ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) : ਪੰਜਾਬ ਸਰਕਾਰ ਵਲੋਂ ਰਾਜ ਨੂੰ ਮੁਕੰਮਲ ਤੌਰ 'ਤੇ ਨਸ਼ਾ ਮੁਕਤ ਕਰਨ ਲਈ ਆਰੰਭੀ ਵਿਸ਼ੇਸ਼ ਮੁਹਿੰਮ ਡਰੱਗ ਅਬਿਊਜ਼ ਪ੍ਰੀਵੈਨਸ਼ਨ ਅਫ਼ਸਰ (ਡੇਪੋ) ਨੂੰ ਜ਼ਿਲਾ ਸ੍ਰੀ ਮੁਕਤਸਰ ਸਾਹਿਬ 'ਚ ਸਫਲਤਾ ਨਾਲ ਲਾਗੂ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਡਿਪਟੀ ਕਮਿਸ਼ਨਰ ਸੁਮੀਤ ਜਾਰੰਗਲ ਨੇ ਕਿਹਾ ਕਿ ਨੌਜਵਾਨ ਵਰਗ ਨੂੰ ਇਸ ਮੁਹਿੰਮ ਦਾ ਹਿੱਸਾ ਬਣਨ ਲਈ ਖੁਦ-ਬ-ਖੁਦ ਅੱਗੇ ਆਉਣਾ ਚਾਹੀਦਾ ਹੈ ਕਿਉਂਕਿ ਨੌਜਵਾਨ ਦੇਸ਼ ਦਾ ਭਵਿੱਖ ਹਨ ਇਸ ਲਈ ਉਹ ਨਸ਼ਿਆਂ ਜਿਹੀ ਵੱਡੀ ਸਮਾਜਿਕ ਬੁਰਾਈ ਦੇ ਖਾਤਮੇ ਵਿਚ ਮਹੱਤਵਪੂਰਨ ਯੋਗਦਾਨ ਪਾ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਇਸ ਵੱਡੀ ਜੰਗ ਨੂੰ ਮਹਿਜ਼ ਮੁਹਿੰਮ ਤੱਕ ਸੀਮਤ ਨਾ ਰੱਖਿਆ ਜਾਵੇ ਕਿਉਂਕਿ ਹਰੇਕ ਨਾਗਰਿਕ ਦਾ ਇਹ ਮੁੱਢਲਾ ਫਰਜ਼ ਬਣਦਾ ਹੈ ਕਿ ਉਹ ਸਵੈ-ਇੱਛਾ ਨਾਲ ਲੋਕ ਸੇਵਾ ਦੇ ਇਸ ਕਾਰਜ ਵਿਚ ਆਪਣਾ ਯੋਗਦਾਨ ਪਾਉਣ ਦਾ ਤਹੱਈਆ ਕਰੇ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਹਿੱਸਾ ਬਣ ਕੇ ਕੋਈ ਵੀ ਨਾਗਰਿਕ ਸਮਾਜ ਸੇਵਾ ਦੇ ਸਰਗਰਮ ਨਾਇਕ ਵਜੋਂ ਆਪਣੀ ਸਾਰਥਕ ਭੂਮਿਕਾ ਨਿਭਾਅ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ ਵਿਚ ਡੇਪੋ ਤਹਿਤ ਇਨਰੋਲਮੈਂਟ ਪ੍ਰਕਿਰਿਆ ਤੇਜ਼ੀ ਨਾਲ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ 18 ਤੋਂ 50 ਸਾਲ ਉਮਰ ਤੱਕ ਦਾ ਕੋਈ ਵੀ ਨਾਗਰਿਕ ਗੂਗਲ ਦੇ ਪਲੇਅ ਸਟੋਰ ਤੋਂ ਐਂਡਰਾਇਡ ਐਪ 'ਡੇਪੋ ਰਜਿਸਟਰੇਸ਼ਨ' ਨੂੰ ਡਾਊਨਲੋਡ ਕਰਕੇ ਪ੍ਰਾਪਤ ਹੋਣ ਵਾਲੇ ਓ. ਟੀ. ਪੀ ਦੇ ਮਾਧਿਅਮ ਨਾਲ ਡੇਪੋ ਵਲੰਟੀਅਰ ਵਜੋਂ ਆਪਣੀ ਰਜਿਸਟ੍ਰੇੇਸ਼ਨ ਕਰਵਾ ਸਕਦਾ ਹੈ। ਇਸ ਤੋਂ ਇਲਾਵਾ ਜ਼ਿਲੇ ਦੇ ਪੁਲਸ ਸਾਂਝ ਕੇਂਦਰਾਂ 'ਤੇ ਵੀ ਫਾਰਮ ਭਰ ਕੇ ਦਿੱਤਾ ਜਾ ਸਕਦਾ ਹੈ ਅਤੇ ਸਾਂਝ ਕੇਂਦਰ ਦੀ ਵੈਬਸਾਈਟ www.ppsaanjh.in 'ਤੇ ਡੇਪੋ ਰਜਿਸਟ੍ਰੇੇਸ਼ਨ ਦਾ ਲਿੰਕ ਕਲਿੱਕ ਕਰਕੇ ਆਨਲਾਈਨ ਬਿਨੈ ਕੀਤਾ ਜਾ ਸਕਦਾ ਹੈ। ਡੇਪੋ ਰਜਿਸਟਰੇਸ਼ਨ ਦੇ ਨਾਲ ਹੀ ਵਲੰਟੀਅਰ ਨੂੰ ਸਰਕਾਰ ਦੀ ਤਰਫੋਂ ਸ਼ਨਾਖ਼ਤੀ ਕਾਰਡ ਜਾਰੀ ਕੀਤਾ ਜਾਵੇਗਾ ਤਾਂ ਜੋ ਇਹ ਵਲੰਟੀਅਰ ਆਪੋ ਆਪਣੇ ਪਿੰਡਾਂ, ਵਾਰਡਾਂ, ਕਸਬਿਆਂ, ਮੁਹੱਲਿਆਂ ਵਿਚ ਨਸ਼ਿਆਂ ਖਿਲਾਫ ਲੋਕ ਜਾਗਰੂਕਤਾ ਪੈਦਾ ਕਰ ਸਕਣ। ਇਸ ਸਬੰਧੀ 23 ਮਾਰਚ ਨੂੰ ਜ਼ਿਲਾ ਪੱਧਰੀ ਸਮਾਗਮ ਵੀ ਆਯੋਜਿਤ ਕੀਤਾ ਜਾ ਰਿਹਾ ਹੈ।
ਮੰਗਲਵਾਰ ਨੂੰ ਹੋਣ ਵਾਲਾ 12ਵੀਂ ਜਮਾਤ ਦਾ ਪੇਪਰ ਰੱਦ
NEXT STORY