ਜਲੰਧਰ (ਸ਼ੋਰੀ)- ਹੈਰਾਨੀ ਦੀ ਗੱਲ ਹੈ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੂਰੇ ਭਾਰਤ ’ਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ ਅਤੇ ਪੁਲਸ ਦੇ ਸੁਰੱਖਿਆ ਪ੍ਰਬੰਧ ਬੇਹੱਦ ਸਖ਼ਤ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਕ ਨਸ਼ਾ ਸਮੱਗਲਰ ਨੇ ਰਾਜਸਥਾਨ ਪੁਲਸ ਦੇ ਸੁਰੱਖਿਆ ਪ੍ਰਬੰਧਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਹਰਿਆਣਾ ਅਤੇ ਵੱਖ-ਵੱਖ ਜ਼ਿਲ੍ਹਿਆਂ ਸਮੇਤ ਹੋਰ ਸੂਬਿਆਂ ਦੇ ਨਾਕਿਆਂ ’ਤੇ ਤਾਇਨਾਤ ਪੁਲਸ ਦੀਆਂ ਅੱਖਾਂ ’ਚ ਘੱਟਾ ਪਾ ਦਿੱਤਾ ਪਰ ਅਲਰਟ ਦਿਹਾਤੀ ਪੁਲਸ ਨੇ ਨਸ਼ੇ ਵਾਲੇ ਪਦਾਰਥਾਂ ਨਾਲ ਭਰੇ ਟਰੱਕ ਨੂੰ ਰੋਕ ਕੇ ਨਸ਼ਾ ਸਪਲਾਈ ਕਰਨ ਵਾਲੇ ਡਰਾਈਵਰ ਨੂੰ ਫੜ ਕੇ ਉਸ ਖ਼ਿਲਾਫ਼ ਥਾਣਾ ਫਿਲੌਰ ’ਚ ਮਾਮਲਾ ਦਰਜ ਕੀਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸ. ਐੱਸ. ਪੀ. ਅੰਕੁਰ ਗੁਪਤਾ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਸ ਪੂਰੀ ਤਰ੍ਹਾਂ ਚੌਕਸ ਹੈ ਅਤੇ ਡੀ. ਐੱਸ. ਪੀ. (ਡੀ) ਲਖਬੀਰ ਸਿੰਘ ਦੀ ਅਗਵਾਈ ਹੇਠ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਧਮਿੰਦਰ ਕਲਿਆਣ, ਸਪੈਸ਼ਲ ਬਰਾਂਚ ਦੇ ਇੰਚਾਰਜ ਪੁਸ਼ਪਬਾਲੀ ਨੇ ਵਿਸ਼ੇਸ਼ ਟੀਮਾਂ ਤਿਆਰ ਕੀਤੀਆਂ ਅਤੇ ਉਕਤ ਟੀਮਾਂ 4 ਮਈ ਦੀ ਰਾਤ ਨੂੰ ਹਾਈਟੈੱਕ ਨਾਕਾ ਫਿਲੌਰ ਵਿਖੇ ਮੌਜੂਦ ਸਨ। ਲੁਧਿਆਣਾ ਸਾਈਡ ਤੋਂ ਆ ਰਹੇ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ।
