ਜਲੰਧਰ (ਸ਼ੋਰੀ)— 11 ਦਸੰਬਰ ਨੂੰ ਗੜ੍ਹਸ਼ੰਕਰ ਵਿਖੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤੇ ਗਏ 26 ਸਾਲਾ ਨੌਜਵਾਨ ਦਵਿੰਦਰ ਸਿੰਘ ਦਾ ਮਾਮਲਾ ਭੱਖਦਾ ਜਾ ਰਿਹਾ ਹੈ। ਪਰਿਵਾਰ ਵੱਲੋਂ ਅਜੇ ਤੱਕ ਲਾਸ਼ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ ਹੈ। ਪੂਰੇ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਅੱਜ ਪਰਿਵਾਰ ਵੱਲੋਂ ਤੀਜੀ ਵਾਰੀ ਬੰਗਾ ਚੌਕ 'ਚ ਜਾਮ ਲਗਾ ਕੇ ਪੁਲਸ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪਰਿਵਾਰ ਵਾਲਿਆਂ ਦੀ ਮੰਗ ਹੈ ਕਿ ਜਦੋਂ ਤੱਕ ਪੁਲਸ ਵੱਲੋਂ ਸਾਰੇ ਮੁਲਜ਼ਮ ਨਹੀਂ ਫੜੇ ਜਾਂਦੇ, ਉਹ ਉਦੋਂ ਤੱਕ ਲਾਸ਼ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ। ਦਵਿੰਦਰ ਦੀ ਲਾਸ਼ ਅਜੇ ਤੱਕ ਸਰਕਾਰੀ ਹਸਪਤਾਲ 'ਚ ਪਈ ਹੋਈ ਹੈ। ਵੱਡੀ ਗਿਣਤੀ 'ਚ ਪੁਲਸ ਦੀ ਤਾਇਨਾਤੀ ਕੀਤੀ ਗਈ ਹੈ।
ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਗਾਇਆ ਅਜੇ ਤੱਕ ਸਿਰਫ ਤਿੰਨ ਦੋਸ਼ੀਆਂ ਨੂੰ ਹੀ ਗ੍ਰਿਫਤਾਰ ਕੀਤਾ ਗਿਆ ਹੈ ਜਦਕਿ ਮੁੱਖ ਦੋਸ਼ੀ ਦਰਸ਼ਨ ਲਾਲ ਦਰਸ਼ੀ ਨੂੰ ਪੁਲਸ ਅੱਜ ਤੱਕ ਫੜਨ 'ਚ ਅਸਫਲ ਰਹੀ ਹੈ। ਮ੍ਰਿਤਕ ਦੇ ਪਰਿਵਾਰ ਨੇ ਧਰਨੇ ਦੌਰਾਨ ਪੁਲਸ ਨੂੰ ਸਪੱਸ਼ਟ ਕਹਿ ਦਿੱਤਾ ਕਿ ਜਦੋਂ ਤੱਕ ਸਾਰੇ ਦੋਸ਼ੀ ਫੜੇ ਨਹੀਂ ਜਾਂਦੇ, ਉਦੋਂ ਤੱਕ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ।

ਉਥੇ ਹੀ ਧਰਨੇ 'ਚ ਪਰਿਵਾਰ ਦੇ ਨਾਲ ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਵੀ ਮੌਜੂਦ ਰਹੇ। ਮੌਕੇ 'ਤੇ ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਕੋਈ ਸਿਆਸੀ ਮੁੱਦਾ ਨਾ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਸਿਰਫ ਨੌਜਵਾਨ ਦੇ ਇਨਸਾਫ ਦੀ ਗੱਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਹ ਅਕਾਲੀ-ਕਾਂਗਰਸੀਆਂ ਦਾ ਮਸਲਾ ਨਹੀਂ ਹੈ ਸਗੋਂ ਇਕ ਨੌਜਵਾਨ ਦੇ ਕਤਲ ਦਾ ਮਸਲਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਦੇ ਸਮੇਂ ਬੇਹੱਦ ਬੇਇਨਸਾਫੀਆਂ ਹੋਈਆਂ ਹਨ, ਜਿਨ੍ਹਾਂ ਦਾ ਕੱਚਾ ਚਿੱਠਾ ਉਨ੍ਹਾਂ ਦੇ ਕੋਲ ਹੈ। ਇਹ ਬੱਚਾ ਕਾਂਗਰਸੀਆਂ ਦਾ ਸੀ ਅਤੇ ਕਾਂਗਰਸੀ ਪਰਿਵਾਰ ਨੂੰ ਇਨਸਾਫ ਦਿਵਾ ਕੇ ਰਹਿਣਗੇ।

