ਜਲੰਧਰ, (ਪ੍ਰੀਤ)— ਭੋਗਪੁਰ ਦੇ ਪਿੰਡ ਬੜਚੂਈ ਵਿਖੇ ਕਰੀਬ ਸਵਾ ਸਾਲ ਪਹਿਲਾਂ ਹੋਈ ਡੇਰਾ ਮੁਖੀ ਦੀ ਹੱਤਿਆ ਦੀ ਗੁੱਥੀ ਜਲੰਧਰ ਦਿਹਾਤੀ ਪੁਲਸ ਨੇ ਸੁਲਝਾ ਲਈ ਹੈ। ਡੇਰਾ ਮੁਖੀ ਪ੍ਰੀਤਮ ਸਿੰਘ ਦੀ ਹੱਤਿਆ 3 ਲੱਖ ਰੁਪਏ ਦੀ ਸੁਪਾਰੀ ਲੈ ਕੇ ਕੀਤੀ ਗਈ ਸੀ। ਡੇਰਾ ਮੁਖੀ 'ਤੇ ਦੋਸ਼ ਸੀ ਕਿ ਉਹ ਡੇਰੇ ਵਿਚ ਆਉਣ ਵਾਲੀਆਂ ਔਰਤ ਸ਼ਰਧਾਲੂਆਂ 'ਤੇ ਕਾਲਾ ਜਾਦੂ ਕਰ ਕੇ ਉਨ੍ਹਾਂ ਦਾ ਯੌਨ ਸ਼ੋਸ਼ਣ ਕਰਦਾ ਸੀ। ਜਲੰਧਰ ਦਿਹਾਤੀ ਪੁਲਸ ਨੇ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ।
ਵਾਰਦਾਤ ਵਿਚ ਸ਼ਾਮਲ ਦੋ ਦੋਸ਼ੀ ਵਿਦੇਸ਼ ਜਾ ਚੁੱਕੇ ਦੱਸੇ ਗਏ ਹਨ। ਜਲੰਧਰ ਦਿਹਾਤੀ ਦੇ ਐੱਸ. ਐੱਸ. ਪੀ. ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ 26 ਜੂਨ 2016 ਨੂੰ ਭੋਗਪੁਰ ਦੇ ਪਿੰਡ ਬੜਚੂਈ ਵਿਖੇ ਡੇਰਾ ਬਾਬਾ ਬਾਲਕ ਨਾਥ ਦੇ ਮੁਖੀ ਪ੍ਰੀਤਮ ਸਿੰਘ ਦੀ ਦਿਨ-ਦਿਹਾੜੇ ਡੇਰੇ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਹਤਿਆਰਿਆਂ ਨੇ ਗੋਲੀ ਡੇਰਾ ਮੁਖੀ ਦੇ ਸਿਰ ਵਿਚ ਮਾਰੀ ਅਤੇ ਫਰਾਰ ਹੋ ਗਏ। ਮਾਮਲੇ ਦੀ ਜਾਂਚ ਦੌਰਾਨ ਪੁਖਤਾ ਸਬੂਤ ਨਹੀਂ ਮਿਲੇ ਹਨ।
ਐੱਸ. ਐੱਸ. ਪੀ. ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪਿਛਲੇ ਦਿਨੀਂ ਬਲਾਈਂਡ ਕੇਸ ਟ੍ਰੇਸ ਕਰਨ ਲਈ ਐੱਸ. ਪੀ. ਇਨਵੈਸਟੀਗੇਸ਼ਨ ਬਲਕਾਰ ਸਿੰਘ, ਡੀ. ਐੱਸ. ਪੀ. ਇਨਵੈਸਟੀਗੇਸ਼ਨ ਸੁਰਿੰਦਰ ਮੋਹਨ, ਡੀ. ਐੱਸ. ਪੀ. ਆਦਮਪੁਰ ਗੁਰਵਿੰਦਰ ਸਿੰਘ ਸੰਧੂ, ਸੀ. ਆਈ. ਏ.-2 ਦੇ ਇੰਸ. ਸ਼ਿਵ ਕੁਮਾਰ 'ਤੇ ਆਧਾਰਿਤ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਗਠਿਤ ਕੀਤੀ ਗਈ।
