ਜਲੰਧਰ (ਚੋਪੜਾ, ਸੁਧੀਰ)- ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ 2014 ਤਹਿਤ ਬਣਾਏ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਟਰੈਵਲ ਏਜੰਟਾਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਇਕ ਹੁਕਮ ਰਾਹੀਂ 495 ਇਮੀਗ੍ਰੇਸ਼ਨ ਕੰਸਲਟੈਂਟਾਂ, ਆਈਲੈਟਸ ਸੈਂਟਰਾਂ ਤੇ ਟਿਕਟਿੰਗ ਏਜੰਟਾਂ ਦੇ ਲਾਇਸੰਸ ਮੁਅੱਤਲ ਕਰਨ ਨਾਲ ਟ੍ਰੈਵਲ ਕਾਰੋਬਾਰੀਆਂ ਵਿਚਾਲੇ ਹਫੜਾ-ਦਫੜੀ ਮੱਚ ਗਈ ਹੈ।
ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਉਨ੍ਹਾਂ ਇਮੀਗ੍ਰੇਸ਼ਨ ਕੰਸਲਟੈਂਟ ਅਤੇ ਆਈਲੈਟਸ ਸੈਂਟਰਾਂ ਦੀ ਸੂਚੀ ਜਨਤਕ ਕੀਤੀ ਜਿਨ੍ਹਾਂ ਦੇ ਲਾਇਸੈਂਸ ਮੁਅੱਤਲ ਕੀਤੇ ਗਏ ਹਨ। ਇਸ ਵਿਚ ਸਟੱਡੀ ਵੀਜ਼ਾ, ਵਰਕ ਪਰਮਿਟ ਸਮੇਤ ਟਰੈਵਲ ਦਾ ਕਾਰੋਬਾਰ ਕਰਨ ਵਾਲੀਆਂ ਕਈ ਉੱਘੀਆਂ ਸ਼ਖ਼ਸੀਅਤਾਂ ਦੇ ਨਾਂ ਸ਼ਾਮਲ ਹਨ ਅਤੇ ਆਈਲੈਟਸ ਦੀ ਤਿਆਰੀ ਕਰਵਾਉਣ ਵਾਲੇ ਕਈ ਵੱਡੇ ਅਦਾਰੇ ਵੀ ਹਨ, ਜਿਨ੍ਹਾਂ ਦੇ ਲਾਇਸੰਸ ਮੁਅੱਤਲ ਕਰ ਦਿੱਤੇ ਗਏ ਹਨ। ਇਸ ਕਾਰਵਾਈ ਤੋਂ ਬਾਅਦ ਜਿੱਥੇ ਇਮੀਗ੍ਰੇਸ਼ਨ ਅਤੇ ਆਈਲੈਟਸ ਨਾਲ ਸਬੰਧਤ ਇਨ੍ਹਾਂ ਲੋਕਾਂ ਦਾ ਕਾਰੋਬਾਰ ਫਿਲਹਾਲ ਬੰਦ ਹੋ ਜਾਵੇਗਾ, ਉੱਥੇ ਹੀ ਸੈਂਕੜੇ ਲੋਕਾਂ ਵੱਲੋਂ ਲਗਾਈਆਂ ਫਾਈਲਾਂ ਅਤੇ ਆਈਲੈਟਸ ਦੀ ਤਿਆਰੀ ਕਰ ਰਹੇ ਬੱਚਿਆਂ ਦਾ ਭਵਿੱਖ ਵੀ ਅੱਧ ਵਿਚਾਲੇ ਲਟਕ ਜਾਵੇਗਾ।
ਜ਼ਿਕਰਯੋਗ ਹੈ ਕਿ ਲੋਕਾਂ ਨੂੰ ਵਿਦੇਸ਼ ਭੇਜਣ ਦੀ ਆੜ 'ਚ ਠੱਗਾਂ ਅਤੇ ਫਰਜ਼ੀ ਟਰੈਵਲ ਏਜੰਟਾਂ ਵੱਲੋਂ ਭੋਲੇ-ਭਾਲੇ ਲੋਕਾਂ ਨਾਲ ਠੱਗੀ ਮਾਰਨ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ 1320 ਇਮੀਗ੍ਰੇਸ਼ਨ ਕੰਸਲਟੈਂਟ, ਟਿਕਟਿੰਗ ਏਜੰਟਾਂ, ਆਈਲੈਟਸ ਸੈਂਟਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਸਨ, ਜਿਨ੍ਹਾਂ 'ਚੋਂ 495 ਨੇ ਆਪਣਾ ਲਿਖਤੀ ਜਵਾਬ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਹੀਂ ਦਿੱਤਾ ਸੀ।
