ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ, ਪਵਨ) - ਸਰਕਾਰਾਂ ਭਾਵੇਂ ਬਦਲਦੀਆਂ ਰਹਿੰਦੀਆਂ ਹਨ ਪਰ ਲੰਮਾ ਸਮਾਂ ਬੀਤਣ ਦੇ ਬਾਵਜੂਦ ਨਸ਼ਿਆਂ 'ਤੇ ਬਿਲਕੁਲ ਵੀ ਠੱਲ੍ਹ ਨਹੀਂ ਪਈ। ਹਰ ਵਰਗ ਦੇ ਲੋਕ ਨਸ਼ਿਆਂ ਦੀ ਲਪੇਟ 'ਚ ਆ ਚੁੱਕੇ ਹਨ, ਜਿਸ ਕਰ ਕੇ ਬਹੁਤ ਸਾਰੀਆਂ ਮੌਤਾਂ ਦਾ ਕਾਰਨ ਨਸ਼ੇ ਹਨ। ਸ਼ਰਾਬ ਪੀਣ ਨਾਲ ਸਭ ਤੋਂ ਵੱਧ ਮੌਤਾਂ ਹੋ ਰਹੀਆਂ ਹਨ ਕਿਉਂਕਿ ਪੰਜਾਬ ਦੇ ਲੋਕ ਹਰ ਸਾਲ 35 ਕਰੋੜ ਤੋਂ ਵੱਧ ਸ਼ਰਾਬ ਦੀਆਂ ਬੋਤਲਾਂ ਡਕਾਰ ਜਾਂਦੇ ਹਨ।
ਅਨੇਕਾਂ ਘਰਾਂ 'ਚ ਸ਼ਰਾਬ ਨੇ ਵਿਛਾਏ ਸੱਥਰ
ਜੋ ਜਾਣਕਾਰੀ ਇਕੱਤਰ ਹੋਈ ਹੈ, ਉਸ ਅਨੁਸਾਰ ਜ਼ਿਲਾ ਸ੍ਰੀ ਮੁਕਤਸਰ ਸਾਹਿਬ 'ਚ ਸ਼ਰਾਬ ਪੀਣ ਨਾਲ ਮੌਤਾਂ ਦੀ ਗਿਣਤੀ ਦਿਨ-ਬ-ਦਿਨ ਵਧ ਰਹੀ ਹੈ। ਸ਼ਰਾਬ ਨੇ ਅਨੇਕਾਂ ਘਰਾਂ ਵਿਚ ਸੱਥਰ ਵਿਛਾਅ ਦਿੱਤੇ ਹਨ। ਜ਼ਿਕਰਯੋਗ ਹੈ ਕਿ ਮਰਨ ਵਾਲਿਆਂ 'ਚ ਵਧੇਰੇ ਗਿਣਤੀ ਨੌਜਵਾਨਾਂ ਦੀ ਹੈ।
ਠੇਕੇਦਾਰ ਕਾਨੂੰਨ ਤੋਂ ਨਹੀਂ ਡਰਦੇ
ਜ਼ਿਕਰਯੋਗ ਹੈ ਕਿ ਜ਼ਿਲੇ 'ਚ ਵਿੱਦਿਆ ਦੇ ਮੰਦਰ (ਸਕੂਲ) ਤਾਂ ਸਵੇਰੇ 9:00 ਵਜੇ ਖੁੱਲ੍ਹਦੇ ਹਨ, ਜਦਕਿ ਸ਼ਰਾਬ ਦੇ ਠੇਕੇ ਦਿਨ ਚੜ੍ਹਨ ਤੋਂ ਪਹਿਲਾਂ ਹੀ ਖੁੱਲ੍ਹ ਜਾਂਦੇ ਹਨ। ਜ਼ਿਲੇ 'ਚ ਕੁਝ ਸ਼ਰਾਬ ਦੇ ਠੇਕੇ ਤਾਂ ਸਕੂਲਾਂ ਦੇ ਨਜ਼ਦੀਕ ਹੀ ਚੱਲ ਰਹੇ ਹਨ। ਜ਼ਿਕਰਯੋਗ ਹੈ ਕਿ ਸ਼ਰਾਬ ਦੇ ਠੇਕਿਆਂ ਦਾ ਖੁੱਲ੍ਹਣ ਦਾ ਸਮਾਂ ਸਵੇਰੇ 9:00 ਵਜੇ ਹੈ ਪਰ ਕਾਨੂੰਨ ਤੋਂ ਕੋਈ ਠੇਕੇਦਾਰ ਨਹੀਂ ਡਰਦਾ। ਕਈ ਠੇਕੇ ਤਾਂ ਅਜਿਹੇ ਵੀ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਕਰਿੰਦੇ ਰਾਤ ਨੂੰ ਵੀ ਖੋਲ੍ਹ ਲੈਂਦੇ ਹਨ।
ਪਿੰਡ 241, ਸ਼ਰਾਬ ਦੇ ਠੇਕੇ 282
