ਗੋਂਡਾ, (ਯੂ. ਐੱਨ. ਆਈ.)- ਉੱਤਰ ਪ੍ਰਦੇਸ਼ ਦੇ ਗੋਂਡਾ ਰੇਲਵੇ ਜੰਕਸ਼ਨ ’ਤੇ ਮੰਗਲਵਾਰ ਦੀ ਰਾਤ ਇਕ ਬਹਾਦਰ ਕਾਂਸਟੇਬਲ ਨੇ ਚੱਲਦੀ ਟ੍ਰੇਨ ਦੀ ਲਪੇਟ ’ਚ ਅਾਉਣ ਪਿੱਛੋਂ ਦੋਹਾਂ ਪੈਰਾਂ ਦੇ ਵੱਢੇ ਜਾਣ ਦੇ ਬਾਵਜੂਦ ਇਕ ਚੋਰ ਨੂੰ ਫੜ ਕੇ ਇਤਿਹਾਸ ਰਚ ਦਿੱਤਾ।
ਘਟਨਾ ਅਨੁਸਾਰ ਪਲੇਟਫਾਰਮ ਨੰਬਰ ਇਕ ’ਤੇ ਦੋ ਨੌਜਵਾਨ ਇਕ ਪਰਸ ਦੀ ਚੋਰੀ ਨੂੰ ਲੈ ਕੇ ਆਪਸ ’ਚ ਲੜ ਰਹੇ ਸਨ। ਮੁਲਜ਼ਮ ਸੁਨੀਲ ਕੁਮਾਰ (35) ’ਤੇ ਪੈਸੇ ਚੋਰੀ ਕਰਨ ਦਾ ਦੋਸ਼ ਸੀ। ਡਿਊਟੀ ’ਤੇ ਤਾਇਨਾਤ ਕਾਂਸਟੇਬਲ ਆਕਾਸ਼ ਸਿੰਘ (29) ਨੇ ਦੋਵਾਂ ਨੂੰ ਫੜ ਲਿਆ ਤੇ ਪਲੇਟਫਾਰਮ ’ਤੇ ਬਣੇ ਜੀ. ਆਰ. ਪੀ. ਦੇ ਥਾਣੇ ’ਚ ਲੈ ਆਇਆ।
ਪੁੱਛਗਿੱਛ ਦੌਰਾਨ ਹੀ ਲਖਨਊ ਜਾ ਰਹੀ ਡਿਬਰੂਗੜ੍ਹ-ਚੰਡੀਗੜ੍ਹ ਐਕਸਪ੍ਰੈੱਸ (15903) ਪਲੇਟਫਾਰਮ ’ਤੇ ਆ ਗਈ। ਇਸ ਦੌਰਾਨ ਸੁਨੀਲ ਕੁਮਾਰ ਨੇ ਕਾਂਸਟੇਬਲ ਨੂੰ ਧੱਕਾ ਮਾਰਿਆ ਤੇ ਦੌੜ ਕੇ ਟ੍ਰੇਨ ’ਚ ਚੜ੍ਹ ਗਿਆ। ਆਕਾਸ਼ ਸਿੰਘ ਨੇ ਤੁਰੰਤ ਪਿੱਛਾ ਕੀਤਾ ਤੇ ਸੁਨੀਲ ਨੂੰ ਬਾਹਰ ਕੱਢਿਆ। ਇਸ ਦੌਰਾਨ ਕਾਂਸਟੇਬਲ ਟ੍ਰੇਨ ਤੇ ਪਲੇਟਫਾਰਮ ਦਰਮਿਆਨ ਬਣੇ ਗੈਪ ’ਚ ਡਿੱਗ ਗਿਆ ਤੇ ਉਸ ਦੇ ਦੋਵੇਂ ਪੈਰ ਵੱਢੇ ਗਏ। ਇਸ ਦੇ ਬਾਵਜੂਦ ਆਕਾਸ਼ ਨੇ ਚੋਰ ਨੂੰ ਫੜ ਲਿਆ।
ਜੀ. ਆਰ. ਪੀ. ਦੇ ਇੰਸਪੈਕਟਰ ਦਿਨੇਸ਼ ਕੁਮਾਰ ਨੇ ਕਿਹਾ ਕਿ ਜ਼ਖਮੀ ਕਾਂਸਟੇਬਲ ਨੂੰ ਗੋਂਡਾ ਦੇ ਮੈਡੀਕਲ ਕਾਲਜ ’ਚ ਦਾਖਲ ਕਰਵਾਇਆ ਗਿਆ । ਫਿਰ ਉਸ ਨੂੰ ਲਖਨਊ ਦੇ ਟਰੋਮਾ ਸੈਂਟਰ ਰੈਫਰ ਕਰ ਦਿੱਤਾ ਗਿਆ। ਮੁਲਜ਼ਮ ਚੋਰ ਦਾ ਵੀ ਇਲਾਜ ਕੀਤਾ ਜਾ ਰਿਹਾ ਹੈ। ਇਹ ਘਟਨਾ ਆਕਾਸ਼ ਸਿੰਘ ਦੀ ਬਹਾਦਰੀ ਅਤੇ ਹਿੰਮਤ ਦੀ ਇਕ ਸਪੱਸ਼ਟ ਉਦਾਹਰਣ ਪੇਸ਼ ਕਰਦੀ ਹੈ।
‘ਭਾਰਤ ਟੈਕਸੀ’ ਨੂੰ ਓਲਾ, ਉਬਰ ਤੋਂ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਰਿਹਾ : ਸ਼ਾਹ
NEXT STORY