਂਗੂ ਮੱਛਰ ਦਾ ਲਾਰਵਾ ਮਿਲਣ ਤੋਂ ਇਹ ਸੰਕੇਤ ਮਿਲਦਾ ਹੈ ਕਿ ਡੇਂਗੂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਅਤੇ ਡੇਂਗੂ ਦਾ ਜ਼ਹਿਰ ਫੈਲਣ ਦਾ ਖਤਰਾ ਹੈ। ਜ਼ਿਲਾ ਮਲੇਰੀਆ ਅਫਸਰ ਡਾ. ਰਮੇਸ਼ ਅਨੁਸਾਰ ਉਨ੍ਹਾਂ ਦੀਆਂ ਟੀਮਾਂ ਜਗ੍ਹਾ-ਜਗ੍ਹਾ ਸਰਵੇ ਕਰ ਕੇ ਮੱਛਰ ਦਾ ਲਾਰਵਾ ਨਸ਼ਟ ਕਰ ਰਹੀਆਂ ਹਨ ਅਤੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਕਰਨ ਲਈ ਜਾਗਰੂਕ ਵੀ ਕੀਤਾ ਜਾ ਰਿਹਾ ਹੈ।
ਐਂਟੀ ਡੇਂਗੂ ਮੁਹਿੰਮ ਦੌਰਾਨ ਖਰਚੇ 5 ਲੱਖ
ਸਰਕਾਰ ਨੇ ਡੇਂਗੂ ਜ਼ਹਿਰ ਦਾ ਕਾਰਨ ਬਣੇ ਏਂਡੀਜ਼ ਨਾਮਕ ਮੱਛਰ ਦੀ ਰੋਕਥਾਮ ਲਈ ਜੂਨ ਮਹੀਨੇ ਵਿਚ ਸਿਰਫ 5 ਲੱਖ ਰੁਪਏ ਖਰਚ ਕੀਤੇ, ਜਿਨ੍ਹਾਂ ਵਿਚ ਪਟਿਆਲਾ ਤੇ ਮੋਹਾਲੀ ਵਿਚ ਵੱਧ ਤੋਂ ਵੱਧ 45-45 ਲੱਖ ਰੁਪਏ ਦੇ ਫੰਡ ਭੇਜੇ, ਬਠਿੰਡਾ, ਲੁਧਿਆਣਾ ਵਿਚ 40 ਹਜ਼ਾਰ, ਅੰਮ੍ਰਿਤਸਰ ਤੇ ਜਲੰਧਰ ਵਿਚ 25-25 ਹਜ਼ਾਰ, ਸੰਗਰੂਰ ਵਿਚ 30 ਹਜ਼ਾਰ ਤੋਂ ਇਲਾਵਾ ਹੋਰਨਾਂ ਜ਼ਿਲਿਆਂ ਨੂੰ 20-20 ਹਜ਼ਾਰ ਅਤੇ 15-15 ਹਜ਼ਾਰ ਰੁਪਏ ਦੇ ਕੇ ਐਂਟੀ ਡੇਂਗੂ ਮਹੀਨਾ ਮਨਾਉਣ ਅਤੇ ਮੱਛਰਾਂ ਬਾਰੇ ਹੁਕਮ ਦਿੱਤੇ। ਮਾਹਿਰਾਂ ਅਨੁਸਾਰ ਇਹ ਰਕਮ ਊਠ ਦੇ ਮੂੰਹ ’ਚ ਜ਼ੀਰੇ ਬਰਾਬਰ ਸੀ। ਨੈਸ਼ਨਲ ਹੈਲਥ ਮਿਸ਼ਨ ਤਹਿਤ ਭੇਜੇ ਇਨ੍ਹਾਂ ਪੈਸਿਆਂ ਨਾਲ ਸਰਕਾਰ ਦੀ ਮਨਸ਼ਾ ਸਾਫ ਦਿਖਾਈ ਦੇ ਰਹੀ ਹੈ ਕਿ ਉਹ ਬੀਤੇ ਸਾਲਾਂ ਵਿਚ ਡੇਂਗੂ ਦੇ ਤਜ਼ਰਬਿਆਂ ਨੂੰ ਲੈ ਕੇ ਗੰਭੀਰ ਨਹੀਂ ਦਿਖਾਈ ਦੇ ਰਹੀ ਹੈ।
