ਕਰਤਾਰਪੁਰ/ਜਲੰਧਰ, (ਜ. ਬ.)- ਪੇਂਡੂ ਚੌਧਰੀਆਂ ਵੱਲੋਂ ਬੌਖਲਾਹਟ ਵਿਚ ਆ ਕੇ ਅੱਜ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਪਿੰਡ ਹਸਨਮੁੰਡਾ ਦੀ ਆਗੂ ਸੁਖਵਿੰਦਰ ਕੌਰ 'ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਇਸ ਹਮਲੇ 'ਚ ਯੂਨੀਅਨ ਆਗੂ ਦੀ ਨਾਬਾਲਿਗ ਧੀ ਅਤੇ ਬਚਾਅ ਲਈ ਅੱਗੇ ਆਏ 2 ਹੋਰ ਮਜ਼ਦੂਰਾਂ ਤੇ ਇਕ ਔਰਤ ਨੂੰ ਵੀ ਬੁਰੀ ਤਰ੍ਹਾਂ ਸੱਟਾਂ ਲੱਗੀਆਂ, ਜੋ ਸਿਵਲ ਹਸਪਤਾਲ ਕਰਤਾਰਪੁਰ ਵਿਖੇ ਜ਼ੇਰੇ ਇਲਾਜ ਹਨ। ਹਮਲੇ, ਨਸ਼ੇ, ਪਲਾਟ, ਜ਼ਮੀਨ ਤੇ ਰੋਜ਼ਗਾਰ ਦੇ ਮਾਮਲੇ 'ਚ ਕੈਪਟਨ ਸਰਕਾਰ ਤੇ ਪ੍ਰਸ਼ਾਸਨ ਦੇ ਲੋਕ-ਵਿਰੋਧੀ ਕਿਰਦਾਰ ਦੇ ਵਿਰੋਧ 'ਚ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਭਰਾਤਰੀ ਜਥੇਬੰਦੀਆਂ ਨਾਲ ਮਿਲ ਕੇ ਮੁਜ਼ਾਹਰਾ ਕਰਦਿਆਂ ਡੀ. ਐੱਸ. ਪੀ. ਦਫ਼ਤਰ ਅੱਗੇ ਪੇਂਡੂ ਚੌਧਰੀਆਂ, ਅਫਸਰਸ਼ਾਹੀ, ਹਾਕਮ ਧਿਰਾਂ ਦੇ ਸਿਆਸਤਦਾਨਾਂ ਤੇ ਨਸ਼ਾ ਮਾਫੀਆ ਦੇ ਸਾਂਝੇ ਗਠਜੋੜ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਯੂਨੀਅਨ ਦੇ ਸੂਬਾਈ ਆਗੂ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਦੋਸ਼ ਲਗਾਇਆ ਕਿ ਪੇਂਡੂ ਮਜ਼ਦੂਰਾਂ ਨੂੰ ਧਮਕਾਉਣ-ਡਰਾਉਣ ਤੇ ਧੱਕੇ ਨਾਲ ਉਜਾੜਨ 'ਚ ਅਸਫ਼ਲ ਰਹੇ ਧਨਾਢਾਂ ਨੇ ਅੱਜ ਸਾਜ਼ਿਸ਼ ਤਹਿਤ ਯੂਨੀਅਨ ਆਗੂ ਸੁਖਵਿੰਦਰ ਕੌਰ ਦੇ ਘਰ ਅੰਦਰ ਜਬਰੀ ਦਾਖਲ ਹੋ ਕੇ ਉਸ ਨੂੰ ਧੂਹ ਕੇ ਬਾਹਰ ਗਲੀ 'ਚ ਲਿਆਂਦਾ ਅਤੇ ਜਾਨਲੇਵਾ ਹਮਲਾ ਕਰ ਕੇ ਬੁਰੀ ਤਰ੍ਹਾਂ ਫੱਟੜ ਕੀਤਾ। ਇਸ ਹਮਲੇ 'ਚ ਯੂਨੀਅਨ ਆਗੂ ਦੇ ਸਿਰ ਸਮੇਤ ਪੂਰੇ ਸਰੀਰ 'ਤੇ 10 ਤੇਜ਼ਧਾਰ ਟੱਕ ਲੱਗੇ ਹਨ।
ਮਜ਼ਦੂਰ ਆਗੂ ਘੁੱਗਸ਼ੋਰ ਨੇ ਅੱਗੇ ਦੋਸ਼ ਲਾਇਆ ਕਿ ਆਪਣੇ ਗੁਨਾਹਾਂ ਨੂੰ ਛੁਪਾਉਣ ਖਾਤਰ ਮੁਲਜ਼ਮਾਂ ਵੱਲੋਂ ਵੀ ਝੂਠੀਆਂ ਸੱਟਾਂ ਦੇ ਆਧਾਰ 'ਤੇ ਐੱਮ. ਐੱਲ. ਆਰ. ਕਟਵਾਈ ਗਈ ਹੈ। ਇਸ ਸਬੰਧੀ ਹਸਪਤਾਲ ਦੇ ਐੱਸ. ਐੱਮ. ਓ. ਮਹਿੰਦਰਜੀਤ ਸਿੰਘ ਨੂੰ ਜਾਣੂ ਕਰਵਾ ਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਜਥੇਬੰਦੀਆਂ ਵੱਲੋਂ ਜਨਤਕ ਵਫਦ ਦੇ ਰੂਪ ਵਿਚ ਐੱਸ. ਐੱਚ. ਓ. ਕਰਤਾਰਪੁਰ ਨੂੰ ਮਿਲ ਕੇ ਮੁਲਜ਼ਮਾਂ ਵਿਰੁੱਧ ਸਖਤ ਕਾਰਵਾਈ ਕਰ ਕੇ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ ਗਈ ਤੇ ਚਿਤਾਵਨੀ ਦਿੱਤੀ ਕਿ ਜੇਕਰ ਮਜ਼ਦੂਰ ਆਗੂ ਤੇ ਮਜ਼ਦੂਰਾਂ 'ਤੇ ਜਾਨਲੇਵਾ ਹਮਲਾ ਕਰਨ ਵਾਲਿਆਂ ਵਿਰੁੱਧ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਮਜਬੂਰਨ ਥਾਣੇ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਯੂਨੀਅਨ ਦੇ ਆਗੂ ਜਸਵੀਰ ਗੋਰਾ, ਨੌਜਵਾਨ ਆਗੂ ਵੀਰ ਕੁਮਾਰ ਅਤੇ ਰਾਜਪਾਲ ਆਦਿ ਨੇ ਸੰਬੋਧਨ ਕੀਤਾ।
ਕਾਂਗਰਸ ਦੇਸ਼ 'ਚ 'ਆਪ' ਨਾਲ ਕੋਈ ਗਠਜੋੜ ਨਹੀਂ ਕਰੇਗੀ
NEXT STORY