ਐੱਸ. ਐੱਸ. ਪੀ. ਭੁੱਲਰ ਨੇ ਦੱਸਿਆ ਕਿ ਪੁਲਸ ਟੀਮ ਨੇ ਜਾਂਚ ਦੌਰਾਨ ਪੁਖਤਾ ਸਬੂਤ ਮਿਲਣ 'ਤੇ ਵਾਰਦਾਤ ਵਿਚ ਸ਼ਾਮਲ ਓਂਕਾਰ ਸਿੰਘ ਉਰਫ ਕਾਰਾ ਪੁੱਤਰ ਹਰਬੰਸ ਸਿੰਘ ਵਾਸੀ ਰਹੀਮਪੁਰ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮ ਕੋਲੋਂ ਪੁਲਸ ਨੇ ਮੋਟਰਸਾਈਕਲ ਤੇ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਹਨ। ਐੱਸ. ਐੱਸ. ਪੀ. ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਓਂਕਾਰ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਡੇਰਾ ਮੁਖੀ ਦੀ ਹੱਤਿਆ ਉਸਨੇ ਆਪਣੇ ਸਾਥੀ ਰਾਜਵਿੰਦਰ ਸਿੰਘ ਉਰਫ ਰਾਜਾ ਵਾਸੀ ਰਾਮਗੜ੍ਹ ਭੁਲੱਥ ਨਾਲ ਮਿਲ ਕੇ ਕੀਤੀ ਸੀ। ਦੋਵਾਂ ਨੂੰ ਬਾਬਾ ਦੀ ਹੱਤਿਆ ਕਰਨ ਲਈ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਮੰਗਤ ਰਾਮ ਵਾਸੀ ਕਾਮਰਾਏ ਭੁਲੱਥ ਨੇ 3 ਲੱਖ ਰੁਪਏ ਦੀ ਸੁਪਾਰੀ ਦਿੱਤੀ ਸੀ।
ਮੁਲਜ਼ਮ ਨੇ ਖੁਲਾਸਾ ਕੀਤਾ ਕਿ ਗੁਰਪ੍ਰੀਤ ਗੋਪੀ ਨੇ ਉਨ੍ਹਾਂ ਨੂੰ ਕਿਹਾ ਕਿ ਬਾਬਾ ਪ੍ਰੀਤਮ ਸਿੰਘ ਡੇਰੇ ਵਿਚ ਗਲਤ ਕੰਮ ਕਰਦਾ ਹੈ। ਡੇਰੇ ਵਿਚ ਆਉਣ ਵਾਲੀਆਂ ਔਰਤਾਂ ਦਾ ਕਾਲਾ ਜਾਦੂ ਕਰ ਕੇ ਯੌਨ ਸ਼ੋਸ਼ਣ ਕਰਦਾ ਹੈ। ਬਾਬੇ ਦੀ ਇਸ ਕਰਤੂਤ ਤੋਂ ਉਹ ਬਹੁਤ ਦੁਖੀ ਹੈ। ਜਾਣਕਾਰੀ ਮੁਤਾਬਕ ਬਾਬਾ ਦੇ ਕੇਸ ਵਿਚ ਨਾਮਜ਼ਦ ਮੁਲਜ਼ਮਾਂ ਦੇ ਨੇੜਲੇ ਰਿਸ਼ਤੇਦਾਰਾਂ ਨਾਲ ਵੀ ਕਰਤੂਤ ਕੀਤੀ ਦੱਸੀ ਗਈ ਹੈ। ਐੱਸ. ਐੱਸ. ਪੀ. ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਓਂਕਾਰ ਤੇ ਰਾਜਵਿੰਦਰ ਨੇ ਗੋਪੀ ਦੀ ਗੱਲ ਮੰਨ ਲਈ ਤੇ ਬਾਬੇ ਦੀ ਹੱਤਿਆ ਦਾ ਸੌਦਾ 3 ਲੱਖ ਰੁਪਏ ਵਿਚ ਕੀਤਾ। ਓਂਕਾਰ ਤੇ ਰਾਜਵਿੰਦਰ 26 ਜੂਨ ਨੂੰ ਦੁਪਹਿਰ ਵੇਲੇ ਡੇਰੇ ਵਿਚ ਗਏ ਤੇ ਬਾਬੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਤੇ ਫਰਾਰ ਹੋ ਗਏ।
