ਲਹਿਰਾ ਮੁਹੱਬਤ(ਮਨੀਸ਼)-ਭਾਵੇਂ ਪੰਜਾਬ ਸਰਕਾਰ ਅਤੇ ਪੁਲਸ ਵੱਲੋਂ ਸੂਬੇ ’ਚ ਨਸ਼ਿਆਂ ਨੂੰ ਠੱਲ੍ਹ ਪਾ ਲੈਣ ਦੇ ਲਗਾਤਾਰ ਦਾਅਵੇ ਕੀਤੇ ਜਾ ਰਹੇ ਹਨ ਪਰ ਅਮਲੀ ਰੂਪ ’ਚ ਇਹ ਬਿਆਨਬਾਜ਼ੀ ਤੋਂ ਵੱਧ ਕੁਝ ਵੀ ਨਹੀਂ। ਨੇਡ਼ਲੇ ਪਿੰਡ ਲਹਿਰਾ ਬੇਗਾ ਦੇ ਨੌਜਵਾਨ ਸੰਦੀਪ ਸਿੰਘ ਦੀ ਅੱਜ ਨਸ਼ੇ ਦੀ ਵਧੇਰੇ ਡੋਜ਼ ਨਾਲ ਹੋਈ ਮੌਤ ਨੇ ਅਨੇਕ ਪ੍ਰਕਾਰ ਦੇ ਸੁਆਲ ਖਡ਼੍ਹੇ ਕੀਤੇ ਹਨ। 25 ਸਾਲਾ ਮ੍ਰਿਤਕ ਸੰਦੀਪ ਸਿੰਘ ਦੇ ਪਿਤਾ ਜਗਸੀਰ ਸਿੰਘ ਨੇ ਦੱਸਿਅਾ ਕਿ ਉਸ ਦੇ ਪੁੱਤਰ ਨੇ ਮਕੈਨੀਕਲ ਇੰਜੀਨੀਅਰ ਦਾ ਕੋਰਸ ਕੀਤਾ ਸੀ। ਪਰਿਵਾਰ ਵਾਲਿਆਂ ਅਨੁਸਾਰ ਮਾਡ਼ੀ ਸੰਗਤ ਕਾਰਨ ਉਹ ਨਸ਼ਿਆਂ ਦਾ ਆਦੀ ਹੋ ਗਿਆ ਸੀ। ਬੀਤੇ ਕੱਲ ਪੂਰਾ ਪਰਿਵਾਰ ਕਿਸੇ ਰਿਸ਼ਤੇਦਾਰੀ ’ਚ ਵਾਪਰੀ ਘਟਨਾ ਕਾਰਨ ਬਾਹਰ ਗਿਆ ਹੋਇਆ ਸੀ। ਭਾਵੇਂ ਮ੍ਰਿਤਕ ਦੀ ਪਤਨੀ ਘਰ ਸੀ ਪਰ ਸੰਦੀਪ ਸਿੰਘ ਨੇ ਆਪਣੇ ਮਕਾਨ ਦੀ ਛੱਤ ਉੱਪਰ ਚਡ਼੍ਹ ਕੇ ਨਸ਼ੇ ਦਾ ਟੀਕਾ ਲਾ ਲਿਆ। ਇਸ ਦੇ ਸਬੂਤ ’ਚ ਮ੍ਰਿਤਕ ਦੇ ਨੇਡ਼ੇ ਪਈ ਸਰਿੰਜ ਮਿਲੀ ਹੈ। ਪੁਲਸ ਨੇ ਕਾਰਵਾਈ ਕਰਦਿਆਂ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਠਿੰਡਾ ਭੇਜ ਦਿੱਤਾ ਅਤੇ ਚਾਰ ਵਿਅਕਤੀਆਂ ਨੂੰ ਹਿਰਾਸਤ ਵਿਚ ਵੀ ਲਿਆ ਹੈ। ਪਿੰਡ ਦੀ ਨਸ਼ਾ ਵਿਰੋਧੀ ਐਕਸ਼ਨ ਕਮੇਟੀ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਪਿੰਡ ਵਾਸੀਆਂ ਨੇ ਜੀ. ਟੀ. ਰੋਡ ’ਤੇ ਧਰਨਾ ਲਾ ਕੇ ਮੰਗ ਕੀਤੀ ਹੈ ਕਿ ਨਸ਼ਾ ਸ਼ਮੱਗਲਰਾਂ ਨੂੰ ਗ੍ਰਿਫ਼ਤਾਰ ਕਰ ਕੇ ਸਖਤ ਸਜ਼ਾਵਾਂ ਦਿੱਤੀਆਂ ਜਾਣ। ਦੇਰ ਸ਼ਾਮ ਤੱਕ ਇਹ ਧਰਨਾ ਜਾਰੀ ਸੀ।
ਕੁੱਟ-ਮਾਰ ਕਰਨ ਦੇ ਦੋਸ਼ ’ਚ 4 ਵਿਰੁੱਧ ਪਰਚਾ ਦਰਜ
NEXT STORY