ਮਾਛੀਵਾੜਾ ਸਾਹਿਬ (ਟੱਕਰ) : ਇੱਥੇ ਕੁਹਾੜਾ ਰੋਡ ’ਤੇ ਸਥਿਤ ਹਾੜੀਆਂ ਚੌਂਕ ਨੇੜੇ ਅੱਜ ਸਵੇਰੇ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਇੱਕ ਮਜ਼ਦੂਰ ਅਰਾਵਣ (28) ਵਾਸੀ ਬਲੀਬੇਗ ਬਸਤੀ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਰਾਵਣ ਰੋਜ਼ਾਨਾਂ ਦੀ ਤਰ੍ਹਾਂ ਘਰੋਂ ਕੰਮ ਲਈ ਗਿਆ ਸੀ, ਜੋ ਕਿ ਰਾਜ-ਮਿਸਤਰੀ ਨਾਲ ਕੰਮ ਕਰਦਾ ਸੀ। ਅੱਜ ਸਵੇਰੇ ਹਾੜੀਆ ਚੌਂਕ ਨੇੜੇ ਇੱਕ ਟਰੱਕ ਹੇਠਾਂ ਆ ਕੇ ਉਹ ਬੁਰੀ ਤਰ੍ਹਾਂ ਕੁਚਲਿਆ ਗਿਆ, ਜਿਸ ਦਾ ਸਿਰ ਵੀ ਧੜ ਤੋਂ ਅਲੱਗ ਹੋ ਗਿਆ ਅਤੇ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਜਿਸ ਟਰੱਕ ਹੇਠਾਂ ਇਹ ਮਜ਼ਦੂਰ ਆਇਆ, ਉਸ ਦਾ ਡਰਾਈਵਰ ਆਪਣਾ ਸੰਤੁਲਨ ਗੁਆ ਬੈਠਾ ਅਤੇ ਸਾਹਮਣੇ ਤੋਂ ਆ ਰਹੀ ਸਕਰਾਪੀਓ ਕਾਰ ਨਾਲ ਜਾ ਟਕਰਾਇਆ। ਇਸ ਹਾਦਸੇ 'ਚ ਸਕਾਰਪਿਓ ਬੁਰੀ ਤਰ੍ਹਾਂ ਨੁਕਸਾਨੀ ਗਈ, ਜਿਸ 'ਚ ਸਵਾਰ ਵਿਅਕਤੀਆਂ ਦੇ ਵੀ ਮਾਮੂਲੀ ਸੱਟਾਂ ਲੱਗੀਆਂ। ਸਕਾਰਪੀਓ ਗੱਡੀ ਨੇੜਲੇ ਪਿੰਡ ਭਮਾ ਦੀ ਦੱਸੀ ਜਾ ਰਹੀ ਹੈ ਅਤੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਹ ਕਾਰ ਇੱਕ ਹਫ਼ਤਾ ਪਹਿਲਾਂ ਹੀ ਸ਼ੋਅਰੂਮ ’ਚੋਂ ਕਢਵਾਈ ਸੀ, ਜੋ ਕਿ ਬੁਰੀ ਤਰ੍ਹਾਂ ਨੁਕਸਾਨੀ ਗਈ। ਸੂਚਨਾ ਮਿਲਦੇ ਹੀ ਕੂੰਮਕਲਾਂ ਪੁਲਸ ਵੀ ਮੌਕੇ ’ਤੇ ਪਹੁੰਚ ਗਈ, ਜਿਨ੍ਹਾਂ ਵਲੋਂ ਲਾਸ਼ ਨੂੰ ਕਬਜ਼ੇ ’ਚ ਕਰ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਹਾਦਸੇ ਵਾਲੇ ਟਰੱਕ ਨੂੰ ਕਾਬੂ ਕਰ ਲਿਆ ਗਿਆ। ਮ੍ਰਿਤਕ ਵਿਆਹਿਆ ਹੋਇਆ ਸੀ, ਜਿਸਦੇ 2 ਬੱਚੇ ਹਨ।
ਟਰੱਕ ਚਾਲਕ ਦਾ ਦਾਅਵਾ, ਵਿਅਕਤੀ ਨੇ ਵਾਹਨ ਅੱਗੇ ਛਾਲ ਮਾਰ ਕੇ ਦਿੱਤੀ ਜਾਨ
ਟਰੱਕ ਚਾਲਕ ਗੁਰਜੰਟ ਸਿੰਘ ਨੇ ਦੱਸਿਆ ਕਿ ਉਹ ਆਪਣਾ ਵਾਹਨ ਲੈ ਕੇ ਕੁਹਾੜਾ ਵੱਲ ਨੂੰ ਜਾ ਰਿਹਾ ਸੀ ਅਤੇ ਇੱਕ ਵਿਅਕਤੀ ਨੇ ਅਚਨਚੇਤ ਉਸਦੇ ਵਾਹਨ ਅੱਗੇ ਆ ਕੇ ਛਾਲ ਮਾਰ ਦਿੱਤੀ, ਜਿਸ ਕਾਰਨ ਉਹ ਬੁਰੀ ਤਰ੍ਹਾਂ ਕੁਚਲਿਆ ਗਿਆ। ਟਰੱਕ ਚਾਲਕ ਨੇ ਦੱਸਿਆ ਕਿ ਇੱਕਦਮ ਵਿਅਕਤੀ ਵਲੋਂ ਵਾਹਨ ਅੱਗੇ ਆ ਜਾਣ ਕਾਰਨ ਉਸਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਸਕਾਰਪੀਓ ਕਾਰ ਨਾਲ ਉਸਦਾ ਟਰੱਕ ਜਾ ਟਕਰਾਇਆ। ਮੌਕੇ ’ਤੇ ਮੌਜੂਦ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ।
ਮਲੋਟ ’ਚ ਦਰਦਨਾਕ ਸੜਕ ਹਾਦਸਾ! ਮੋਟਰਸਾਈਕਲ ਸਵਾਰ 3 ਨੌਜਵਾਨਾਂ ਦੀ ਮੌਤ
NEXT STORY