ਰਾਜਾ ਗਿਆ ਜਰਮਨ ਤੇ ਗੋਪੀ ਦੁਬਈ- ਐੱਸ. ਐੱਸ. ਪੀ. ਭੁੱਲਰ ਨੇ ਦੱਸਿਆ ਕਿ ਵਾਰਦਾਤ ਵਿਚ ਸ਼ਾਮਲ ਰਾਜਵਿੰਦਰ ਰਾਜਾ ਤੇ ਗੁਰਪ੍ਰੀਤ ਗੋਪੀ ਦੋਵੇਂ ਵਿਦੇਸ਼ ਭੱਜ ਚੁੱਕੇ ਹਨ। ਪਤਾ ਲੱਗਾ ਹੈ ਕਿ ਰਾਜਾ ਇਸੇ ਸਾਲ ਅਪ੍ਰੈਲ-ਮਈ ਵਿਚ ਜਰਮਨ ਗਿਆ ਤੇ ਗੁਰਪ੍ਰੀਤ ਗੋਪੀ ਕੁਝ ਮਹੀਨੇ ਬਾਅਦ ਦੁਬਈ ਚਲਾ ਗਿਆ। ਇਸ ਤੋਂ ਬਾਅਦ ਦੋਵੇਂ ਵਾਪਸ ਨਹੀਂ ਆਏ। ਐੱਸ. ਐੱਸ. ਪੀ. ਭੁੱਲਰ ਨੇ ਦੱਸਿਆ ਕਿ ਦੋਵਾਂ ਦੀ ਐੱਲ. ਓ. ਸੀ. ਜਾਰੀ ਕਰ ਕੇ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਕਾਨੂੰਨੀ ਰਸਮਾਂ ਪੂਰੀਆਂ ਕੀਤੀਆਂ ਜਾ ਚੁੱਕੀਆਂ ਹਨ।
ਰਾਜਾ 'ਤੇ ਲੁੱਟ ਦੇ ਕੇਸ, ਕਿਵੇਂ ਗਿਆ ਵਿਦੇਸ਼- ਓਂਕਾਰ, ਰਾਜਵਿੰਦਰ ਖਿਲਾਫ ਭੁਲੱਥ ਅਤੇ ਕਰਤਾਰਪੁਰ ਇਲਾਕੇ ਵਿਚ ਲੁੱਟ ਅਤੇ ਹੱਤਿਆ ਦੇ ਕੇਸ ਦਰਜ ਹਨ। ਐੱਸ. ਐੱਸ. ਪੀ. ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਓਂਕਾਰ ਸਿੰਘ ਖਿਲਾਫ ਸਤੰਬਰ 2008 ਵਿਚ ਹੱਤਿਆ ਦਾ ਕੇਸ ਥਾਣਾ ਕਰਤਾਰਪੁਰ ਵਿਚ ਦਰਜ ਹੋਇਆ ਸੀ। ਓਂਕਾਰ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਮਲਕੀਤ ਸੰਨੀ ਦੀ ਹੱਤਿਆ ਕਰ ਕੇ ਲਾਸ਼ ਜ਼ਮੀਨ 'ਚ ਦਬਾ ਦਿੱਤੀ ਸੀ। ਇਸ ਕੇਸ ਵਿਚ ਓਂਕਾਰ ਨੂੰ 20 ਸਾਲ ਦੀ ਸਜ਼ਾ ਹੋਈ। 6 ਸਾਲ ਸਜ਼ਾ ਕੱਟਣ 'ਤੇ ਸਾਲ 2014 ਵਿਚ ਉਹ ਜ਼ਮਾਨਤ 'ਤੇ ਆਇਆ ਸੀ, ਜਦੋਂਕਿ ਰਾਜਵਿੰਦਰ ਖਿਲਾਫ ਭੁਲੱਥ ਵਿਚ ਪੈਟਰੋਲ ਪੰਪ ਲੁੱਟ ਅਤੇ ਕਰਤਾਰਪੁਰ ਵਿਚ ਫਾਇਨਾਂਸਰ 'ਤੇ ਫਾਇਰਿੰਗ ਕਰ ਕੇ ਲੁੱਟ ਆਦਿ ਦੀਆਂ ਵਾਰਦਾਤਾਂ ਵਿਚ ਨਾਮਜ਼ਦ ਹੈ।
ਸਰਕਾਰ ਨੂੰ ਟੈਕਸ ਚੋਰੀ ਨਾਲ ਲਾਇਆ ਕਰੋੜਾਂ ਦਾ ਚੂਨਾ
NEXT STORY