ਇਹ ਵੀ ਪੜ੍ਹੋ- ਇਕ ਹੋਰ ਗਾਰੰਟੀ ਪੂਰਾ ਕਰੇਗੀ 'ਆਪ', ਔਰਤਾਂ ਨੂੰ ਜਲਦ ਮਿਲਣਗੇ 1000 ਰੁਪਏ ਮਹੀਨਾ
ਇਸੇ ਦੌਰਾਨ ਇੰਸ. ਧਮਿੰਦਰ ਕਲਿਆਣ ਨੇ ਜੇ. ਕੇ. 03 ਐੱਚ 4470 ਨੰਬਰੀ ਇਕ ਟਰੱਕ ਨੂੰ ਰੋਕਣ ਦਾ ਇਸ਼ਾਰਾ ਕੀਤਾ। ਇਸ ’ਤੇ ਟਰੱਕ ਡਰਾਈਵਰ ਘਬਰਾ ਗਿਆ ਅਤੇ ਟਰੱਕ ਨੂੰ ਭਜਾਉਣ ਦੀ ਕੋਸ਼ਿਸ਼ ਕਰਨ ਲੱਗਾ। ਪੁਲਸ ਮੁਲਾਜ਼ਮਾਂ ਨੇ ਤੁਰੰਤ ਬੈਰੀਕੇਡ ਲਾ ਕੇ ਟਰੱਕ ਨੂੰ ਰੋਕ ਲਿਆ। ਟਰੱਕ ਚਾਲਕ ਨੇ ਆਪਣਾ ਨਾਂ ਰਣਜੋਤ ਸਿੰਘ ਉਰਫ਼ ਕਾਲਾ ਪੁੱਤਰ ਤਰਸੇਮ ਸਿੰਘ ਵਾਸੀ ਨੇੜੇ ਮਿਲਕ ਡੇਅਰੀ ਝੁੱਗੀਆ, ਮਹਾ ਸਿੰਘ ਨਗਰ, ਫਿਲੌਰ ਦੱਸਿਆ। ਇਸ ਤੋਂ ਬਾਅਦ ਪੁਲਸ ਅਧਿਕਾਰੀ ਸਵਰਨਜੀਤ ਸਿੰਘ ਮੌਕੇ ’ਤੇ ਪੁੱਜੇ ਤੇ ਉਨ੍ਹਾਂ ਦੀ ਹਾਜ਼ਰੀ ’ਚ ਟਰੱਕ ਦੀ ਤਲਾਸ਼ੀ ਲਈ ਤਾਂ ਟਰੱਕ ਪੀ. ਓ. ਪੀ. ਦੀਆਂ ਬੋਰੀਆਂ ਨਾਲ ਭਰਿਆ ਸੀ।
ਬੋਰੀਆਂ ਦੇ ਹੇਠਾਂ ਪੀਲੇ ਰੰਗ ਦੇ ਪਲਾਸਟਿਕ ਦੇ ਬੋਰੇ ਪਏ ਸਨ, ਜਦੋਂ ਤਲਾਸ਼ੀ ਲਈ ਗਈ ਤਾਂ ਉਨ੍ਹਾਂ ’ਚੋਂ ਚੂਰਾ-ਪੋਸਤ ਬਰਾਮਦ ਹੋਇਆ। ਐੱਸ. ਐੱਸ. ਪੀ. ਅੰਕੁਰ ਗੁਪਤਾ ਨੇ ਦੱਸਿਆ ਕਿ ਕੁੱਲ 24 ਪਲਾਸਟਿਕ ਦੇ ਬੋਰਿਆਂ ’ਚ 6 ਕੁਇੰਟਲ ਚੂਰਾ-ਪੋਸਤ ਬਰਾਮਦ ਹੋਇਆ ਹੈ। ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰਕੇ ਉਸ ਦਾ 5 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ। ਮੁਲਜ਼ਮ ਕਾਲਾ ਨੇ ਪੁਲਸ ਨੂੰ ਦੱਸਿਆ ਕਿ ਉਹ ਕਰੀਬ 16 ਸਾਲਾਂ ਤੋਂ ਟਰੱਕ ਡਰਾਈਵਰ ਵਜੋਂ ਕੰਮ ਕਰ ਰਿਹਾ ਹੈ। ਜੰਮੂ ਜੇਲ ’ਚ ਬੰਦ ਨਸ਼ਾ ਸਮੱਗਲਰ ਹਰਵਿੰਦਰ ਸਿੰਘ ਉਰਫ਼ ਹੈਪੀ ਪੁੱਤਰ ਭਾਗ ਸਿੰਘ ਵਾਸੀ ਪਿੰਡ ਗੜ੍ਹਾ ਫਿਲੌਰ ਨੇ ਉਸ ਕੋਲੋਂ ਚੂਰਾ-ਪੋਸਤ ਮੰਗਵਾਉਂਦਾ ਸੀ। ਉਸ ਨੇ ਇਹ ਨਸ਼ਾ ਮਨੀਸ਼ ਮਾਹੀ ਵਾਸੀ ਗੜ੍ਹਾ ਫਿਲੌਰ ਨੂੰ ਸਪਲਾਈ ਕਰਨਾ ਸੀ, ਜਿਸ ਤੋਂ ਬਾਅਦ ਉਕਤ ਨਸ਼ਾ ਹਰਵਿੰਦਰ ਸਿੰਘ ਦੀ ਹਵੇਲੀ ਪੁੱਜਣਾ ਸੀ।
ਇਹ ਵੀ ਪੜ੍ਹੋ- ਖ਼ੁਦ ਦੀਆਂ ਲੋੜਾਂ ਪੂਰੀਆਂ ਹੋਣ ਉਪਰੰਤ ਸਮਾਜ ਦੀਆਂ ਜ਼ਰੂਰਤਾਂ ਵੱਲ ਧਿਆਨ ਦੇਣਾ ਜ਼ਰੂਰੀ: ਡਾ.ਓਬਰਾਏ
ਜੰਮੂ-ਕਸ਼ਮੀਰ ਦੀਆਂ ਜੇਲਾਂ ’ਚ ਸਜ਼ਾ ਕੱਟ ਰਹੇ ਲੋਕਾਂ ਨੂੰ ਪੈਸੇ ਬਦਲੇ ਮਿਲਦੇ ਹਨ ਮੋਬਾਇਲ
ਦਿਹਾਤੀ ਪੁਲਸ ਨੇ ਖੁਲਾਸਾ ਕੀਤਾ ਹੈ ਕਿ ਜੇਲਾ ’ਚ ਕੈਦੀਆਂ ਅਤੇ ਹਵਾਲਾਤੀਆਂ ਨੂੰ ਵੀ. ਆਈ. ਪੀ. ਸਹੂਲਤਾਂ ਮਿਲਦੀਆਂ ਹਨ। ਪੁਲਸ ਵੱਲੋਂ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤੇ ਗਏ ਰਣਜੋਤ ਸਿੰਘ ਨੇ ਖ਼ੁਦ ਮੰਨਿਆ ਕਿ ਉਹ ਜੰਮੂ ਦੀ ਜੇਲ ’ਚ ਬੰਦ ਹਰਵਿੰਦਰ ਸਿੰਘ ਦੇ ਕਹਿਣ ’ਤੇ ਨਸ਼ਾ ਪਹੁੰਚਾਉਣ ਦਾ ਕੰਮ ਕਰਦਾ ਹੈ। ਰਾਜਸਥਾਨ ਤੋਂ ਚੂਰਾ-ਪੋਸਤ ਲੈ ਕੇ ਆਉਣ ਬਦਲੇ ਉਸ ਨੂੰ 40 ਹਜ਼ਾਰ ਖਰਚ ਤੋਂ ਇਲਾਵਾ ਹੋਰ ਪੈਸੇ ਮਿਲਣੇ ਸਨ। ਹਰਵਿੰਦਰ ਜੰਮੂ ਦੀ ਜੇਲ ’ਚ ਨਸ਼ਾ ਸਮੱਗਲਿੰਗ ਦੇ ਇਕ ਕੇਸ ’ਚ 2 ਸਾਲ ਦੀ ਸਜ਼ਾ ਭੁਗਤ ਰਿਹਾ ਹੈ ਤੇ ਉੱਥੇ ਉਸ ਕੋਲ ਇਕ ਮੋਬਾਈਲ ਫ਼ੋਨ ਵੀ ਹੈ ਤੇ ਇਕ ਵਿਦੇਸ਼ੀ ਨੰਬਰ ਦੀ ਮਦਦ ਨਾਲ ਉਹ ਉਸ ਨਾਲ ਗੱਲ ਕਰਦਾ ਸੀ ਤੇ ਉਸ ਤੋਂ ਨਸ਼ੇ ਮੰਗਵਾਉਂਦਾ ਸੀ। ਹਾਲਾਂਕਿ ਪੁਲਸ ਨੇ ਇਸ ਮਾਮਲੇ ’ਚ ਹਰਵਿੰਦਰ ਨੂੰ ਨਾਮਜ਼ਦ ਨਹੀਂ ਕੀਤਾ ਹੈ ਤੇ ਪੁਲਸ ਉਸ ਨੂੰ ਜਲਦ ਹੀ ਪ੍ਰੋਡਕਸ਼ਨ ਵਾਰੰਟ ’ਤੇ ਜੰਮੂ ਜੇਲ ਤੋਂ ਜਲੰਧਰ ਲਿਆਉਣ ਦੀ ਤਿਆਰੀ ਕਰ ਰਹੀ ਹੈ। ਪੁਲਸ ਦਾ ਦਾਅਵਾ ਹੈ ਕਿ ਕਾਬੂ ਕੀਤੇ ਰਣਜੋਤ ਸਿੰਘ ਖ਼ਿਲਾਫ਼ ਪਹਿਲਾਂ 5 ਅਪਰਾਧਿਕ ਮਾਮਲੇ ਦਰਜ ਹਨ, ਜਿਨ੍ਹਾਂ ’ਚ ਕਤਲ, ਨਸ਼ਾ ਸਮੱਗਲਿੰਗ, ਸ਼ਰਾਬ ਸਮੱਗਲਿੰਗ, ਅਗਵਾ, ਲੁੱਟ-ਖੋਹ ਵਰਗੇ ਮਾਮਲੇ ਸ਼ਾਮਲ ਹਨ।
ਫ਼ਿਲਮ ‘ਸਰਫਰੋਸ਼’ ਵਾਂਗ ਕਰਦੇ ਸਨ ਕੰਮ
ਹਿੰਦੀ ਫਿਲਮ ‘ਸਰਫਰੋਸ਼’'ਚ ਜਿਸ ਤਰ੍ਹਾਂ ਗੈਰ-ਕਾਨੂੰਨੀ ਹਥਿਆਰ ਖਰੀਦਣ ਵਾਲੇ ਲੋਕ ਢਾਬੇ ’ਤੇ ਬੈਠ ਕੇ ਹਥਿਆਰਾਂ ਦੀ ਸਪਲਾਈ ਲੈਂਦੇ ਸਨ ਅਤੇ ਫ਼ਿਲਮ ਦੇ ਹੀਰੋ ਆਮਿਰ ਖਾਨ ਜੋ ਪੁਲਸ ਵਿਭਾਗ 'ਚ ਤਾਇਨਾਤ ਸਨ। ਉਸ ਨੇ ਸਾਥੀ ਪੁਲਸ ਮੁਲਾਜ਼ਮਾਂ ਦੀ ਮਦਦ ਨਾਲ ਉਕਤ ਢਾਬੇ ’ਤੇ ਛਾਪਾ ਮਾਰਿਆ। ਇਸ ਫ਼ਿਲਮ ਦੀ ਨਕਲ ਕਰ ਕੇ ਸ਼ਾਤਿਰ ਦੋਸ਼ੀ ਰਾਜਸਥਾਨ ਦੇ ਉਦੈਪੁਰ ਤੋਂ 20 ਕਿਲੋਮੀਟਰ ਅੱਗੇ ਸਥਿਤ ਇਕ ਢਾਬੇ ’ਚ ਨਸ਼ੇ ਦਾ ਕਾਰੋਬਾਰ ਸ਼ੁਰੂ ਕਰਦੇ ਸਨ। ਪੁਲਸ ਦੀ ਕਹਾਣੀ ਅਨੁਸਾਰ ਟਰੱਕ ਡਰਾਈਵਰ ਰਣਜੋਤ ਟਰੱਕ ਨੂੰ ਉਦੈਪੁਰ ਤੋਂ ਅੱਗੇ ਉਕਤ ਢਾਬੇ ’ਤੇ ਲੈ ਗਿਆ, ਜਿੱਥੇ ਪਹਿਲਾਂ ਰਾਜਸਥਾਨ ਤੋਂ ਆਏ ਨਸ਼ਾ ਸਮੱਗਲਰ ਉਸ ਦਾ ਟਰੱਕ ਲੈ ਲਿਆ ਤੇ ਕੁਝ ਦੇਰ ਬਾਅਦ ਟਰੱਕ ਨੂੰ ਚੂਰਾ-ਪੋਸਤ ਦੀਆਂ ਬੋਰੀਆਂ ਨਾਲ ਭਰ ਕੇ ਉੱਥੇ ਢਾਬੇ ’ਤੇ ਛੱਡ ਗਿਆ। ਇਸ ਤੋਂ ਬਾਅਦ ਰਣਜੋਤ ਉਥੋਂ ਟਰੱਕ ਉੱਥੋਂ ਨਿਕਲਿਆ ਤੇ ਜਲੰਧਰ ਪਹੁੰਚ ਗਿਆ। ਫਿਲਮ ‘ਸਰਫਰੋਸ਼’ ’ਚ ਤਾਂ ਢਾਬੇ ’ਤੇ ਛਾਪੇਮਾਰੀ ਹੋਈ ਸੀ ਪਰ ‘ਸਰਫਰੋਸ਼-2’ਪੇਸ਼ ਕਰਦਿਆਂ ਜਲੰਧਰ ਪੁਲਸ ਨੇ ਨਸ਼ੇ ਨਾਲ ਭਰਿਆ ਟਰੱਕ ਹੀ ਫੜ ਲਿਆ।