ਬੀਤੇ ਦਿਨੀਂ ਦਿੱਤੇ ਗਏ ਧਰਨੇ 'ਚ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਪੁਲਸ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਦੇ ਦੋਸ਼ ਲਾਇਆ ਸੀ ਕਿ ਪੁਲਸ ਦੇ ਕੁਝ ਅਧਿਕਾਰੀ ਉਨ੍ਹਾਂ ਦੀ ਗੱਲ ਸੁਣਨ ਦੀ ਬਜਾਏ ਉਨ੍ਹਾਂ ਨਾਲ ਠੀਕ ਤਰ੍ਹਾਂ ਵਿਵਹਾਰ ਵੀ ਨਹੀਂ ਕਰ ਰਹੇ। ਉਨ੍ਹਾਂ ਦਾ ਦੋਸ਼ ਇਹ ਵੀ ਸੀ ਕਿ ਪੁਲਸ ਨੇ ਚਸ਼ਮਦੀਦ ਗਵਾਹਾਂ ਨੂੰ ਕਿਸੇ ਪ੍ਰਕਾਰ ਦੀ ਪ੍ਰੋਟੈਕਸ਼ਨ ਨਹੀਂ ਦਿੱਤੀ, ਜਦਕਿ ਕਾਤਲ ਅੱਜ ਵੀ ਖੁੱਲ੍ਹੇਆਮ ਘੁੰਮ ਰਹੇ ਹਨ। ਇਸ ਲਈ ਖਦਸ਼ਾ ਹੈ ਕਿ ਕਾਤਲ ਮੌਕੇ ਦੇ ਗਵਾਹਾਂ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਹਨ।

ਇਨ੍ਹਾਂ ਖਿਲਾਫ ਹੈ ਕੇਸ ਦਰਜ
ਸੇਖੋਵਾਲ 'ਚ ਦਵਿੰਦਰ ਬੰਟੀ ਦੇ ਕਤਲ ਦੇ ਸਬੰਧ 'ਚ ਪੁਲਸ ਨੇ ਧਾਰਾ 302, 452, 427, 146, 149 ਅਤੇ 25,27,54, 59 ਐਕਟ ਦੇ ਅਧੀਨ ਦਰਸ਼ਨ ਲਾਲ, ਮਹਿੰਦਰ ਪਾਲ, ਅਜੇ ਕੁਮਾਰ, ਲਵਲੀ, ਅਸ਼ੋਕ ਕੁਮਾਰ, ਗੋਲੂ, ਮੱਟੂ, ਗੁਰਮੁੱਖ ਸਿੰਘ ਅਤੇ 9 ਦੇ ਕਰੀਬ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਇਨ੍ਹਾਂ 'ਚੋਂ ਪੁਲਸ ਵੱਲੋਂ ਗੁਰਮੁੱਖ ਸਿੰਘ, ਲੱਕੀ ਅਤੇ ਅਜੇ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। ਜਦਕਿ ਬਾਕੀ ਸਾਰੇ ਮੁਲਜ਼ਮ ਅਜੇ ਫਰਾਰ ਹਨ।

ਪੁਲਸ ਨੂੰ ਕਿਉਂ ਵਾਰ-ਵਾਰ ਨਿੰਦ ਰਹੇ ਪ੍ਰਦਰਸ਼ਨਕਾਰੀ
ਸੇਖੋਵਾਲ 'ਚ ਨੌਜਵਾਨ ਬੰਟੀ ਦੇ ਕਤਲ ਤੋਂ ਬਾਅਦ ਲੱਗੇ ਦੋ ਧਰਨਿਆਂ 'ਚ ਪੁਲਸ ਖਿਲਾਫ ਹੋਈ ਨਾਅਰੇਬਾਜ਼ੀ 'ਚ ਜੋ ਗੱਲ ਸਾਹਮਣੇ ਆਈ ਹੈ, ਉਨ੍ਹਾਂ 'ਚ ਪ੍ਰਦਰਸ਼ਨਕਾਰੀਆਂ ਦਾ ਦੋਸ਼ ਸੀ ਕਿ ਕਤਲ ਤੋਂ ਕੁਝ ਦਿਨ ਪਹਿਲਾਂ ਮ੍ਰਿਤਕ ਦੀ ਮਾਤਾ ਨੇ ਪੁਲਸ ਨੂੰ ਹਮਲਾਵਰਾਂ ਵਿਰੁੱਧ ਸ਼ਿਕਾਇਤ ਦਿੱਤੀ ਸੀ। ਪੁਲਸ ਚੌਕੀ ਬੀਨੇਵਾਲ ਦੇ ਇੰਚਾਰਜ ਨੇ ਇਸ ਸਬੰਧੀ ਕੋਈ ਠੋਸ ਕਦਮ ਨਹੀਂ ਚੁੱਕਿਆ, ਜਿਸ ਕਾਰਨ ਗੱਲ ਕਤਲ ਤੱਕ ਜਾ ਪਹੁੰਚੀ। ਦੱਸਣਯੋਗ ਹੈ ਕਿ 11 ਦਸੰਬਰ ਨੂੰ ਦਿਨ-ਦਿਹਾੜੇ ਗੜ੍ਹਸ਼ੰਕਰ ਦੇ ਪਿੰਡ ਸੇਖੋਵਾਲ 'ਚ ਤੇਜ਼ਧਾਰ ਹਥਿਆਰਾਂ ਦੇ ਨਾਲ ਦਵਿੰਦਰ ਪ੍ਰਕਾਸ਼ ਸਿੰਘ ਉਰਫ ਬੰਟੀ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਮੁਲਜ਼ਮਾਂ ਵੱਲੋਂ ਫਾਇਰ ਵੀ ਕੀਤੇ ਗਏ ਸਨ।
ਲੁਧਿਆਣਾ ਦੇ ਮਾਲੀ ਗੰਜ ਇਲਾਕੇ 'ਚ ਚੱਲੀ ਗੋਲੀ, ਸਹਿਮ ਦਾ ਮਾਹੌਲ
NEXT STORY