ਜ਼ਿਲੇ ਭਰ 'ਚ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਦੇ ਠੇਕਿਆਂ ਦੀ ਗਿਣਤੀ 282 ਹੈ, ਜਦਕਿ ਪਿੰਡਾਂ ਦੀ ਗਿਣਤੀ 241 ਹੈ, ਜੇਕਰ ਵੇਖਿਆ ਜਾਵੇ ਤਾਂ ਪੰਜਾਬ ਸਰਕਾਰ ਲੋਕਾਂ ਨੂੰ ਹੋਰ ਸੁੱਖ-ਸਹੂਲਤਾਂ ਦੇਣ ਤੋਂ ਤਾਂ ਭਾਵੇਂ ਪਿੱਛੇ ਰਹਿ ਗਈ ਹੈ ਪਰ ਲੋਕਾਂ ਨੂੰ ਠੇਕੇ ਦੀ ਸ਼ਰਾਬ ਮੁਹੱਈਆ ਕਰਵਾਉਣ 'ਚ ਪੂਰੀ ਤੇਜ਼ੀ ਨਾਲ ਕੰਮ ਕਰ ਰਹੀ ਹੈ।
ਜ਼ਿਲੇ ਦੇ ਲੋਕ ਕਰੋੜਾਂ ਬੋਤਲਾਂ ਸ਼ਰਾਬ ਦੀਆਂ ਖਿੱਚ ਗਏ
ਜੇਕਰ ਇਕੱਲੇ ਜ਼ਿਲੇ ਸ੍ਰੀ ਮੁਕਤਸਰ ਸਾਹਿਬ ਦੀ ਗੱਲ ਕਰੀਏ ਤਾਂ ਸਾਲ 2017-18 ਦਾ ਸ਼ਰਾਬ ਦੀਆਂ ਬੋਤਲਾਂ ਦਾ ਕੋਟਾ ਕਰੀਬ ਇਕ ਕਰੋੜ ਦਾ ਹੈ, ਜਦਕਿ ਸਾਲ 2016-17 ਦੌਰਾਨ ਜ਼ਿਲੇ ਦੇ ਲੋਕ ਲਗਭਗ ਸਵਾ ਕਰੋੜ ਸ਼ਰਾਬ ਦੀਆਂ ਬੋਤਲਾਂ ਖਿੱਚ ਗਏ ਸਨ। ਹੁਣ 31 ਮਾਰਚ ਨੂੰ ਇਹ ਕੋਟਾ ਖਤਮ ਹੋ ਜਾਣਾ ਹੈ ਅਤੇ ਫਿਰ 1 ਅਪ੍ਰੈਲ ਤੋਂ ਸ਼ਰਾਬ ਦਾ ਨਵਾਂ ਕੋਟਾ ਆ ਜਾਵੇਗਾ।
ਮਨੁੱਖੀ ਸਿਹਤ ਲਈ ਸ਼ਰਾਬ ਬੇਹੱਦ ਖਤਰਨਾਕ : ਡਾ. ਜਿੰਦਲ
ਐੱਮ. ਡੀ. ਮੈਡੀਸਨ ਡਾ. ਐੱਸ. ਕੇ. ਜਿੰਦਲ ਨੇ ਕਿਹਾ ਕਿ ਸ਼ਰਾਬ ਮਨੁੱਖੀ ਸਿਹਤ ਲਈ ਬੇਹੱਦ ਖਤਰਨਾਕ ਹੈ। ਸ਼ਰਾਬ ਪੀਣ ਨਾਲ ਜਿੱਥੇ ਜਿਗਰ ਦੇ ਰੋਗ ਲੱਗਦੇ ਹਨ, ਉੱਥੇ ਹੀ ਪੇਟ ਵਿਚ ਪਾਣੀ ਭਰ ਜਾਂਦਾ ਹੈ ਤੇ ਹਾਰਟ ਅਟੈਕ ਵਰਗੀਆਂ ਬੀਮਾਰੀਆਂ ਲੱਗਦੀਆਂ ਹਨ। ਸ਼ਰਾਬ ਪੀਣ ਨਾਲ ਜ਼ਿਲੇ ਦੇ ਸੈਂਕੜੇ ਨੌਜਵਾਨ ਬੇਹੱਦ ਕਮਜ਼ੋਰ ਹੋ ਚੁੱਕੇ ਹਨ ਅਤੇ ਰੋਗੀ ਬਣ ਗਏ ਹਨ।
ਸਰਕਾਰਾਂ ਰਹੀਆਂ ਅਸਫ਼ਲ
ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਸਰਕਾਰਾਂ ਨੇ ਨਾ ਅੱਜ ਤੱਕ ਕੁਝ ਕੀਤਾ ਹੈ ਅਤੇ ਨਾ ਹੀ ਕੁਝ ਕਰਨ ਦੀ ਉਮੀਦ ਹੈ। ਇਸ ਲਈ ਸਮਾਜ ਦੇ ਜ਼ਿੰਮੇਵਾਰ ਅਤੇ ਜਾਗਰੂਕ ਲੋਕਾਂ ਨੂੰ ਅੱਗੇ ਆਉਣ ਦੀ ਲੋੜ ਹੈ ਤਾਂ ਕਿ ਸ਼ਰਾਬ ਨਾਲ ਹੋ ਰਹੀਆਂ ਮੌਤਾਂ ਦੀ ਗਿਣਤੀ ਨੂੰ ਘਟਾਇਆ ਜਾ ਸਕੇ।
'ਇਜ਼ਹਾਰ-ਏ-ਇਸ਼ਕ' ਦਾ ਦਿਨ 'ਪ੍ਰਪੋਜ਼ ਡੇ'
NEXT STORY