ਪਟਿਆਲਾ (ਰਾਜੇਸ਼) - ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਪ੍ਰਧਾਨ ਪਵਨ ਕੁਮਾਰ ਗੁਪਤਾ ਨੇ ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਜੋਧਪੁਰ ਦੀਆਂ ਜੇਲਾਂ ਵਿਚ ਬੰਦ 365 ਸਿੱਖ ਕੈਦੀਆਂ ਨੂੰ ਮੁਆਵਜ਼ਾ ਰਾਸ਼ੀ ਦਾ ਚੈੱਕ ਭੇਜਿਆ ਹੈ, ਉਸ ਪੈਟਰਨ 'ਤੇ ਅੱਤਵਾਦ ਦੌਰਾਨ ਪੰਜਾਬ ਵਿਚ ਮਾਰੇ ਗਏ ਹਿੰਦੂਆਂ ਦੇ ਪਰਿਵਾਰਾਂ ਨੂੰ ਵੀ ਮੁਆਵਜ਼ਾ ਰਾਸ਼ੀ ਦੇਣ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਵਨ ਕੁਮਾਰ ਗੁਪਤਾ ਨੇ ਕਿਹਾ ਕਿ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੂੰ ਜੋਧਪੁਰ ਜੇਲ ਵਿਚ ਬੰਦ ਕੈਦੀਆਂ 'ਤੇ ਤਾਂ ਤਰਸ ਆ ਗਿਆ ਪਰ ਜਿਨ੍ਹਾਂ ਹਜ਼ਾਰਾਂ ਹਿੰਦੂਆਂ ਨੂੰ ਡੇਢ ਦਹਾਕੇ ਤੱਕ ਚੱਲੇ ਪੰਜਾਬ 'ਚ ਅੱਤਵਾਦ ਦੌਰਾਨ ਬੱਸਾਂ, ਟਰੇਨਾਂ ਵਿਚੋਂ ਉਤਾਰ ਕੇ ਅਤੇ ਘਰਾਂ 'ਚੋਂ ਕੱਢ ਕੇ ਗੋਲੀਆਂ ਨਾਲ ਭੁੰਨਿਆ ਗਿਆ, ਉਨ੍ਹਾਂ ਬਾਰੇ ਮੁੱਖ ਮੰਤਰੀ ਨੇ ਕੁੱਝ ਨਹੀਂ ਸੋਚਿਆ, ਜਿਸ ਕਰ ਕੇ ਹਿੰਦੂ ਸਮਾਜ ਆਪਣੇ-ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਹਿੰਦੁਸਤਾਨ ਮੰਗ ਕਰਦੀ ਹੈ ਕਿ ਕੈ. ਅਮਰਿੰਦਰ ਸਿੰਘ ਨੇ ਬਤੌਰ ਮੁੱਖ ਮੰਤਰੀ ਆਪਣੀ ਪਿਛਲੀ ਸਰਕਾਰ ਵਿਚ ਜੋ 781 ਕਰੋੜ ਦਾ ਪੈਕੇਜ ਪੰਜਾਬ ਦੇ ਅੱਤਵਾਦ ਪੀੜਤ ਹਿੰਦੂਆਂ ਨੂੰ ਦਿਵਾਉਣ ਲਈ ਪਾਸ ਕਰ ਕੇ ਕੇਂਦਰ ਸਰਕਾਰ ਨੂੰ ਭੇਜਿਆ ਸੀ, ਉਸ ਪੈਕੇਜ ਨੂੰ ਦਿਵਾਉਣ ਲਈ ਮੁੱਖ ਮੰਤਰੀ ਚਾਰਾਜੋਈ ਕਰਨ । ਜੇਕਰ ਕੇਂਦਰ ਸਰਕਾਰ ਜੋਧਪੁਰ ਦੇ ਕੈਦੀਆਂ ਦੀ ਤਰ੍ਹਾਂ ਪੰਜਾਬ ਦੇ ਅੱਤਵਾਦ ਪੀੜਤ ਹਿੰਦੂਆਂ ਨੂੰ ਮੁਆਵਜ਼ਾ ਨਹੀਂ ਦਿੰਦੀ ਤਾਂ ਫਿਰ ਜੋਧਪੁਰ ਵਾਲੇ ਪੈਟਰਨ 'ਤੇ ਹੀ ਮੁੱਖ ਮੰਤਰੀ ਪੰਜਾਬ ਦੇ ਅੱਤਵਾਦ ਪੀੜਤ ਹਿੰਦੂਆਂ ਨੂੰ ਪੰਜਾਬ ਦੇ ਖ਼ਜ਼ਾਨੇ ਵਿਚੋਂ ਇਹ ਮੁਆਵਜ਼ਾ ਦੇਣ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਸਮਝਿਆ ਜਾਵੇਗਾ ਕਿ ਪੰਜਾਬ ਸਰਕਾਰ ਸਿਰਫ ਇਕ ਵਰਗ 'ਤੇ ਹੀ ਧਿਆਨ ਰੱਖ ਰਹੀ ਹੈ। ਇਸ ਦੇ ਨਾਲ ਹੀ ਪਵਨ ਗੁਪਤਾ ਨੇ ਭਾਜਪਾ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਭਾਜਪਾ ਨਾਲ ਸਬੰਧਤ ਰਾਸ਼ਟਰੀ ਸਿੱਖ ਸੰਗਤ ਜੋਧਪੁਰ ਦੇ ਕੈਦੀਆਂ ਲਈ ਦੇਸ਼ ਦੇ ਗ੍ਰਹਿ ਮੰਤਰੀ ਨੂੰ ਮਿਲਣ ਜਾ ਸਕਦੀ ਹੈ ਪਰ ਪੰਜਾਬ ਦੇ ਅੱਤਵਾਦ ਪੀੜਤ ਹਿੰਦੂਆਂ ਦੀ ਗੱਲ ਕਦੇ ਵੀ ਨਹੀਂ ਕੀਤੀ। ਦੇਸ਼ ਵਿਚ ਭਾਵੇਂ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਹੋਵੇ ਜਾਂ ਹੁਣ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ, ਸਭ ਸਰਕਾਰਾਂ ਨੇ ਪੰਜਾਬ ਦੇ ਹਿੰਦੁਆਂ ਨਾਲ ਬੇਇਨਸਾਫੀ ਕੀਤੀ ਹੈ। ਗੁਪਤਾ ਨੇ ਕਿਹਾ ਕਿ ਇਸ ਮਾਮਲੇ 'ਤੇ ਪੰਜਾਬ ਨਾਲ ਸਬੰਧਤ ਭਾਜਪਾ ਦੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਅਤੇ ਸੂਬਾ ਭਾਜਪਾ ਪ੍ਰਧਾਨ ਨੇ ਕਦੇ ਕੋਈ ਚਾਰਾਜੋਈ ਨਹੀਂ ਕੀਤੀ। ਗੁਪਤਾ ਨੇ ਕਿਹਾ ਕਿ ਉਮੀਦ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਇਕ ਧਰਮ ਨਿਰਪੱਖ ਮੁੱਖ ਮੰਤਰੀ ਦੀ ਭੁਮਿਕਾ ਨਿਭਾਉਂਦੇ ਹੋਏ ਅੱਤਵਾਦ ਦੌਰਾਨ ਮਾਰੇ ਗਏ 35 ਹਜ਼ਾਰ ਹਿੰਦੂਆਂ ਦੇ ਪਰਿਵਾਰਾਂ ਨੂੰ ਇਨਸਾਫ ਦਿਵਾਉਣਗੇ।
ਐੱਸ. ਐੱਫ. ਐੱਸ. ਪਾਰਟੀ ਨੇ ਦਿੱਤਾ ਧਰਨਾ
NEXT STORY