ਇਹ ਵੀ ਪੜ੍ਹੋ- ਫਾਜ਼ਿਲਕਾ 'ਚ ਭਿਆਨਕ ਹਾਦਸਾ, ਕਾਰ ਤੇ ਮੋਟਰਸਾਈਕਲ ਵਿਚਾਲੇ ਜ਼ਬਰਦਸਤ ਟੱਕਰ, ਦੋ ਲੋਕਾਂ ਦੀ ਤੜਫ਼-ਤੜਫ਼ ਹੋਈ ਮੌਤ
ਪਿਓ-ਪੁੱਤ ਜੇਲ੍ਹ ’ਚ, ਸਾਬਕਾ ਪ੍ਰਧਾਨ ਭਾਗ ਸਿੰਘ ਦਾ ਨਾਂ ਕੀਤਾ ਖ਼ਰਾਬ
ਗੌਰਤਲਬ ਹੈ ਕਿ ਫਿਲੌਰ ਦਾ ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇਗਾ, ਜੋ ਭਾਗ ਸਿੰਘ ਨੂੰ ਨਹੀਂ ਜਾਣਦਾ। ਦਰਅਸਲ ਭਾਗ ਸਿੰਘ ਫਿਲੌਰ ਟਰੱਕ ਯੂਨੀਅਨ ਦੇ ਪ੍ਰਧਾਨ ਰਹਿ ਚੁੱਕੇ ਹਨ। ਇਸ ਤੋਂ ਬਾਅਦ ਉਸ ਨੇ ਗੱਡੀਆਂ ਵੀ ਪਾਈਆਂ ਤੇ ਦੂਜੇ ਰਾਜਾਂ ’ਚ ਜਾ ਕੇ ਸਾਮਾਨ ਦੀ ਸਪਲਾਈ ਕਰਨੀ ਸ਼ੁਰੂ ਕਰ ਦਿੱਤੀ। ਪਿਤਾ ਦੀ ਮੌਤ ਤੋਂ ਬਾਅਦ ਹਰਵਿੰਦਰ ਸਿੰਘ ਨੇ ਉਕਤ ਗੱਡੀਆਂ ’ਚ ਨਸ਼ੇ ਦੀ ਸਮੱਗਲਿੰਗ ਸ਼ੁਰੂ ਕਰ ਦਿੱਤੀ। ਕੁਝ ਸਾਲ ਪਹਿਲਾਂ ਉਸ ਨੇ ਸ੍ਰੀਨਗਰ ਤੋਂ ਭੁੱਕੀ ਦੀ ਵੱਡੀ ਖੇਪ ਮੰਗਵਾਈ ਸੀ ਪਰ ਜੰਮੂ ਪੁਲਸ ਦੀ ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ ਟਰੱਕ ਨੂੰ ਫੜ ਲਿਆ ਤੇ ਇਸ ਮਾਮਲੇ ’ਚ ਜੰਮੂ ਪੁਲਸ ਨੇ ਹਰਵਿੰਦਰ ਸਿੰਘ ਅਤੇ ਉਸ ਦੇ ਪੁੱਤਰ ਦਿਗਵਿਜੇ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਮਾਮਲੇ ’ਚ ਦੋਵੇਂ ਪਿਓ-ਪੁੱਤ ਨੂੰ ਸਜ਼ਾ ਹੋਈ ਸੀ ਅਤੇ ਕਰੀਬ 2 ਸਾਲ ਤੋਂ ਉਹ ਜੇਲ੍ਹ ’ਚ ਹਨ।
ਇਹ ਵੀ ਪੜ੍ਹੋ- ਵੱਡੀ ਲਾਪਰਵਾਹੀ: ਪੰਜਾਬ 'ਚ ਚੱਲਦੀ ਟਰੇਨ ਨਾਲੋਂ ਵੱਖ ਹੋਇਆ ਇੰਜਣ, ਹਜ਼ਾਰਾਂ ਯਾਤਰੀਆਂ ਦੀ ਜਾਨ ਦਾਅ 'ਤੇ ਲੱਗੀ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਕ ਹੋਰ ਗਾਰੰਟੀ ਪੂਰਾ ਕਰੇਗੀ 'ਆਪ', ਔਰਤਾਂ ਨੂੰ ਜਲਦ ਮਿਲਣਗੇ 1000 ਰੁਪਏ ਮਹੀਨਾ
NEXT STORY