ਗੁਰਦਾਸਪੁਰ (ਹਰਮਨ) : ਥਾਣਾ ਸਿਟੀ ਗੁਰਦਾਸਪੁਰ ਦੀ ਪੁਲਸ ਨੇ ਲਗਭਗ 5 ਸਾਲ ਪਹਿਲਾਂ ਨੋਟਬੰਦੀ ਦੌਰਾਨ ਇਕ ਵਿਅਕਤੀ ਦੇ ਪੈਸੇ ਕਢਵਾ ਕੇ ਦੇਣ ਦੀ ਆੜ ਹੇਠ ਠੱਗੀ ਮਾਰਨ ਦੇ ਦੋਸ਼ਾਂ ਹੇਠ ਇਕ ਵਿਅਕਤੀ ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਸੁਮੀਰ ਸਿੰਘ ਮਾਨ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਮੇਜਰ ਸਿੰਘ ਪੁੱਤਰ ਨਿਰਬੀਰ ਸਿੰਘ ਨੇ ਦੋਸ਼ ਲਗਾਏ ਸਨ ਕਿ ਸਾਲ 2016 ਦੌਰਾਨ ਨੋਟਬੰਦੀ ਦੇ ਦੌਰ ਵਿਚ ਉਸ ਨੂੰ ਬੈਂਕ ਵਿਚੋਂ ਪੈਸੇ ਕਢਵਾਉਣ ਲਈ ਮੁਸ਼ਕਿਲ ਪੇਸ਼ ਆ ਰਹੀ ਸੀ। ਇਸ ਦੌਰਾਨ ਨਰੋਤਮ ਪਾਲ ਸਿੰਘ ਨੇ ਉਸ ਨੂੰ ਕਿਹਾ ਕਿ ਬੈਂਕ ਵਿਚ ਉਸ ਦੀ ਕਾਫੀ ਜਾਣ ਪਹਿਚਾਣ ਹੈ। ਇਸ ਲਈ ਉਹ ਉਸ ਨੂੰ ਪੈਸੇ ਕਢਵਾ ਕੇ ਦੇ ਦੇਵੇਗਾ।
ਮੇਜਰ ਸਿੰਘ ਨੇ ਦੱਸਿਆ ਕਿ ਉਸ ਨੇ ਇਸ ਗੱਲ ’ਤੇ ਵਿਸ਼ਵਾਸ ਕਰਕੇ ਉਕਤ ਵਿਅਕਤੀ ਨੂੰ ਦਸਤਖਤ ਕਰਕੇ ਖਾਲੀ ਚੈਕ ਨੰਬਰ 00023 ਦੇ ਦਿੱਤਾ ਪਰ ਬਾਅਦ ਵਿਚ ਉਕਤ ਵਿਅਕਤੀ ਨੇ ਉਸ ਨੂੰ ਕੋਈ ਵੀ ਪੈਸਾ ਨਹੀਂ ਦਿੱਤਾ। ਜਦੋਂ ਉਸ ਨੇ ਵਾਰ-ਵਾਰ ਪੁੱਛਿਆ ਤਾਂ ਉਹ ਲਾਰੇ ਲੱਪੇ ਲਗਾਉਣ ਲੱਗ ਪਿਆ ਅਤੇ ਅਖੀਰ ਉਸ ਨੇ ਕਹਿ ਦਿੱਤਾ ਕਿ ਉਸ ਕੋਲੋਂ ਚੈਕ ਗੁਆਚ ਗਿਆ ਹੈ। ਇਸ ਉਪਰੰਤ ਮੁਦਈ ਨੇ 27 ਫਰਵਰੀ 2017 ਨੂੰ ਬੈਂਕ ਵਿਚ ਜਾ ਕੇ ਉਕਤ ਚੈਕ ਬਲਾਕ ਕਰਵਾ ਦਿੱਤਾ ਅਤੇ ਪੁਰਾਣਾ ਸ਼ਾਲਾ ਪੁਲਸ ਸਟੇਸ਼ਨ ਵਿਚ ਚੈਕ ਦੇ ਗੁੰਮ ਹੋਣ ਦੀ ਰਿਪੋਰਟ ਵੀ ਲਿਖਵਾ ਦਿੱਤੀ ਪਰ ਇਸ ਦੇ ਬਾਵਜੂਦ ਦੋਸ਼ੀ ਨੇ ਉਕਤ ਚੈੱਕ ਭਰ ਕੇ ਬੈਂਕ ਵਿਚੋਂ 8 ਲੱਖ 20 ਹਜ਼ਾਰ ਰੁਪਏ ਕਢਵਾ ਲਏ। ਇਸ ਸ਼ਿਕਾਇਤ ਦੀ ਜਾਂਚ ਉਪ ਪੁਲਸ ਕਪਤਾਨ ਵੱਲੋਂ ਕੀਤੀ ਗਈ ਜਿਸ ਦੇ ਅਧਾਰ ’ਤੇ ਪੁਲਸ ਨੇ ਉਕਤ ਵਿਅਕਤੀ ਖ਼ਿਲਾਫ ਪਰਚਾ ਦਰਜ ਕੀਤਾ ਹੈ।
ਮੰਦਿਰ 'ਚ ਪੁਜਾਰੀ ਨੇ ਜਨਾਨੀ ਨਾਲ ਕੀਤਾ ਜਬਰ-ਜ਼ਿਨਾਹ, ਗ੍ਰਿਫ਼ਤਾਰ
NEXT STORY