ਲੁਧਿਆਣਾ (ਮਹੇਸ਼) : ਬਸਤੀ ਜੋਧੇਵਾਲ ਚੌਕ ਕੋਲ ਸੜਕ 'ਤੇ ਪੁੱਟੇ ਟੋਏ 'ਚ ਡਿੱਗਣ ਨਾਲ ਇਕ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 30 ਸਾਲਾ ਮੋਹਨ ਲਾਲ ਪਾਸੀ ਉਰਫ ਟੋਨੀ ਵਜੋਂ ਹੋਈ ਹੈ। ਗੋਪਾਲ ਨਗਰ ਦਾ ਰਹਿਣ ਵਾਲਾ ਅਤੇ ਘਰ ਦਾ ਕਮਾਉਣ ਵਾਲਾ ਉਹ ਅੰਤਿਮ ਪੁਰਸ਼ ਸੀ। ਪਰਿਵਾਰ ਦੇ 2 ਪੁਰਸ਼ ਪਹਿਲਾਂ ਹੀ ਸਵਰਗ ਸਿਧਾਰ ਚੁੱਕੇ ਹਨ। ਇਹ ਟੋਇਆ ਸੜਕ 'ਤੇ ਪਾਣੀ ਦੇ ਜਮਾਅ ਨੂੰ ਖਤਮ ਕਰਨ ਲਈ ਪੁੱਟਿਆ ਗਿਆ ਸੀ। ਜੋਧੇਵਾਲ ਪੁਲਸ ਨੇ ਅਪਰਾਧਕ ਮਾਮਲਾ ਦਰਜ ਕਰ ਕੇ ਠੇਕੇਦਾਰ ਅੰਮ੍ਰਿਤ ਲਾਲ ਨੂੰ ਗ੍ਰਿਫਤਾਰ ਕੀਤਾ ਕਰ ਲਿਆ ਹੈ।
ਘਟਨਾ ਸ਼ਨੀਵਾਰ ਰਾਤ ਕਰੀਬ 11 ਵਜੇ ਦੀ ਹੈ। ਬਹਾਦਰਕੇ ਰੋਡ 'ਤੇ ਹੌਜ਼ਰੀ 'ਚ ਕਟਰ ਮਾਸਟਰ ਦਾ ਕੰਮ ਕਰਨ ਵਾਲਾ ਟੋਨੀ ਮੋਟਰਸਾਈਕਲ 'ਤੇ ਘਰ ਵਾਪਸ ਮੁੜ ਰਿਹਾ ਸੀ। ਜਦੋਂ ਜੋਧੇਵਾਲ ਚੌਕ ਕੋਲ ਪੁੱਜਾ ਤਾਂ ਮੋਟਰਸਾਈਕਲ ਉਸ ਦੇ ਕੰਟਰੋਲ ਤੋਂ ਬਾਹਰ ਹੋ ਗਿਆ ਅਤੇ ਮੋਟਰਸਾਈਕਲ ਸਮੇਤ ਉਹ ਟੋਏ 'ਚ ਡਿੱਗ ਗਿਆ। ਟੋਨੀ ਦੇ ਮਾਮਾ ਵਕੀਲ ਜਵਾਹਰ ਲਾਲ ਨੇ ਦੱਸਿਆ ਕਿ ਟੋਏ ਕੋਲ ਕਿਸੇ ਪ੍ਰਕਾਰ ਦਾ ਚਿਤਾਵਨੀ ਜਾਂ ਦਿਸ਼ਾ ਪਰਿਵਰਤਨ ਦਾ ਬੋਰਡ ਨਹੀਂ ਲੱਗਾ ਸੀ। ਜ਼ਖਮੀ ਹਾਲਤ 'ਚ ਕਿਸੇ ਤਰ੍ਹਾਂ ਉਸ ਦਾ ਭਾਣਜਾ ਉਸ ਟੋਏ 'ਚੋਂ ਬਾਹਰ ਨਿਕਲਿਆ। ਉਸ ਦੇ ਮੂੰਹ ਅਤੇ ਸਰੀਰ ਦੇ ਹੋਰ ਅੰਗਾਂ 'ਤੇ ਗਹਿਰੀਆਂ ਸੱਟਾਂ ਲੱਗੀਆਂ। ਜ਼ਖਮੀ ਹਾਲਤ 'ਚ ਕਰੀਬ 15 ਮਿੰਟ ਤਕ ਉਹ ਮਦਦ ਲਈ ਤੜਪਦਾ ਰਿਹਾ ਪਰ ਕੋਈ ਰਾਹਗੀਰ ਉਸ ਦੀ ਮਦਦ ਲਈ ਨਹੀਂ ਆਇਆ। ਪਤਾ ਲੱਗਣ 'ਤੇ ਮਾਰਕੀਟ ਕਮੇਟੀ ਦੇ ਕੁਝ ਲੋਕ ਪੁੱਜੇ। ਉਨ੍ਹਾਂ ਨੇ ਪੁਲਸ ਨੂੰ ਕਾਲ ਕੀਤੀ। ਐਂਬੂਲੈਂਸ ਦੀ ਮਦਦ ਨਾਲ ਟੋਨੀ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਪਰ ਤਦ ਤਕ ਉਸ ਦੀ ਮੌਤ ਹੋ ਚੁੱਕੀ ਸੀ। ਜੇਕਰ ਉਸ ਦੇ ਭਾਣਜੇ ਦਾ ਸਮੇਂ ਸਿਰ ਇਲਾਜ ਹੋ ਜਾਂਦਾ ਤਾਂ ਸ਼ਾਇਦ ਉਹ ਬਚ ਜਾਂਦਾ। ਉਨ੍ਹਾਂ ਦੋਸ਼ ਲਾਇਆ ਕਿ ਟੋਨੀ ਦੀ ਮੌਤ ਦੇ ਜ਼ਿੰਮੇਵਾਰ ਨਗਰ ਨਿਗਮ ਦੇ ਅਧਿਕਾਰੀ ਅਤੇ ਠੇਕੇਦਾਰ ਹਨ। ਉਨ੍ਹਾਂ ਦੱਸਿਆ ਕਿ ਟੋਨੀ ਘਰ 'ਚ ਕਮਾਉਣ ਵਾਲਾ ਆਖਰੀ ਪੁਰਸ਼ ਸੀ। ਇਸ ਤੋਂ ਪਹਿਲਾਂ ਉਸ ਦੇ ਪਿਤਾ ਅਤੇ ਵੱਡੇ ਭਰਾ ਦੀ ਮੌਤ ਹੋ ਚੁੱਕੀ ਹੈ। ਟੋਨੀ ਆਪਣੇ ਪਿੱਛੇ ਵਿਧਵਾ ਮਾਂ ਵਿਦਿਆ ਦੇਵੀ, ਪਤਨੀ ਸੁਨੀਤਾ, 8 ਸਾਲਾ ਬੇਟੀ ਪਲਕ ਅਤੇ 5 ਸਾਲ ਦੇ ਬੇਟੇ ਸੌਰਭ ਨੂੰ ਛੱਡ ਗਿਆ ਹੈ।
'ਸੰਗਰੂਰ ਨਿਵਾਸੀ ਜਵਾਹਰ ਲਾਲ ਦੀ ਸ਼ਿਕਾਇਤ 'ਤੇ ਨਗਰ ਨਿਗਮ ਦੇ ਠੇਕੇਦਾਰ ਅੰਮ੍ਰਿਤ ਲਾਲ ਖਿਲਾਫ ਹੱਤਿਆ ਦਾ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਜੇਕਰ ਮਾਮਲੇ 'ਚ ਕਿਸੇ ਹੋਰ ਦੀ ਲਾਪ੍ਰਵਾਹੀ ਸਾਹਮਣੇ ਆਈ ਤਾਂ ਉਸ ਬਖਸ਼ਿਆ ਨਹੀਂ ਜਾਵੇਗਾ। ਫਿਲਹਾਲ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ 'ਚ ਰਖਵਾ ਦਿੱਤਾ ਹੈ। ਸੋਮਵਾਰ ਉਸ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।'- -ਥਾਣਾ ਇੰਚਾਰਜ ਜੋਧੇਵਾਲ ਅਰਸ਼ਦੀਪ ਕੌਰ
ਕਾਰਵਾਈ ਦੀ ਮੰਗ ਨੂੰ ਲੈ ਕੇ ਇਲਾਕਾ ਨਿਵਾਸੀਆਂ ਨੇ ਕੀਤਾ ਰੋਡ ਜਾਮ
