ਜਲੰਧਰ (ਚਾਵਲਾ)— ਵਿਦੇਸ਼ਾਂ 'ਚ ਸਿੱਖਾਂ ਨੂੰ ਦਿੱਤੀ ਜਾ ਰਹੀ ਤਵੱਜੋ ਦੇ ਭਾਰਤੀ ਸਿੱਖ ਵੀ ਹੱਕਦਾਰ ਹਨ। ਇਸ ਲਈ ਭਾਰਤ ਸਰਕਾਰ ਨੂੰ ਭਾਰਤ 'ਚ ਵੱਸਦੇ ਸਿੱਖਾਂ ਨੂੰ ਅੱਤਵਾਦੀ ਦੱਸਣ ਦੀ ਬਜਾਏ ਉਨ੍ਹਾਂ ਦੀਆਂ ਮੰਗਾਂ 'ਤੇ ਹਮਦਰਦੀ ਭਰੇ ਵਿਵਹਾਰ ਨਾਲ ਵਿਚਾਰ ਕਰਨਾ ਚਾਹੀਦਾ ਹੈ। ਉਕਤ ਅਪੀਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਅਤੇ ਮਨਜਿੰਦਰ ਸਿੰਘ ਸਿਰਸਾ ਨੇ ਐਤਵਾਰ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਾਰਤ ਸਰਕਾਰ ਨੂੰ ਕੀਤੀ।
ਉਕਤ ਆਗੂਆਂ ਨੇ ਦਿੱਲੀ ਕਮੇਟੀ ਵੱਲੋਂ ਕਨਾਟ ਪਲੇਸ 'ਚ ਛੇਤੀ ਹੀ ਵੱਡੇ ਪੱਧਰ 'ਤੇ ਦਸਤਾਰ ਦਿਹਾੜਾ ਮਨਾਉਣ ਦਾ ਐਲਾਨ ਕੀਤਾ। ਇਨ੍ਹਾਂ ਦੇ ਨਾਲ ਇਸ ਮੌਕੇ 'ਤੇ ਬੀਤੇ ਦਿਨੀਂ ਬਰਤਾਨੀਆ ਸੰਸਦ ਦੇ ਬਾਹਰ ਨਸਲੀ ਹਮਲੇ ਦਾ ਸ਼ਿਕਾਰ ਹੋਏ 'ਈਕੋ ਸਿੱਖ' ਦੇ ਰਵਨੀਤ ਸਿੰਘ ਅਤੇ ਜਸਪ੍ਰੀਤ ਸਿੰਘ ਵੀ ਮੌਜੂਦ ਸਨ। 21 ਫਰਵਰੀ 2018 ਨੂੰ ਰਵਨੀਤ ਸਿੰਘ ਦੀ ਦਸਤਾਰ ਨੂੰ ਉਤਾਰਨ ਦੀ ਇਕ ਬ੍ਰਿਟਿਸ਼ ਨਾਗਰਿਕ ਨੇ ਕੋਸ਼ਿਸ਼ ਕੀਤੀ ਸੀ, ਜਿਸ ਤੋਂ ਬਾਅਦ ਸਪੀਕਰ ਜਾਨ ਬਰਕੂ ਨੇ ਰਵਨੀਤ ਨੂੰ ਲਿਖਤੀ ਮੁਆਫੀਨਾਮਾ ਵੀ ਭੇਜਿਆ ਸੀ। ਇਸ ਘਟਨਾ ਤੋਂ ਬਾਅਦ ਸਿੱਖਾਂ ਦੇ ਬਾਰੇ ਦੱਸਣ ਲਈ ਪਹਿਲੀ ਵਾਰ 27 ਮਾਰਚ 2018 ਨੂੰ ਇੰਗਲੈਂਡ ਦੀ ਸੰਸਦ 'ਚ ਅਧਿਕਾਰਕ ਰੂਪ 'ਚ 'ਦਸਤਾਰ ਦਿਹਾੜਾ' ਮਨਾਇਆ ਜਾ ਰਿਹਾ ਹੈ, ਜਿਸ 'ਚ ਸੰਸਦ ਮੈਂਬਰਾਂ ਨੂੰ ਵੀ ਦਸਤਾਰਾਂ ਬੰਨ੍ਹੀਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਇਕ ਪਾਸੇ ਕੈਨੇਡਾ ਦੇ ਸੂਬੇ ਓਂਟਾਰੀਓ ਦੀ ਵਿਧਾਨ ਸਭਾ 1984 ਸਿੱਖ ਕਤਲੇਆਮ ਨੂੰ ਨਸਲਕੁਸ਼ੀ ਦਾ ਦਰਜਾ ਦਿੰਦੀ ਹੈ ਅਤੇ ਦੂਜੇ ਪਾਸੇ ਸਾਡੀ ਭਾਰਤੀ ਸੰਸਦ ਨਸਲਕੁਸ਼ੀ ਦਾ ਦਰਜਾ ਦੇਣਾ ਤਾਂ ਦੂਰ ਸੰਸਦ 'ਚ ਖੜ੍ਹੇ ਹੋ ਕੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਲੋਂ 1984 ਦੇ ਪੀੜਤ ਪਰਿਵਾਰਾਂ ਦੇ ਮੁੜ-ਵਸੇਬੇ ਅਤੇ ਨੌਕਰੀ ਦੇਣ ਦੇ ਦਿੱਤੇ ਗਏ ਭਰੋਸੇ ਨੂੰ ਵੀ ਪੂਰਾ ਕਰਨ ਵਿਚ ਨਾਕਾਮ ਰਹਿੰਦੀ ਹੈ।
ਜੀ. ਕੇ. ਨੇ ਕਿਹਾ ਕਿ ਇੰਗਲੈਂਡ ਦੀ ਸੰਸਦ 'ਚ ਦਸਤਾਰ ਦਿਹਾੜਾ ਮਨਾਇਆ ਜਾਣਾ ਸਾਡੇ ਲਈ ਹੋਰ ਵੀ ਮਾਇਨੇ ਰੱਖਦਾ ਹੈ ਜਦੋਂ ਉਸ ਦੇ ਗੁਆਂਢੀ ਮੁਲਕ ਫਰਾਂਸ 'ਚ ਸਿੱਖਾਂ ਨੂੰ ਪੱਗ 'ਤੇ ਪਾਬੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੀ. ਕੇ. ਨੇ 2019 'ਚ ਜਲਿਆਂਵਾਲਾ ਬਾਗ ਕਤਲੇਆਮ ਦੀ ਸ਼ਤਾਬਦੀ ਹੋਣ ਦਾ ਹਵਾਲਾ ਦਿੰਦੇ ਹੋਏ ਇੰਗਲੈਂਡ ਸਰਕਾਰ ਨੂੰ ਕਤਲੇਆਮ ਦੀ ਮੁਆਫੀ ਮੰਗਣ ਦੀ ਅਪੀਲ ਵੀ ਕੀਤੀ।
ਸਿਰਸਾ ਨੇ ਦੱਸਿਆ ਕਿ ਇੰਗਲੈਂਡ ਦੀ ਸੰਸਦ ਵੱਲੋਂ ਦੂਜੀ ਵਾਰ ਮੁਆਫੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਸੰਸਦ ਨੇ ਸਾਰਾਗੜ੍ਹੀ ਦੀ ਲੜਾਈ 'ਚ ਬਹਾਦਰੀ ਦਿਖਾਉਣ ਵਾਲੇ 21 ਸਿੱਖਾਂ ਨੂੰ ਗੁਆਉਣ 'ਤੇ ਮੁਆਫੀ ਮੰਗੀ ਸੀ ਅਤੇ ਹੁਣ 1 ਸਿੱਖ ਦੀ ਪੱਗ 'ਤੇ ਹੋਏ ਹਮਲੇ ਦੀ ਮੁਆਫੀ ਮੰਗਣ ਦੇ ਨਾਲ ਸੰਸਦ 'ਚ ਦਸਤਾਰ ਦਿਹਾੜਾ ਮਨਾਉਣ ਲਈ ਵੱਡਾ ਦਿਲ ਵਿਖਾਇਆ ਹੈ। ਸਿਰਸਾ ਨੇ ਭਾਰਤ ਸਰਕਾਰ 'ਤੇ ਵਿਅੰਗ ਕਰਦੇ ਹੋਏ ਕਿਹਾ ਕਿ ਜੂਨ 1984 'ਚ ਸ੍ਰੀ ਦਰਬਾਰ ਸਾਹਿਬ 'ਤੇ ਹੋਏ ਹਮਲੇ ਮੌਕੇ ਬ੍ਰਿਟਿਸ਼ ਸਰਕਾਰ ਤੋਂ ਸਲਾਹ ਲੈਣ ਵਾਲੀ ਸਾਡੀ ਸਰਕਾਰ ਨੂੰ ਅਮਰੀਕਾ, ਕੈਨੇਡਾ ਅਤੇ ਇੰਗਲੈਂਡ 'ਚ ਸਿੱਖਾਂ ਨੂੰ ਦਿੱਤੇ ਜਾ ਰਹੇ ਸਨਮਾਨ ਤੋਂ ਵੀ ਪ੍ਰੇਰਣਾ ਲੈਣੀ ਚਾਹੀਦੀ ਹੈ।
ਰਵਨੀਤ ਸਿੰਘ ਨੇ ਕਿਹਾ ਕਿ ਇੰਗਲੈਂਡ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਸੰਸਦ 'ਚ ਦਿੱਤੇ ਆਪਣੇ ਬਿਆਨ 'ਚ ਬ੍ਰਿਟਿਸ਼ ਹਕੂਮਤ ਵੱਲੋਂ ਪਹਿਲੇ ਵਿਸ਼ਵ ਯੁੱਧ 'ਚ ਸ਼ਹਾਦਤ ਦੇਣ ਵਾਲੇ 80 ਹਜ਼ਾਰ ਪਗੜੀਧਾਰੀ ਸਿੱਖਾਂ ਦੀ ਉਦਾਹਰਣ ਦੇ ਕੇ ਸੰਸਦ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਸੀ ਕਿ ਸਿੱਖ ਦੀ ਦਸਤਾਰ ਅਤੇ ਕੁਰਬਾਨੀ ਦੀ ਕੀ ਕੀਮਤ ਹੈ। ਇਹ ਸਭ ਇਕ ਸਿੱਖ ਸੰਸਦ ਮੈਂਬਰ ਦੀ ਸੋਚ ਨੇ ਕਰ ਵਿਖਾਇਆ ਹੈ। ਇਸ ਲਈ ਵਿਦੇਸ਼ੀ ਧਰਤੀ 'ਤੇ ਜਿੱਥੇ ਅਮਰੀਕਾ ਤੋਂ ਬਾਅਦ ਯੂਰਪ ਦੇ ਬਾਕੀ ਦੇਸ਼ਾਂ 'ਚ ਸਿੱਖਾਂ ਨੂੰ ਮੁਸਲਮਾਨ ਸਮਝ ਕੇ ਨਸਲੀ ਹਮਲੇ ਹੋ ਰਹੇ ਹਨ, ਉਥੇ ਸਰਕਾਰਾਂ ਦੇ ਅਜਿਹੇ ਉਸਾਰੂ ਰੁਖ ਨਾਲ ਇਨ੍ਹਾਂ ਹਮਲਿਆਂ 'ਚ ਕਮੀ ਆ ਸਕਦੀ ਹੈ। ਜਸਪ੍ਰੀਤ ਸਿੰਘ ਨੇ ਢੇਸੀ, ਬ੍ਰਿਟਿਸ਼ ਸਰਕਾਰ ਅਤੇ ਦਿੱਲੀ ਕਮੇਟੀ ਦਾ ਇਸ ਪੂਰੀ ਮੁਹਿੰਮ ਵਿਚ ਸਹਿਯੋਗ ਦੇਣ ਲਈ ਧੰਨਵਾਦ ਵੀ ਕੀਤਾ।
ਪ੍ਰੇਮ ਵਿਆਹ ਕਰਨ ਵਾਲੇ ਲੜਕੇ ਦੀ ਲੜਕੀ ਦੇ ਰਿਸ਼ਤੇਦਾਰਾਂ ਵਲੋਂ ਕੁੱਟਮਾਰ
NEXT STORY