ਮੋਗਾ (ਪਵਨ ਗਰੋਵਰ, ਗੋਪੀ ਰਾਊਕੇ) : ਇਕ ਪਾਸੇ ਜਿੱਥੇ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਬੀਤੇ ਕੱਲ ਸਾਧਵੀ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਅਦਾਲਤ ਵਲੋਂ ਦੋਸ਼ੀ ਠਹਿਰਾਏ ਜਾਣ ਕਰਕੇ ਲਗਾਏ ਕਰਫਿਊ ਕਰਕੇ ਸਮੁੱਚਾ ਕਾਰੋਬਾਰ 'ਠੱਪ' ਹੋ ਕੇ ਰਹਿ ਗਿਆ ਹੈ, ਉਥੇ ਹੀ ਇਸ ਬੰਦ ਦਾ ਅਸਰ ਸਿੱਧੇ ਤੌਰ 'ਤੇ ਸਮਾਜਿਕ ਸਮਾਗਮਾ 'ਤੇ ਵੀ ਪੈ ਗਿਆ ਹੈ। ਮੋਗਾ ਸ਼ਹਿਰ ਦੀ ਇਕ ਲੜਕੀ ਦਾ ਵਿਆਹ ਸ਼ਨੀਵਾਰ ਨੂੰ ਜਲੰਧਰ ਦੇ ਇਕ ਲੜਕੇ ਨਾਲ ਹੋਣਾ ਮਿੱਥਿਆ ਸੀ ਅਤੇ ਇਸ ਸਬੰਧੀ ਪਿਛਲੇ 3 ਮਹੀਨਿਆਂ ਤੋਂ ਤਿਆਰੀਆਂ ਵੀ ਕੀਤੀਆਂ ਜਾ ਰਹੀਆ ਸਨ ਪਰ ਬੀਤੇ ਕੱਲ ਜਦੋਂ ਕਰਫਿਊ ਲੱਗਣ ਦੀ ਸੂਚਨਾ ਕਰਕੇ ਪੈਲੇਸ ਵਾਲਿਆਂ ਨੇ ਪਰਿਵਾਰ ਵਾਲਿਆਂ ਨੂੰ ਵਿਆਹ ਸਮਾਗਮ ਕਰਨ ਤੋਂ ਨਾਂਹ ਕਰ ਦਿੱਤੀ ਤਾਂ ਪਰਿਵਾਰ ਵਾਲਿਆਂ ਨੂੰ ਇਕਦਮ ਹੱਥਾਂ-ਪੈਰਾ ਦੀ ਪੈ ਗਈ ਅਤੇ ਲੰਘੀਂ ਰਾਤ 11 ਵਜੇ ਤੱਕ ਪਰਿਵਾਰ ਨੇ ਤਾਰੀਕ ਅੱਗੇ ਪਾਉਣ ਦੀ ਬਜਾਏ ਸ਼ਨੀਵਾਰ ਦੇ ਦਿਨ ਹੀ ਸਾਦੇ ਢੰਗ ਨਾਲ ਵਿਆਹ ਕਰਨ ਦੀ ਯੋਜਨਾ ਬਣਾ ਲਈ।
ਮਿੱਥੀ ਯੋਜਨਾ ਤਹਿਤ ਜਲੰਧਰ ਤੋਂ ਲਾੜਾ ਗਗਨਦੀਪ ਸਿੰਘ ਜਿਉਂ ਹੀ ਬਰਾਤ ਲੈ ਕੇ ਮੋਗਾ ਦੀ ਹੱਦ 'ਚ ਪੁੱਜਾ ਤਾਂ ਸੁਰੱਖਿਆ ਕਾਰਨਾਂ ਕਰਕੇ ਲਾੜੇ ਨਾਲ ਕੁੱਝ ਲੋਕਾਂ ਨੂੰ ਤਾਂ ਵਿਆਹ ਲਈ ਭਾਰੀ ਮਸ਼ੱਕਤ ਮਗਰੋਂ ਲੰਘਾ ਦਿੱਤਾ ਪ੍ਰੰਤੂ ਲਾੜੇ ਦੇ ਸਾਥੀ ਬਾਰਾਤੀ ਵਾਪਸ ਜਲੰਧਰ ਮੁੜ ਗਏ। ਰਾਮ ਗੰਜ ਮੰਡੀ ਸਥਿਤ ਇਕ ਗੁਰਦੁਆਰਾ ਸਾਹਿਬ ਵਿਚ ਸਿਰੇ ਚੜ੍ਹੇ ਇਸ ਵਿਆਹ ਸਮਾਗਮ ਮਗਰੋਂ ਗੱਲਬਾਤ ਕਰਦਿਆਂ ਲਾੜੇ ਗਗਨਦੀਪ ਸਿੰਘ ਅਤੇ ਲਾੜੀ ਰੰਗੋਲੀ ਨੇ ਕਿਹਾ ਕਿ ਪਹਿਲਾ ਤਾਂ ਬੀਤੇ ਕੱਲ ਉਨ੍ਹਾਂ ਨੂੰ ਕਰਫਿਊ ਕਰਕੇ ਪ੍ਰੇਸ਼ਾਨੀ ਪੇਸ਼ ਆਈ ਪ੍ਰੰਤੂ ਫਿਰ ਵੀ ਉਨ੍ਹਾਂ ਅੱਜ ਦੇ ਦਿਨ ਹੀ ਵਿਆਹ ਕਰਵਾਉਣ ਦਾ ਮਨ ਬਣਾ ਲਿਆ। ਲੜਕੀ ਦੇ ਰਿਸ਼ਤੇਦਾਰ ਨੇ ਕਿਹਾ ਕਿ ਭਾਰੀ ਮਸ਼ੱਕਤ ਮਗਰੋਂ ਵਿਆਹ ਲਈ ਮਸਾਂ ਸਾਰਾ ਸਮਾਨ ਇਕੱਠਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੈਲੇਸ ਸਮੇਤ ਹੋਰ ਲੋਕਾਂ ਸਮਾਨ ਲਈ ਦਿੱਤੀ ਅਗਾਊਂ ਰਾਸ਼ੀ ਉਨ੍ਹਾਂ ਨੂੰ ਕਰਫਿਊ ਕਰਕੇ ਮੋੜ ਦਿੱਤੀ ਹੈ।
ਪੁਲਸ ਨੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, ਦੋਸ਼ੀ ਨੂੰ ਕੀਤਾ ਕਾਬੂ
NEXT STORY