ਟੋਨੀ ਦੀ ਮੌਤ ਦਾ ਪਤਾ ਚੱਲਦੇ ਹੀ ਇਲਾਕਾ ਨਿਵਾਸੀਆਂ 'ਚ ਰੋਸ ਪੈਦਾ ਹੋ ਗਿਆ ਹੈ ਅਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਰਸਤਾ ਜਾਮ ਕਰ ਦਿੱਤਾ। ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਨਗਰ ਨਿਗਮ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਜਾਮ ਦੌਰਾਨ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰ ਰਹੇ ਸ਼ਿਵ ਸੈਨਾ ਪੰਜਾਬ ਦੇ ਅਸ਼ਵਨੀ ਚੋਪੜਾ ਨੇ ਕਿਹਾ ਕਿ ਨਗਰ ਨਿਗਮ ਦੀ ਲਾਪ੍ਰਵਾਹੀ ਕਾਰਣ ਪਹਿਲਾਂ ਵੀ ਕਈ ਘਰਾਂ ਦੇ ਚਿਰਾਗ ਬੁਝ ਗਏ ਪਰ ਉਨ੍ਹਾਂ ਦੇ ਕੰਨ 'ਤੇ ਜੂੰ ਨਹੀਂ ਸਰਕਦੀ ਅਤੇ ਉਨ੍ਹਾਂ ਦੇ ਕੰਨਾਂ ਤਕ ਆਵਾਜ਼ ਪਹੁੰਚਾਉਣ ਲਈ ਇਹ ਧਰਨਾ ਲਾਇਆ ਗਿਆ ਹੈ।
ਪ੍ਰਦਰਸ਼ਨਕਾਰੀਆਂ 'ਚ ਸ਼ਾਮਲ ਸਰਬਜੀਤ ਨੇ ਦੱਸਿਆ ਕਿ ਇਸ ਸਬੰਧੀ ਜਦੋਂ ਉਨ੍ਹਾਂ ਨੇ ਇਲਾਕਾ ਕੌਂਸਲਰ ਲਾਡੀ, ਨਗਰ ਨਿਗਮ ਅਤੇ ਠੇਕੇਦਾਰ ਨਾਲ ਸੰਪਰਕ ਕੀਤਾ ਤਾਂ ਸਾਰਿਆਂ ਨੇ ਇਕ-ਦੂਜੇ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਆਪਣਾ-ਆਪਣਾ ਪੱਲਾ ਝਾੜ ਲਿਆ। ਉਕਤ ਨੇਤਾਵਾਂ ਤੋਂ ਇਲਾਵਾ ਪ੍ਰਦਰਸ਼ਨਕਾਰੀਆਂ 'ਚ ਸਾਹਿਲ, ਕਾਕਾ, ਰਾਜ, ਵਿੱਕੀ, ਪ੍ਰਮੋਦ, ਸੋਨੂੰ, ਗਾਬਾ ਸੰਨੀ, ਟਿੰਕੂ ਸੁਖੀ, ਮਨਜੀਤ ਸਿੰਘ, ਇੰਦਰਜੀਤ, ਮਨੋਜ, ਰਵੀ, ਸ਼ਾਬੂ, ਰਿੰਕੂ, ਗਿੱਲ ਆਦਿ ਸ਼ਾਮਲ ਸਨ।
ਸ੍ਰੀ ਦਰਬਾਰ ਸਾਹਿਬ ਨੇੜੇ ਗੈਸਟ ਹਾਊਸ 'ਚੋਂ ਮਿਲੀ ਕੁੜੀ ਦੀ ਲਾਸ਼
NEXT STORY