ਮੌੜ ਮੰਡੀ (ਪ੍ਰਵੀਨ) - ਅੱਜ ਪਿੰਡ ਮੌੜ ਖੁਰਦ ਵਿਖੇ ਇਕ ਕਿਸਾਨ ਦੇ ਖੇਤ 'ਚੋਂ ਅਣਪਛਾਤੀ ਨੌਜਵਾਨ ਔਰਤ ਦੀ ਲਾਸ਼ ਮਿਲਣ ਕਾਰਨ ਲੋਕਾਂ 'ਚ ਹਾਹਾਕਾਰ ਮਚ ਗਈ ਅਤੇ ਭਾਰੀ ਗਿਣਤੀ ਲੋਕ ਮੌਕੇ 'ਤੇ ਇਕੱਠੇ ਹੋ ਗਏ। ਮੌਕੇ ਤੋਂ ਇਕੱਤਰ ਜਾਣਕਾਰੀ ਅਨੁਸਾਰ ਪਿੰਡ ਮੌੜ ਖੁਰਦ ਵਿਖੇ ਕੋਟਲਾ ਬਰਾਂਚ ਨਹਿਰ ਨਾਲ ਲੱਗਦੀ ਜ਼ਮੀਨ ਜੋ ਕਿ ਕਿਸਾਨ ਸੇਵਕ ਸਿੰਘ ਨੇ ਠੇਕੇ 'ਤੇ ਲਈ ਹੋਈ ਸੀ ਅਤੇ ਉਹ ਆਪਣੀ ਜ਼ਮੀਨ 'ਚੋਂ ਪਰਾਲੀ ਨੂੰ ਕਟਰ ਨਾਲ ਕਟਵਾ ਰਿਹਾ ਸੀ ਤਾਂ ਪਰਾਲੀ ਹੇਠ ਪਹਿਲਾਂ ਤੋਂ ਲੁਕੋਈ ਪਈ ਇਕ ਨੌਜਵਾਨ ਔਰਤ ਦੀ ਲਾਸ਼ ਉਪਰੋਂ ਕਟਰ ਲੰਘ ਗਿਆ, ਜਿਸ ਨਾਲ ਮ੍ਰਿਤਕ ਔਰਤ ਦੇ ਹੇਠਲੇ ਸਰੀਰ ਦੇ ਅੰਗਾਂ ਦੇ ਟੁਕੜੇ-ਟੁਕੜੇ ਹੋ ਗਏ।
ਕਟਰ ਚਾਲਕ ਨੂੰ ਜਦ ਇਹ ਲੱਗਾ ਕਿ ਕਟਰ ਹੇਠ ਕੁਝ ਆਇਆ ਹੈ ਤਾਂ ਉਸ ਨੇ ਤੁਰੰਤ ਹੀ ਟਰੈਕਟਰ ਨੂੰ ਰੋਕ ਕੇ ਦੇਖਿਆ ਅਤੇ ਲਾਸ਼ ਦੇ ਖਿੱਲਰੇ ਹੋਏ ਟੁਕੜਿਆਂ ਨੂੰ ਦੇਖ ਕੇ ਘਬਰਾ ਗਿਆ। ਉਸ ਨੇ ਤੁਰੰਤ ਹੀ ਇਸ ਦੀ ਜਾਣਕਾਰੀ ਥਾਣਾ ਮੌੜ ਵਿਖੇ ਦਿੱਤੀ, ਜਿਸ ਉਪਰੰਤ ਡੀ. ਐੱਸ. ਪੀ. ਸੁਰਿੰਦਰ ਕੁਮਾਰ ਅਤੇ ਐੱਸ. ਐੱਚ. ਓ. ਗੁਰਦੀਪ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਅਤੇ ਜਾਇਜ਼ਾ ਲੈਣ ਉਪਰੰਤ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਲਿਆ। ਲਾਸ਼ ਕੋਲੋਂ ਸਰੀਰ ਦੇ ਹੇਠਲੇ ਹਿੱਸੇ ਦੇ ਕੱਪੜੇ ਸਹੀ ਪਾਏ ਜਾਣ ਕਾਰਨ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਔਰਤ ਦਾ ਕਤਲ ਕਰਨ ਵਾਲੇ ਵਿਅਕਤੀਆਂ ਨੇ ਉਸ ਨਾਲ ਪਹਿਲਾਂ ਜਬਰ-ਜ਼ਨਾਹ ਕੀਤਾ ਹੋਵੇ।
ਇਸ ਸਬੰਧੀ ਡੀ. ਐੱਸ. ਪੀ. ਸੁਰਿੰਦਰ ਕੁਮਾਰ ਅਤੇ ਥਾਣਾ ਮੁਖੀ ਗੁਰਦੀਪ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਤਾਂ ਜੋ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਚੱਲ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਮ੍ਰਿਤਕਾ ਦੀ ਲਾਸ਼ ਨੂੰ ਸ਼ਨਾਖਤ ਲਈ ਬਠਿੰਡਾ ਵਿਖੇ 72 ਘੰਟਿਆਂ ਲਈ ਰੱਖਿਆ ਗਿਆ ਹੈ ਤਾਂ ਜੋ ਉਸ ਦੀ ਪਛਾਣ ਹੋ ਸਕੇ।
ਮੋਟਰਸਾਈਕਲਾਂ ਦੀ ਟੱਕਰ 'ਚ ਔਰਤ ਸਣੇ 2 ਦੀ ਮੌਤ, ਇਕ ਜ਼ਖਮੀ
NEXT STORY