ਕੋਟਕਪੂਰਾ, (ਨਰਿੰਦਰ)- ਆਵਾਰਾ ਪਸ਼ੂਆਂ ਦੀ ਗੰਭੀਰ ਸਮੱਸਿਆ ਨੇ ਜਿਥੇ ਲੋਕਾਂ ਦੇ ਨੱਕ 'ਚ ਦਮ ਕੀਤਾ ਹੋਇਆ ਹੈ, ਉਥੇ ਮ੍ਰਿਤਕ ਪਸ਼ੂਆਂ ਨੂੰ ਚੁੱਕਣ ਦੀ ਸਮੱਸਿਆ ਸ਼ਹਿਰ ਵਾਸੀਆਂ ਲਈ ਭਾਰੀ ਦਾ ਕਾਰਨ ਪ੍ਰੇਸ਼ਾਨੀ ਬਣੀ ਹੋਈ ਹੈ। ਇਸ ਸਮੇਂ ਵੱਖ-ਵੱਖ ਕਾਰਨਾਂ ਕਾਰਨ ਮਰੇ ਪਸ਼ੂਆਂ ਨੂੰ ਚੁਕਵਾਉਣਾ ਲੋਕਾਂ ਲਈ ਭਾਰੀ ਸਿਰ ਦਰਦੀ ਬਣਿਆ ਹੋਇਆ ਹੈ। ਸ਼ਹਿਰ ਦੀਆਂ ਗਲੀਆਂ-ਬਾਜ਼ਾਰਾਂ 'ਚ ਪਸ਼ੂਆਂ ਦੀ ਮੌਤ ਹੋ ਜਾਣ 'ਤੇ ਜੇਕਰ ਲੋਕਾਂ ਵੱਲੋਂ ਕੋਈ ਨਾ ਕੋਈ ਹੀਲਾ-ਵਸੀਲਾ ਕਰ ਕੇ ਇਨ੍ਹਾਂ ਨੂੰ ਨਾ ਚੁਕਵਾਇਆ ਜਾਵੇ ਤਾਂ ਇਹ ਮ੍ਰਿਤਕ ਪਸ਼ੂ ਕੁੱਤਿਆਂ ਅਤੇ ਕਾਵਾਂ ਦੀ ਖੁਰਾਕ ਬਣਦੇ ਹਨ ਤੇ ਕਈ ਵਾਰ ਤਾਂ ਲੰਮਾ ਸਮਾਂ ਪਏ ਰਹਿਣ ਕਾਰਨ ਪੂਰੇ ਇਲਾਕੇ 'ਚ ਭਾਰੀ ਬਦਬੂ ਫੈਲਦੀ ਰਹਿੰਦੀ ਹੈ। ਇਨ੍ਹਾਂ ਪਸ਼ੂਆਂ ਦੀ ਬਦਬੂ ਤੇ ਮੱਖੀਆਂ ਕਾਰਨ ਬੀਮਾਰੀਆਂ ਫੈਲਣ ਦਾ ਡਰ ਬਣਿਆ ਰਹਿੰਦਾ ਹੈ।
ਜਾਣਕਾਰੀ ਅਨੁਸਾਰ ਸ਼ਹਿਰ ਅੰਦਰ ਮਰੇ ਪਸ਼ੂਆਂ ਨੂੰ ਚੁਕਵਾਉਣ ਲਈ ਲੋਕਾਂ ਨੂੰ ਪੱਲਿਓਂ ਖਰਚਾ ਕਰਨਾ ਪੈਂਦਾ ਹੈ ਤੇ ਕਈ ਵਾਰ ਤਾਂ ਅਜਿਹਾ ਕਰਨ ਲਈ 1000 ਤੋਂ 1500 ਰੁਪਏ ਤੱਕ ਵੀ ਦੇਣੇ ਪੈਂਦੇ ਹਨ। ਪਿਛਲੇ ਸਾਲਾਂ ਦੌਰਾਨ ਨਗਰ ਕੌਂਸਲ ਕੋਟਕਪੂਰਾ ਵੱਲੋਂ ਮ੍ਰਿਤਕ ਪਸ਼ੂ ਚੁੱਕਣ ਦਾ ਕੰਮ ਠੇਕੇ 'ਤੇ ਦਿੱਤਾ ਹੋਣ ਕਾਰਨ ਸਬੰਧਿਤ ਠੇਕੇਦਾਰਾਂ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚੋਂ ਮ੍ਰਿਤਕ ਪਸ਼ੂਆਂ ਨੂੰ ਚੁੱਕਿਆ ਜਾਂਦਾ ਸੀ ਤੇ ਇਸ ਦੇ ਬਦਲੇ ਕੋਈ ਰਕਮ ਨਹੀਂ ਵਸੂਲੀ ਜਾਂਦੀ ਸੀ।
ਇਸ ਸਾਲ ਵੀ ਨਗਰ ਕੌਂਸਲ ਵੱਲੋਂ ਮ੍ਰਿਤਕ ਪਸ਼ੂਆਂ ਨੂੰ ਚੁੱਕਣ ਦਾ ਕੰਮ ਠੇਕੇ 'ਤੇ ਦੇਣ ਸਬੰਧੀ ਬੋਲੀ ਰੱਖੀ ਗਈ ਸੀ ਪਰ ਇਸ ਕੰਮ ਲਈ ਕੋਈ ਬੋਲੀਦਾਤਾ ਅੱਗੇ ਨਹੀਂ ਆਇਆ, ਜਿਸ ਕਾਰਨ ਇਹ ਕੰਮ ਅੱਧ ਵਿਚਕਾਰ ਹੀ ਲਟਕ ਗਿਆ। ਮ੍ਰਿਤਕ ਪਸ਼ੂਆਂ ਨੂੰ ਚੁੱਕਣ ਲਈ ਰੱਖੀ ਗਈ ਬੋਲੀ ਸਫਲ ਨਾ ਹੋਣ ਦਾ ਵੱਡਾ ਕਾਰਨ ਨਗਰ ਕੌਂਸਲ ਕੋਟਕਪੂਰਾ ਦੀ ਕੋਈ ਆਪਣੀ ਹੱਡਾਰੋੜੀ ਨਾ ਹੋਣਾ ਦੱਸਿਆ ਜਾ ਰਿਹਾ ਹੈ। ਹੱਡਾਰੋੜੀ ਨਾ ਹੋਣ ਕਾਰਨ ਕੁਝ ਸਮੇਂ ਲਈ ਨੇੜਲੇ ਪਿੰਡਾਂ ਦੀਆਂ ਹੱਡਾਰੋੜੀਆਂ ਦਾ ਸਹਾਰਾ ਲਿਆ ਗਿਆ ਤੇ ਮ੍ਰਿਤਕ ਪਸ਼ੂ ਇਨ੍ਹਾਂ ਹੱਡਾਰੋੜੀਆਂ 'ਚ ਪਹੁੰਚਾਏ ਗਏ। ਜਾਣਕਾਰੀ ਅਨੁਸਾਰ ਸਬੰਧਿਤ ਪਿੰਡਾਂ ਵੱਲੋਂ ਹੁਣ ਜਵਾਬ ਦੇ ਦੇਣ ਕਾਰਨ ਵੱਡੀ ਮੁਸ਼ਕਿਲ ਪੈਦਾ ਹੋ ਗਈ ਹੈ, ਜਿਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਨਾ ਪੈ ਰਿਹਾ ਹੈ।
ਕੀ ਕਹਿੰਦੇ ਹਨ ਅਧਿਕਾਰੀ : ਇਸ ਸਬੰਧੀ ਨਗਰ ਕੌਂਸਲ ਕੋਟਕਪੂਰਾ ਦੇ ਸੈਨੇਟਰੀ ਇੰਸਪੈਕਟਰ ਗੁਰਿੰਦਰ ਸਿੰਘ ਨੇ ਦੱਸਿਆ ਕਿ ਸ਼ਹਿਰ ਦੀ ਆਪਣੀ ਹੱਡਾਰੋੜੀ ਨਾ ਹੋਣਾ ਵੱਡੀ ਸਮੱਸਿਆ ਬਣਿਆ ਹੋਇਆ ਹੈ। ਪਹਿਲਾਂ ਸ਼ਹਿਰ ਦੇ ਮ੍ਰਿਤਕ ਪਸ਼ੂ ਫ਼ਰੀਦਕੋਟ ਦੀ ਹੱਡਾਰੋੜੀ 'ਚ ਲਿਜਾਏ ਜਾਂਦੇ ਸਨ ਪਰ ਕੁਝ ਸਮਾਂ ਪਹਿਲਾਂ ਇਹ ਹੱਡਾਰੋੜੀ ਵੀ ਬੰਦ ਹੋ ਗਈ। ਉਨ੍ਹਾਂ ਦੱਸਿਆ ਕਿ ਹੱਡਾਰੋੜੀ ਦੀ ਘਾਟ ਹੋਣ ਕਾਰਨ ਕਿਸੇ ਨੇ ਬੋਲੀ ਨਹੀਂ ਦਿੱਤੀ। ਇਕ ਵਾਰ ਫਿਰ ਬੋਲੀ ਰੱਖੀ ਜਾਵੇਗੀ ਤੇ ਜਿਥੋਂ ਤੱਕ ਸੰਭਵ ਹੋ ਸਕਿਆ ਮ੍ਰਿਤਕ ਪਸ਼ੂ ਚੁੱਕਣ ਦਾ ਕੰਮ ਠੇਕੇ 'ਤੇ ਦਿੱਤਾ ਜਾਵੇਗਾ।
425 ਸਕੂਲਾਂ 'ਚ ਅਧਿਆਪਕ ਉਧਾਰ ਰਾਸ਼ਨ ਲੈ ਕੇ ਚਲਾ ਰਹੇ ਨੇ 'ਮਿਡ-ਡੇ ਮੀਲ'
NEXT STORY