ਕੀ ਹੈ ਇਲਾਜ
ਮਾਹਿਰਾਂ ਅਨੁਸਾਰ ਡੇਂਗੂ ਜ਼ਹਿਰ ਦੀ ਸ਼ੱਕ ਹੋਣ ’ਤੇ ਜਲਦੀ ਕਿਸੇ ਯੋਗ ਡਾਕਟਰ ਜਾਂ ਹਸਪਤਾਲ ਵਿਚ ਇਲਾਜ ਕਰਵਾਓ। ਬੁਖਾਰ ਵਿਚ ਸਿਰਫ ਪੈਰਾਸੀਟਾਮੋਲ, ਕ੍ਰੋਸੀਨ ਦੀ ਗੋਲੀ ਲਓ ਅਤੇ ਭੁੱਲ ਕੇ ਵੀ ਡਿਸਪ੍ਰਿਨ, ਐਸਪ੍ਰੀਨ ਆਦਿ ਦੀ ਗੋਲੀ ਨਾ ਖਾਓ। ਇਲਾਜ ਤੋਂ ਪਹਿਲਾਂ ਡਾਕਟਰ ਦੀ ਸਲਾਹ ਲਓ। ਡੇਂਗੂ ਦੀ ਜਾਂਚ ਲਈ ਬਲੱਡ ਟੈਸਟ ਕਰਵਾਓ। ਸਰਕਾਰੀ ਹਸਪਤਾਲਾਂ ਵਿਚ ਇਹ ਸਹੂਲਤ ਮੁਫਤ ਦਿੱਤੀ ਜਾ ਰਹੀ ਹੈ।
ਕਿਸ ਤਰ੍ਹਾਂ ਕਰੀਏ ਬਚਾਅ
ਸਿਵਲ ਸਰਜਨ ਡਾ. ਪਰਵਿੰਦਰ ਪਾਲ ਸਿੰਘ ਸਿੱਧੂ ਅਨੁਸਾਰ ਹਫਤੇ ਵਿਚ ਇਕ ਵਾਰ ਕੂਲਰ ਸੁਕਾ ਕੇ ਰੱਖੋ। ਘਰਾਂ ਦੇ ਆਲੇ-ਦੁਆਲੇ ਤੇ ਛੱਤ ’ਤੇ ਬਾਰਿਸ਼ ਦਾ ਪਾਣੀ ਇਕੱਠਾ ਨਾ ਹੋਣ ਦਿਓ ਅਤੇ ਘਰਾਂ ਵਿਚ ਮੱਛਰ ਭਜਾਉਣ ਵਾਲੇ ਮੈਟ ਲਗਾ ਕੇ ਰੱਖੋ। ਮੱਛਰ ਮਾਰਨ ਵਾਲੀ ਦਵਾਈ ਦਾ ਛਿਡ਼ਕਾਅ ਕਰੋ ਅਤੇ ਪੂਰਾ ਬਦਨ ਢਕਣ ਵਾਲੇ ਕੱਪਡ਼ੇ ਪਹਿਨ ਕੇ ਰੱਖੋ।
ਸਰਕਾਰੀ ਹਸਪਤਾਲਾਂ ’ਚ ਨਹੀਂ ਬਣੇ ਡੇਂਗੂ
ਕਾਰਨਰ ਅਤੇ ਨਾ ਹੀ ਲਾਏ ਬੋਰਡ
ਸੂਬੇ ਦੀ ਸਿਹਤ ਨਿਰਦੇਸ਼ਕ ਡਾ. ਜਸਪਾਲ ਕੌਰ ਨੇ ਸਾਰੇ ਜ਼ਿਲਿਆਂ ਦੇ ਜਨਾਂ ਨੂੰ ਪੱਤਰ ਲਿਖ ਕੇ ਸਰਕਾਰੀ ਹਸਪਤਾਲਾਂ ਵਿਚ ਡੇਂਗੂ, ਚਿਕਨਗੁਨੀਆ ਤੇ ਮਲੇਰੀਆ ਦੇ ਸੰਭਾਵਿਤ ਮਰੀਜ਼ਾਂ ਦੇ ਮੱਦੇਨਜ਼ਰ ਫੀਵਰ ਕਾਰਨਰ ਬਣਾਉਣ ਲਈ ਕਿਹਾ ਸੀ। 