ਲੁਧਿਆਣਾ (ਰਾਜ): ਮਹਾਨਗਰ ਦੇ ਡੇਹਲੋਂ ਇਲਾਕੇ ਤੋਂ ਦੋ ਦਿਨ ਪਹਿਲਾਂ ਸ਼ੱਕੀ ਹਾਲਾਤ ਵਿਚ ਨਹਿਰ ਵਿਚ ਡੁੱਬੇ 27 ਸਾਲਾ ਵਿੱਕੀ ਕੁਮਾਰ ਦੇ ਮਾਮਲੇ ਵਿਚ ਵੱਡੀ ਅਪਡੇਟ ਸਾਹਮਣੇ ਆਈ ਹੈ। ਲਗਾਤਾਰ ਦੋ ਦਿਨਾਂ ਤੋਂ ਨਹਿਰ ਵਿਚ ਵਿੱਕੀ ਨੂੰ ਲੱਭ ਰਹੇ ਗੋਤਾਖੋਰਾਂ ਨੂੰ ਆਖਰਕਾਰ ਅੱਜ ਵਿੱਕੀ ਦੀ ਲਾਸ਼ ਬਰਾਮਦ ਹੋ ਗਈ ਹੈ। ਪੁਲਸ ਨੇ ਤੁਰੰਤ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾ ਦਿੱਤਾ ਹੈ।
ਜਿੱਥੇ ਇਕ ਪਾਸੇ ਵਿੱਕੀ ਦੀ ਲਾਸ਼ ਮਿਲਣ ਤੋਂ ਬਾਅਦ ਪੂਰੇ ਇਲਾਕੇ ਵਿਚ ਮਾਤਮ ਪਸਰ ਗਿਆ ਹੈ ਅਤੇ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ, ਉੱਥੇ ਹੀ ਦੂਜੇ ਪਾਸੇ ਪੀੜਤ ਪਰਿਵਾਰ ਅੱਜ ਵੀ ਆਪਣੀ ਇਸ ਗੱਲ 'ਤੇ ਅੜਿਆ ਹੋਇਆ ਹੈ ਕਿ ਇਹ ਕੋਈ ਹਾਦਸਾ ਨਹੀਂ, ਸਗੋਂ ਦੋਸਤਾਂ ਵੱਲੋਂ ਰਚੀ ਗਈ ਇਕ ਸੋਚੀ-ਸਮਝੀ ਅਤੇ ਖੌਫਨਾਕ ਸਾਜ਼ਿਸ਼ ਤਹਿਤ ਕੀਤਾ ਗਿਆ ਕਤਲ ਹੈ। ਪੁਲਸ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਦਿੱਤਾ ਗਿਆ ਹੈ। ਡਾਕਟਰਾਂ ਦੇ ਬੋਰਡ ਵੱਲੋਂ ਕੀਤੇ ਜਾਣ ਵਾਲੇ ਪੋਸਟਮਾਰਟਮ ਤੋਂ ਬਾਅਦ ਹੀ ਇਹ ਪੂਰੀ ਤਰ੍ਹਾਂ ਸਾਫ਼ ਹੋ ਸਕੇਗਾ ਕਿ ਵਿੱਕੀ ਦੀ ਮੌਤ ਫੇਫੜਿਆਂ ਵਿਚ ਪਾਣੀ ਭਰਨ ਕਾਰਨ ਹੋਈ ਹੈ ਜਾਂ ਉਸ ਨੂੰ ਡੁੱਬਣ ਤੋਂ ਪਹਿਲਾਂ ਕੋਈ ਸੱਟ ਪਹੁੰਚਾਈ ਗਈ ਸੀ। ਪੁਲਿਸ ਦਾ ਦਾਅਵਾ ਹੈ ਕਿ ਜਿਨ੍ਹਾਂ ਦੋਸਤਾਂ 'ਤੇ ਪੀੜਤ ਪਰਿਵਾਰ ਨੇ ਕਤਲ ਦਾ ਸੰਗੀਨ ਇਲਜ਼ਾਮ ਲਗਾਇਆ ਹੈ, ਉਨ੍ਹਾਂ ਨੂੰ ਪੁੱਛਗਿੱਛ ਲਈ ਰਾਊਂਡਅੱਪ ਕੀਤਾ ਜਾ ਰਿਹਾ ਹੈ। ਮੈਡੀਕਲ ਰਿਪੋਰਟ ਅਤੇ ਡੂੰਘੀ ਤਫਤੀਸ਼ ਵਿਚ ਸਾਹਮਣੇ ਆਉਣ ਵਾਲੇ ਸੱਚ ਦੇ ਆਧਾਰ 'ਤੇ ਮੁਲਜ਼ਮਾਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਪ੍ਰਾਪਤ ਜਾਣਕਾਰੀ ਅਨੁਸਾਰ, ਲਾਪਤਾ ਵਿੱਕੀ ਕੁਮਾਰ (27) ਆਪਣੇ ਗਰੀਬ ਪਰਿਵਾਰ ਦਾ ਇਕਲੌਤਾ ਸਹਾਰਾ ਸੀ, ਜੋ ਮਿਹਨਤ-ਮਜ਼ਦੂਰੀ ਕਰਕੇ ਘਰ ਦਾ ਚੁੱਲ੍ਹਾ ਬਾਲਦਾ ਸੀ। ਬੀਤੇ ਬੁੱਧਵਾਰ ਦੁਪਹਿਰ ਕਰੀਬ 2 ਵਜੇ ਉਹ ਆਪਣੀ ਡਿਊਟੀ ਤੋਂ ਛੁੱਟੀ ਲੈ ਕੇ ਘਰ ਆਇਆ ਸੀ। ਉਸ ਨੇ ਆਪਣੀ ਮਾਂ ਪੂਨਮ ਦੇਵੀ ਤੋਂ 100 ਰੁਪਏ ਮੰਗੇ ਸਨ, ਪਰ ਮਾਂ ਦੇ ਮਨ੍ਹਾ ਕਰਨ 'ਤੇ ਉਸ ਨੇ ਆਪਣੇ ਪਿਤਾ ਤੋਂ ਪੈਸੇ ਲੈ ਲਏ। ਜਾਂਦੇ-ਜਾਂਦੇ ਉਸ ਨੇ ਆਪਣੀ ਮਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਦੋਸਤਾਂ ਨਾਲ ਸਵਿਮਿੰਗ ਪੂਲ ਵਿਚ ਨਹਾਉਣ ਜਾ ਰਿਹਾ ਹੈ ਅਤੇ ਸਿਰਫ਼ ਇਕ ਘੰਟੇ ਵਿਚ ਵਾਪਸ ਆ ਜਾਵੇਗਾ। ਕਿਸ ਨੂੰ ਪਤਾ ਸੀ ਕਿ ਮਾਂ ਨਾਲ ਕੀਤਾ ਇਹ ਵਾਅਦਾ ਆਖਰੀ ਸਾਬਤ ਹੋਵੇਗਾ ਅਤੇ ਵਿੱਕੀ ਕਦੇ ਜ਼ਿੰਦਾ ਪਰਤ ਕੇ ਘਰ ਨਹੀਂ ਆਵੇਗਾ।
ਸਵਿਮਿੰਗ ਪੂਲ ਦਾ ਬਹਾਨਾ ਬਣਾ ਕੇ 12 ਕਿਲੋਮੀਟਰ ਦੂਰ ਨਹਿਰ 'ਤੇ ਲੈ ਗਏ ਦੋਸਤ
ਇਸ ਰੂਹ ਕੰਬਾਊ ਮਾਮਲੇ ਵਿਚ ਘਟਨਾ ਤੋਂ ਠੀਕ ਪਹਿਲਾਂ ਵਿੱਕੀ ਦੇ ਨਾਲ ਮੌਜੂਦ ਰਹੇ ਉਸ ਦੇ ਇਕ ਹੋਰ ਦੋਸਤ ਨੇ ਕੈਮਰੇ ਦੇ ਸਾਹਮਣੇ ਆ ਕੇ ਕਈ ਬੇਹੱਦ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਚਸ਼ਮਦੀਦ ਦੋਸਤ ਨੇ ਦੱਸਿਆ ਕਿ ਬੁੱਧਵਾਰ ਦੁਪਹਿਰ ਕਰੀਬ 12 ਤੋਂ 1 ਵਜੇ ਦੇ ਵਿਚਕਾਰ ਸਾਰੇ ਦੋਸਤ ਇਕੱਠੇ ਹੋਏ ਸਨ। ਪਹਿਲਾਂ ਸਭ ਦਾ ਪਲਾਨ ਸਵਿਮਿੰਗ ਪੂਲ ਜਾਣ ਦਾ ਸੀ, ਪਰ ਰਸਤੇ ਵਿਚ ਲੱਕੀ ਅਤੇ ਉਸ ਦੇ ਛੇ ਹੋਰ ਸਾਥੀਆਂ ਨੇ ਅਚਾਨਕ ਇਕ ਸੋਚੀ-ਸਮਝੀ ਸਾਜ਼ਿਸ਼ ਤਹਿਤ ਆਪਣੀ ਯੋਜਨਾ ਬਦਲ ਦਿੱਤੀ। ਉਨ੍ਹਾਂ ਨੇ ਵਿੱਕੀ ਨੂੰ ਜ਼ਬਰਦਸਤੀ 12 ਕਿਲੋਮੀਟਰ ਦੂਰ ਡੇਹਲੋਂ ਵਾਲੇ ਸੂਏ (ਨਹਿਰ) 'ਤੇ ਚੱਲਣ ਲਈ ਕਿਹਾ। ਖੁਲਾਸਾ ਕਰਨ ਵਾਲੇ ਦੋਸਤ ਨੇ ਦੱਸਿਆ ਕਿ ਉਸ ਨੂੰ ਤੈਰਨਾ ਨਹੀਂ ਆਉਂਦਾ ਸੀ, ਇਸ ਲਈ ਉਹ ਉਨ੍ਹਾਂ ਦੇ ਨਾਲ ਨਹੀਂ ਗਿਆ ਅਤੇ ਵਾਪਸ ਘਰ ਪਰਤ ਆਇਆ। ਇਸ ਤੋਂ ਬਾਅਦ ਬਾਕੀ ਲੜਕੇ ਵਿੱਕੀ ਨੂੰ ਲੈ ਕੇ ਨਹਿਰ 'ਤੇ ਚਲੇ ਗਏ, ਜਿੱਥੇ ਪਹਿਲਾਂ ਸ਼ਰਾਬ ਦਾ ਦੌਰ ਚੱਲਿਆ ਅਤੇ ਫਿਰ ਨਹਾਉਣ ਲਈ ਸਾਰੇ ਪਾਣੀ ਵਿਚ ਉਤਰ ਗਏ, ਜਿਸ ਤੋਂ ਬਾਅਦ ਵਿੱਕੀ ਡੂੰਘੇ ਪਾਣੀ ਵਿਚ ਡੁੱਬ ਗਿਆ।
ਮੁਲਜ਼ਮ ਦੋਸਤ ਦਾ ਫੋਨ ਸਵਿੱਚ ਆਫ
ਇਸ ਮਾਮਲੇ ਵਿਚ ਸਭ ਤੋਂ ਵੱਡਾ ਮੋੜ ਉਦੋਂ ਆਇਆ ਜਦੋਂ ਚਸ਼ਮਦੀਦ ਦੋਸਤ ਨੇ ਦੱਸਿਆ ਕਿ ਉਸੇ ਰਾਤ ਕਰੀਬ 10 ਵਜੇ ਜਦੋਂ ਉਸ ਨੇ ਲੱਕੀ ਨੂੰ ਫੋਨ ਕੀਤਾ, ਤਾਂ ਲੱਕੀ ਬੇਹੱਦ ਘਬਰਾਇਆ ਹੋਇਆ ਸੀ ਅਤੇ ਕੰਬਦੀ ਆਵਾਜ਼ ਵਿਚ ਬੋਲਿਆ ਕਿ 'ਤੂੰ ਕਿਤੇ ਨਾ ਜਾਵੀਂ, ਮੈਂ ਤੈਨੂੰ ਬਾਅਦ ਵਿਚ ਸਭ ਦੱਸਦਾ ਹਾਂ।' ਇਸ ਖੌਫਨਾਕ ਗੱਲਬਾਤ ਤੋਂ ਬਾਅਦ ਯਾਨੀ ਅਗਲੀ ਸਵੇਰ ਤੋਂ ਹੀ ਮੁੱਖ ਮੁਲਜ਼ਮ ਲੱਕੀ ਦਾ ਫੋਨ ਲਗਾਤਾਰ ਸਵਿੱਚ ਆਫ ਆ ਰਿਹਾ ਹੈ, ਜਿਸ ਨੇ ਪਰਿਵਾਰ ਦੇ ਸ਼ੱਕ ਨੂੰ ਯਕੀਨ ਵਿਚ ਬਦਲ ਦਿੱਤਾ ਕਿ ਵਿੱਕੀ ਨਾਲ ਪਾਣੀ ਦੇ ਅੰਦਰ ਕੋਈ ਘਿਨਾਉਣੀ ਖੇਡ ਖੇਡੀ ਗਈ ਹੈ।
ਮੋਗਾ ਪੁਲਸ ਨੇ 23 ਮਈ ਤੋਂ 5 ਜੂਨ ਤੱਕ 64 ਮੁਕੱਦਮੇ ਦਰਜ ਕਰਕੇ 78 ਮੁਲਜ਼ਮ ਕੀਤੇ ਕਾਬੂ
NEXT STORY