ਤਲਵੰਡੀ ਸਾਬੋ(ਮੁਨੀਸ਼)- ਮੈਟਰੋ ਰੇਲਵੇ ਸਟੇਸ਼ਨਾਂ 'ਤੇ ਅਮਿੰ੍ਰਤਧਾਰੀ ਸਿੱਖਾਂ ਦੇ ਹੁੰਦੇ ਅਪਮਾਨ ਨੂੰ ਰੋਕਣ ਲਈ ਸਿੱਖ ਆਗੂ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼ਿਕਾਇਤ ਕੀਤੀ ਗਈ ਹੈ। ਸ਼ਿਕਾਇਤ ਦੇਣ ਸਮੇਂ ਕਿਰਨਜੀਤ ਸਿੰਘ ਗਹਿਰੀ ਪ੍ਰਧਾਨ ਲੋਕ ਜਨ ਸ਼ਕਤੀ ਪਾਰਟੀ ਵੀ ਮੌਜੂਦ ਸਨ। ਗੁਰਦੀਪ ਸਿੰਘ ਰੋਮਾਣਾ ਨੇ ਤਖ਼ਤ ਸਾਹਿਬ ਦੇ ਸਿੰਘ ਸਾਹਿਬ ਨੂੰ ਦਿੱਤੀ ਗਈ ਸ਼ਿਕਾਇਤ 'ਚ ਦੱਸਿਆ ਕਿ ਉਹ ਬੀਤੇ ਦਿਨ ਦਿੱਲੀ ਵਿਖੇ ਮੈਟਰੋ ਸਟੇਸ਼ਨ ਪਟੇਲ ਚੌਕ ਤੋਂ ਚਾਂਦਨੀ ਚੌਕ ਦੀ ਟਿਕਟ ਲੈ ਕੇ ਪਹੁੰਚਿਆ ਤਾਂ ਉੱਥੇ ਤਾਇਨਾਤ ਸੀ. ਆਈ. ਐੱਸ. ਐੱਫ. ਦੇ ਏ. ਐੱਸ. ਆਈ. ਨੇ ਰੋਕ ਕੇ ਉਸ ਨੂੰ ਕਿਹਾ ਕਿ ਉਹ 2 ਫੁੱਟੀ ਕ੍ਰਿਪਾਨ ਲੈ ਕੇ ਮੈਟਰੋ ਰੇਲ 'ਚ ਨਹੀਂ ਚੜ੍ਹ ਸਕਦੇ। ਉਨ੍ਹਾਂ ਦੱਸਿਆ ਕਿ ਇਸ ਮੌਕੇ ਉਨ੍ਹਾਂ ਨਾਲ ਕਿਰਨਜੀਤ ਸਿੰਘ ਗਹਿਰੀ ਪ੍ਰਧਾਨ ਲੋਕ ਜਨ ਸ਼ਕਤੀ ਪਾਰਟੀ ਨੇ ਪੁਲਸ ਨਾਲ ਬਹਿਸ ਕੀਤੀ। ਇਕ ਘੰਟਾ ਬਹਿਸ ਕਰਨ ਤੋਂ ਬਾਅਦ ਮੌਕੇ 'ਤੇ ਆਏ ਇੰਸਪੈਕਟਰ ਜਾਵੇਦ ਖਾਨ ਨੇ ਉਨ੍ਹਾਂ ਨੂੰ ਟਰੇਨ 'ਤੇ ਜਾਣ ਦਿੱਤਾ। ਉਨ੍ਹਾਂ ਕਿਹਾ ਕਿ ਉਹ ਮਹਿਸੂਸ ਕਰਦੇ ਹਨ ਕਿ ਸਿੱਖਾਂ ਦਾ ਅਪਮਾਨ ਹੋਇਆ ਹੈ। ਉਨ੍ਹਾਂ ਸਿੰਘ ਸਾਹਿਬ ਤੋਂ ਇਸ ਮਾਮਲੇ ਨੂੰ ਹੱਲ ਕਰਵਾਉਣ ਲਈ ਭਾਰਤ ਸਰਕਾਰ ਤੇ ਦਿੱਲੀ ਸਰਕਾਰ ਨਾਲ ਰਾਬਤਾ ਕਰ ਕੇ ਸਿੱਖਾਂ ਦਾ ਮਾਣ-ਸਨਮਾਨ ਬਹਾਲ ਰੱਖਣ ਦੀ ਮੰਗ ਕੀਤੀ ਤੇ ਉਨ੍ਹਾਂ ਨੂੰ ਰੋਕਣ ਵਾਲੇ ਸੀ. ਆਈ. ਐੱਸ. ਐੱਫ. ਦੇ ਕਰਮਚਾਰੀ ਖਿਲਾਫ ਕਰਵਾਈ ਕਰਵਾਉਣ ਦੀ ਮੰਗ ਵੀ ਕੀਤੀ। ਉੱਧਰ ਸਿੰਘ ਸਾਹਿਬ ਨੇ ਇਸ ਮਾਮਲੇ 'ਤੇ ਭਾਰਤ ਤੇ ਦਿੱਲੀ ਸਰਕਾਰ ਨੂੰ ਪੱਤਰ ਲਿਖਣ ਦੇ ਨਾਲ-ਨਾਲ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਮਲਾ ਧਿਆਨ 'ਚ ਲਿਆ ਕੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ।
ਨਸ਼ੇ ਵਾਲੀਅਾਂ ਗੋਲੀਅਾਂ ਤੇ ਸ਼ਰਾਬ ਸਣੇ 4 ਕਾਬੂ
NEXT STORY