ਕੰਸਲਟੈਂਟ ਅਤੇ ਆਈਲੈਟਸ ਸੈਂਟਰਾਂ ਦੇ ਸੰਚਾਲਕਾਂ ਨੂੰ ਹਰ ਮਹੀਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਰਿਪੋਰਟ ਦੇਣੀ ਲਾਜ਼ਮੀ ਹੈ ਕਿ ਕਿੰਨੇ ਲੋਕਾਂ ਨੂੰ ਆਈਲੈਟਸ ਕਰਵਾਈ ਗਈ ਹੈ ਅਤੇ ਕਿੰਨੇ ਲੋਕਾਂ ਨੂੰ ਵਿਦੇਸ਼ ਭੇਜਿਆ ਗਿਆ ਹੈ ਅਤੇ ਉਨ੍ਹਾਂ ਲੋਕਾਂ ਤੋਂ ਇਸ ਕੰਮ ਲਈ ਕਿੰਨੇ ਪੈਸੇ ਲਏ ਗਏ ਹਨ। ਪਰ ਟਰੈਵਲ ਕਾਰੋਬਾਰ ਨਾਲ ਜੁੜੇ ਲੋਕ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਲੋਕਾਂ ਦੀ ਅੰਨ੍ਹੇਵਾਹ ਲੁੱਟ ਕਰ ਰਹੇ ਸਨ, ਜਿਸ ਦੇ ਮੱਦੇਨਜ਼ਰ ਡੀ.ਸੀ. ਨੇ ਸਖ਼ਤ ਸਟੈਂਡ ਲਿਆ ਅਤੇ ਨੋਟਿਸ ਦਾ ਜਵਾਬ ਨਾ ਦੇਣ ਵਾਲੇ ਸਾਰੇ 495 ਟਰੈਵਲ ਕਾਰੋਬਾਰੀਆਂ ਦੇ ਲਾਇਸੈਂਸ ਇਕ ਝਟਕੇ ਵਿਚ ਮੁਅੱਤਲ ਕਰ ਦਿੱਤੇ।
ਡਿਪਟੀ ਕਮਿਸ਼ਨਰ ਦੇ ਹੁਕਮਾਂ ਤੋਂ ਬਾਅਦ ਜਿਨ੍ਹਾਂ ਟਰੈਵਲ ਕਾਰੋਬਾਰੀਆਂ ਅਤੇ ਆਈਲੈਟਸ ਸੈਂਟਰਾਂ ਦੇ ਨਾਂ ਮੁਅੱਤਲ ਕੀਤੇ ਕਾਰੋਬਾਰੀਆਂ ਦੀ ਸੂਚੀ ਵਿਚ ਸ਼ਾਮਲ ਹਨ,ਉਨ੍ਹਾਂ ਨੂੰ ਸਾਰਾ ਦਿਨ ਖ਼ੌਫ ਪਿਆ ਰਿਹਾ, ਕਿਉਂਕਿ ਡੀ.ਸੀ. ਦੇ ਹੁਕਮਾਂ ਤੋਂ ਬਾਅਦ ਹੁਣ ਕਮਿਸ਼ਨਰੇਟ ਪੁਲਿਸ ਤੇ ਐੱਸ.ਐੱਸ.ਪੀ. ਵੱਲੋਂ ਮੁਅੱਤਲ ਕੀਤੇ ਟਰੈਵਲ ਕਾਰੋਬਾਰੀਆਂ ਦੇ ਦਫ਼ਤਰਾਂ ਵਿਚ ਅਚਨਚੇਤ ਚੈਕਿੰਗ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਇਸ ਦੌਰਾਨ ਜੇਕਰ ਲਾਇਸੈਂਸ ਮੁਅੱਤਲ ਹੋਣ ਦੇ ਬਾਵਜੂਦ ਵੀ ਕੋਈ ਦਫ਼ਤਰ ਖੁੱਲ੍ਹਾ ਪਾਇਆ ਗਿਆ ਤਾਂ ਉਸ ਚਾਲਕ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫਰਜ਼ੀ ਟਰੈਵਲ ਕਾਰੋਬਾਰੀਆਂ ਖ਼ਿਲਾਫ਼ ਧੋਖਾਧੜੀ ਦੀਆਂ ਮਿਲ ਰਹੀਆਂ ਸ਼ਿਕਾਇਤਾਂ ਕਾਰਨ ਉਨ੍ਹਾਂ 'ਤੇ ਸ਼ਿਕੰਜਾ ਕੱਸਿਆ ਹੋਇਆ ਹੈ। ਇਸ ਤੋਂ ਪਹਿਲਾਂ ਵੀ ਸ਼ਿਕਾਇਤਾਂ ਮਿਲਣ ਅਤੇ ਨਿਯਮ ਦੀ ਉਲੰਘਣਾ ਕਰਨ ਦੇ ਮਾਮਲੇ ਵਿਚ ਕਈ ਟਰੈਵਲ ਏਜੰਟਾਂ ਦੇ ਲਾਇਸੈਂਸ ਮੁਅੱਤਲ ਅਤੇ ਰੱਦ ਹੁੰਦੇ ਰਹੇ ਹਨ ਪਰ ਐਨੀ ਵੱਡੀ ਗਿਣਤੀ ਵਿਚ ਲਾਇਸੈਂਸ ਮੁਅੱਤਲ ਕੀਤੇ ਜਾਣ ਦਾ ਮਾਮਲਾ ਸ਼ਾਇਦ ਆਪਣੇ ਆਪ ਵਿਚ ਪਹਿਲਾ ਹੈ, ਜਿਸ ਕਾਰਨ ਡਿਪਟੀ ਕਮਿਸ਼ਨਰ ਨੇ ਸਿੱਧਾ ਸੰਦੇਸ਼ ਦਿੱਤਾ ਕਿ ਟਰੈਵਲ ਕਾਰੋਬਾਰ ਨਾਲ ਜੁੜੇ ਲੋਕ ਸੁਧਰ ਜਾਣ, ਨਹੀਂ ਤਾਂ ਕੋਤਾਹੀ ਕਰਨ ਵਾਲੇ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਸਿੱਧੂ ਦੀ ਸਿਆਸੀ ‘ਖਿੱਦੋ’ ਕਾਂਗਰਸ ’ਚ ਪਾਵੇਗੀ ‘ਬੁੱਚੀਆਂ’!, ਅੰਦਰਖਾਤੇ ਤਿਆਰੀਆਂ
NEXT STORY