ਅੰਮ੍ਰਿਤਸਰ (ਅਨਜਾਣ)— ਜੂਨ 1984 ਦੇ ਘੱਲੂਘਾਰੇ ਸਮੇਂ ਭਾਰਤੀ ਫੌਜਾਂ ਵਲੋਂ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹਮਲਾ ਕਰਕੇ ਜੋ ਕੁਝ ਵੀ ਕੀਤਾ ਗਿਆ, ਇਤਿਹਾਸ ਆਪਣੇ ਆਪ ’ਚ ਸੱਚ ਬੋਲ ਰਿਹਾ ਹੈ। ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਪ੍ਰਸਿੱਧ ਫ਼ਿਲਮੀ ਕਲਾਕਾਰ ਤੇ ਕਿਸਾਨ ਅੰਦੋਲਨ ’ਚ ਸਰਕਾਰ ਵਲੋਂ ਕੇਸਰੀ ਨਿਸ਼ਾਨ ਸਾਹਿਬ ਲਹਿਰਾਉਣ ’ਤੇ ਦੋਸ਼ੀ ਠਹਿਰਾਏ ਗਏ ਦੀਪ ਸਿੱਧੂ ਨੇ ਘੱਲੂਘਾਰਾ ਸਮਾਗਮ ’ਚ ਸ਼ਾਮਲ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।
ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹਮਲਾ, ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੋਲੀਆਂ ਨਾਲ ਛੱਲਣੀ-ਛੱਲਣੀ ਕਰ ਦੇਣਾ, ਬੇਦੋਸ਼ਿਆਂ ਬਜ਼ੁਰਗਾਂ, ਮਾਤਾਵਾਂ, ਭੈਣਾਂ ਤੇ ਬੱਚਿਆਂ ਨੂੰ ਸਮੇਂ ਦੀ ਸਰਕਾਰ ਵਲੋਂ ਸ਼ਹੀਦ ਕਰ ਦੇਣਾ ਇਕ ਸ਼ਰਮਨਾਕ ਕਾਰਾ ਹੈ। 1984 ’ਚ ਜੋ ਕੁਝ ਵੀ ਸਾਡੀ ਕੌਮ ਨਾਲ ਹੋਇਆ, ਉਸ ਤੋਂ ਸਿੱਖ ਕੇ ਅਸੀਂ ਅੱਗੇ ਵੱਧ ਰਹੇ ਹਾਂ।
ਕੁਝ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦਾ ਪਾਲੀਟੀਕਲ ਸਿਸਟਮ ਠੀਕ ਨਹੀਂ ਹੈ, ਉਹ ਸਾਡੇ ਕਾਨੂੰਨ ’ਤੇ ਭਾਰੂ ਹੈ। ਕਿਸਾਨੀ ਅੰਦੋਲਨ ਚੱਲ ਰਿਹਾ ਹੈ, ਕੇਂਦਰ ਸਰਕਾਰ ਸਟੇਟ ਦੇ ਅਧਿਕਾਰ ਆਪਣੇ ਕੋਲ ਲੈ ਕੇ ਕਾਲੇ ਕਾਨੂੰਨ ਪਾਸ ਕਰ ਰਹੀ ਹੈ। ਇਸੇ ਕਰਕੇ ਮੁਸ਼ਕਿਲ ਖੜ੍ਹੀ ਹੋ ਰਹੀ ਹੈ।
ਸੁਪਰੀਮ ਕੋਰਟ ਨੇ ਵੀ ਕਿਹਾ ਹੈ ਕਿ ਜੇਕਰ ਸ਼ਾਂਤਮਈ ਢੰਗ ਨਾਲ ਕੋਈ ਆਪਣੇ ਹੱਕ ਮੰਗ ਰਿਹਾ ਹੈ ਤਾਂ ਉਸ ਨੂੰ ਜਗ੍ਹਾ ਦੇਣੀ ਚਾਹੀਦੀ ਹੈ। ਬਾਰਡਰ ’ਤੇ ਪੰਥ ਕੀ ਜੀਤ, ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਦੇ ਫੌਜ ਵਲੋਂ ਨਾਅਰੇ ਲਗਾਏ ਜਾਂਦੇ ਹਨ ਪਰ ਜੇਕਰ ਇਹੋ ਕਿਸਾਨੀ ਅੰਦੋਲਨ ’ਚ ਕੋਈ ਲਗਾਏ ਤਾਂ ਉਸ ਨੂੰ ਦੇਸ਼ ਧ੍ਰੋਹੀ, ਖਾਲਿਸਤਾਨੀ, ਅੱਤਵਾਦੀ ਗਰਦਾਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਪਾਲੀਟੀਕਲ ਸਿਸਟਮ ਨੂੰ ਬਦਲਣ ਦੀ ਸਖ਼ਤ ਜ਼ਰੂਰਤ ਹੈ।
ਨੋਟ— ਦੀਪ ਸਿੱਧੂ ਦੇ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।
ਟਿੱਕਰੀ ਬਾਰਡਰ ਤੋਂ ਵਾਪਸ ਆ ਰਹੇ ਕਿਸਾਨ ਨੂੰ ਪਿਆ ਅਧਰੰਗ ਦਾ ਦੌਰਾ, ਹਾਲਤ ਗੰਭੀਰ
NEXT STORY