ਹਾਜੀਪੁਰ, (ਜੋਸ਼ੀ)- ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਡਿਜੀਟਲ ਬਣਾਉਣ ਦੇ ਸੁਪਨੇ ਦੇਖ ਰਹੇ ਹਨ, ਪਰ ਦੇਸ਼ 'ਚ ਠੱਗੀ ਦਾ ਕਾਰੋਬਾਰ ਕਰਨ ਵਾਲੇ ਲੋਕ ਦਿਨ-ਰਾਤ ਬੇਖੌਫ਼ ਆਪਣਾ ਕਾਰੋਬਾਰ ਚਲਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਮਨ ਕੁਮਾਰ ਪੁੱਤਰ ਰਜਿੰਦਰ ਕੁਮਾਰ ਵਾਸੀ ਬਰੜ ਕਾਲੋਨੀ ਹਾਜੀਪੁਰ ਨੇ ਦੱਸਿਆ ਕਿ ਕਰੀਬ 15 ਦਿਨ ਪਹਿਲਾਂ ਉਸ ਨੇ ਟੈਲੀ-ਸ਼ਾਪਿੰਗ ਰਾਹੀਂ ਮੋਬਾਇਲ ਫੋਨ ਬੁੱਕ ਕਰਵਾਇਆ ਸੀ, ਜਿਸ ਦੀ ਕੀਮਤ ਲਗਭਗ 3900 ਰੁਪਏ ਸੀ। ਅੱਜ ਜਦੋਂ ਉਕਤ ਮੋਬਾਇਲ ਫੋਨ ਦਾ ਪਾਰਸਲ ਭਾਰਤੀ ਡਾਕ ਵਿਭਾਗ ਰਾਹੀਂ ਆਇਆ ਤਾਂ ਉਸ ਨੇ 3900 ਰੁਪਏ ਦੇ ਕੇ ਪਾਰਸਲ ਛੁਡਵਾ ਲਿਆ।
ਜਦੋਂ ਪਾਰਸਲ ਖੋਲ੍ਹ ਕੇ ਦੇਖਿਆ ਤਾਂ ਉਸ ਵਿਚੋਂ ਮੋਬਾਇਲ ਫੋਨ ਦੀ ਥਾਂ ਚਾਟ ਮਸਾਲਾ ਨਿਕਲਿਆ, ਜਿਸ ਦੀ ਕੀਮਤ ਸਿਰਫ 20 ਰੁਪਏ ਲਿਖੀ ਹੋਈ ਸੀ। ਠੱਗੀ ਦਾ ਸ਼ਿਕਾਰ ਹੋਏ ਅਮਨ ਕੁਮਾਰ ਨੇ ਦੱਸਿਆ ਕਿ ਪਾਰਸਲ 'ਤੇ ਆਰ. ਕੇ. ਟੈਲੀ-ਸ਼ਾਪਿੰਗ, ਮਕਾਨ ਨੰ. 40 ਮੰਗੋਲਪੁਰ (ਦਿੱਲੀ) ਦਾ ਪਤਾ ਲਿਖਿਆ ਹੋਇਆ ਹੈ। ਉਨ੍ਹਾਂ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤਾਂ ਜੋ ਅਜਿਹੇ ਨੌਸਰਬਾਜ਼ਾਂ ਦਾ ਪਰਦਾਫਾਸ਼ ਹੋ ਸਕੇ।
ਬੇਕਾਬੂ ਸਕਾਰਪੀਓ ਦੁਕਾਨ 'ਚ ਵੱਜੀ, 1 ਗੰਭੀਰ ਜ਼ਖ਼ਮੀ
NEXT STORY