2 ਅਗਸਤ ਨੂੰ ਲਿਖੇ ਪੱਤਰ ਤੋਂ ਬਾਅਦ ਅਜੇ ਤਕ ਕਿਸੇ ਵੀ ਹਸਪਤਾਲ ਵਿਚ ਫੀਵਰ ਕਾਰਨਰ ਨਹੀਂ ਬਣਾਏ ਗਏ ਅਤੇ ਨਾ ਹੀ ਹੁਕਮਾਂ ਅਨੁਸਾਰ ਹਸਪਤਾਲਾਂ ’ਚ ਡਿਸਪਲੇਅ ਬੋਰਡ ਲਗਾ ਕੇ ਡੇਂਗੂ ਦੇ ਮੁਫਤ ਟੈਸਟ ਤੇ ਇਲਾਜ ਬਾਰੇ ਲੋਕ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਕਈ ਹਸਪਤਾਲਾਂ ਵਿਚ ਤਾਂ ਅਜੇ ਡੇਂਗੂ ਵਾਰਡ ਵੀ ਨਹੀਂ ਬਣਾਏ ਗਏ।
ਪੰਜਾਬ ’ਚ 3 ਡੇਨ ਸਰਗਰਮ
ਡੇਂਗੂ ਦਾ ਮੱਛਰ ਚਾਰ ਤਰ੍ਹਾਂ ਦੀ ਵਿਸ਼ੇਸ਼ਤਾ ਲਈ ਹੁੰਦਾ ਹੈ। ਇਨ੍ਹਾਂ ਚਾਰ ਤਰ੍ਹਾਂ ਨੂੰ ਡੇਨ-1, 2, 3 ਅਤੇ 4 ਦੇ ਨਾਮ ਨਾਲ ਬੁਲਾਇਆ ਜਾਂਦਾ ਹੈ। ਆਮ ਤੌਰ ’ਤੇ 1 ਜਾਂ 2 ਤਰ੍ਹਾਂ ਦਾ ਮੱਛਰ ਸਰਗਰਮ ਹੁੰਦਾ ਹੈ ਪਰ ਇਸ ਵਾਰ 3 ਤਰ੍ਹਾਂ ਦਾ ਮੱਛਰ ਰਾਜ ਵਿਚ ਸਰਗਰਮ ਹੈ। ਸਟੇਟ ਪ੍ਰੋਗਰਾਮ ਅਫਸਰ ਡਾ. ਗਗਨਦੀਪ ਗਰੋਵਰ ਅਨੁਸਾਰ ਇਸ ਵਾਰੀ ਡੇਨ-1, 2 ਤੇ 4 ਸਰਗਰਮ ਹੈ। ਲੋਕਾਂ ਨੂੰ ਵੱਧ ਸਾਵਧਨ ਰਹਿਣ ਦੀ ਲੋਡ਼ ਹੈ।
ਸ਼ੁੱਕਰਵਾਰ ਮਨਾਓ ਡ੍ਰਾਈ-ਡੇਅ
ਜ਼ਿਲਾ ਐਪਡਿਲਾਜਿਸਟ ਡਾ. ਰਮੇਸ਼ ਭਗਤ ਅਨੁਸਾਰ ਹਰ ਸ਼ੁੱਕਰਵਾਰ ਨੂੰ ਡ੍ਰਾਈ-ਡੇਅ ਮਨਾਓ। ਇਸ ਦਿਨ ਕੂਲਰਾਂ ਤੋਂ ਪਾਣੀ ਕੱਢ ਦਿਓ ਅਤੇ ਘਰਾਂ ਦੇ ਆਲੇ-ਦੁਆਲੇ ਖਡ਼੍ਹੇ ਪਾਣੀ ਨੂੰ ਕੱਢੋ। ਇਨ੍ਹੀਂ ਦਿਨੀਂ ਗਮਲਿਆਂ ਵਿਚ ਵੱਧ ਪਾਣੀ ਨਾ ਪਾਓ।
ਕੀ ਹਨ ਲੱਛਣ
ਸਿਰਦਰਦ, ਤੇਜ਼ ਬੁਖਾਰ, ਅੱਖਾਂ ਦੇ ਪਿੱਛੇ ਦਰਦ, ਸਰੀਰ ਦੇ ਸਾਰੇ ਜੋਡ਼ ਦੁਖਣਾ, ਪੇਟ ਦਰਦ, ਸਰੀਰ ’ਤੇ ਲਾਲ ਦਾਣੇ ਉੱਭਰ ਕੇ ਆਉਣੇ।
ਬ੍ਰੇਕ ਫੇਲ ਹੋਣ ’ਤੇ ਓਵਰ ਸਪੀਡ ਬੱਸ ਨੇ ਐਕਟਿਵਾ ਸਵਾਰ ਦਾ ਸਿਰ ਕੁਚਲਿਆ
NEXT STORY