ਬਠਿੰਡਾ— ਡੇਰਾ ਸਿਰਸਾ ਨੂੰ ਤੋਹਫ਼ੇ 'ਚ ਜ਼ਮੀਨ ਦੇਣ ਵਾਲੇ ਹੁਣ ਬੁਰੇ ਫਸ ਸਕਦੇ ਹਨ, ਕਿਉਂਕਿ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਰਿਪੋਰਟ ਦੇ ਕੇ ਸ਼ੱਕ ਜ਼ਾਹਿਰ ਕੀਤਾ ਹੈ ਕਿ ਡੇਰਾ ਸਿਰਸਾ ਦੇ ਨਾਮ 'ਤੇ ਬੇਨਾਮੀ ਟ੍ਰਾਂਜੈਕਸ਼ਨ ਹੋਈ ਹੈ। ਇੱਥੋਂ ਤੱਕ ਈਡੀ ਨੇ ਡੇਰਾ ਸਿਰਸਾ ਨੂੰ ਤੋਹਫ਼ੇ ਵਿਚ ਮਿਲੀ ਜ਼ਮੀਨ-ਜਾਇਦਾਦ ਦੀ ਰਿਪੋਰਟ ਤਿਆਰ ਕਰ ਲਈ ਹੈ।
ਵੇਰਵਿਆਂ ਅਨੁਸਾਰ ਡੇਰਾ ਪ੍ਰੇਮੀਆਂ ਵਲੋਂ ਡੇਰਾ ਸਿਰਸਾ ਨੂੰ ਤੋਹਫ਼ੇ ਵਿਚ ਕਰੀਬ 293 ਏਕੜ ਜ਼ਮੀਨ ਦਿੱਤੀ ਗਈ ਸੀ ਜਿਸ ਦੀ ਕੀਮਤ ਕਰੀਬ 80 ਕਰੋੜ ਦੱਸੀ ਜਾ ਰਹੀ ਹੈ। ਮਾਲਵਾ ਖ਼ਿੱਤੇ 'ਚੋਂ ਬਠਿੰਡਾ, ਮਾਨਸਾ, ਸੰਗਰੂਰ, ਫ਼ਰੀਦਕੋਟ ਅਤੇ ਫ਼ਿਰੋਜ਼ਪੁਰ ਜ਼ਿਲੇ ਦੇ 200 ਡੇਰਾ ਪ੍ਰੇਮੀਆਂ ਨੇ ਜ਼ਮੀਨ ਤੋਹਫ਼ੇ ਵਿਚ ਡੇਰਾ ਸਿਰਸਾ ਨੂੰ ਦਿੱਤੀ ਸੀ। ਬਠਿੰਡਾ ਜ਼ਿਲੇ ਦੇ 67 ਡੇਰਾ ਪ੍ਰੇਮੀਆਂ ਨੇ ਡੇਰਾ ਸਿਰਸਾ ਨੂੰ ਕਰੀਬ 58 ਏਕੜ ਜ਼ਮੀਨ ਦਿੱਤੀ ਸੀ। ਰਾਤੋ-ਰਾਤ ਡੇਰਾ ਪ੍ਰੇਮੀਆਂ ਨੇ 'ਸ਼ਾਹ ਸਤਨਾਮ ਜੀ ਗਰੀਨ ਐਸ ਵੈੱਲਫੇਅਰ ਫੋਰਸ' ਦੇ ਨਾਮ 'ਤੇ ਵੀ ਜ਼ਮੀਨਾਂ ਦੀਆਂ ਰਜਿਸਟਰੀਆਂ ਕਰਵਾਈਆਂ ਸਨ। ਸਬ ਡਵੀਜ਼ਨ ਬਠਿੰਡਾ ਦੇ 27 ਡੇਰਾ ਪ੍ਰੇਮੀਆਂ ਨੇ 206 ਕਨਾਲ਼ ਜ਼ਮੀਨ ਦਾਨ ਕੀਤੀ ਸੀ ਜਿਸ ਦੀ ਕਲੈੱਕਟਰ ਰੇਟ ਮੁਤਾਬਕ ਕੀਮਤ 4.26 ਕਰੋੜ ਬਣਦੀ ਹੈ ਜਦੋਂ ਕਿ ਮਾਰਕਿਟ ਕੀਮਤ ਕਈ ਗੁਣਾ ਜ਼ਿਆਦਾ ਹੈ। ਇਸੇ ਤਰ੍ਹਾਂ ਸਬ ਡਵੀਜ਼ਨ ਮੌੜ ਦੇ 34 ਡੇਰਾ ਪ੍ਰੇਮੀਆਂ ਨੇ 230 ਕਨਾਲ ਜ਼ਮੀਨ ਡੇਰਾ ਸਿਰਸਾ ਨੂੰ ਦਿੱਤੀ ਸੀ। ਨਸੀਬਪੁਰਾ ਦੇ ਦਰਜਨ ਡੇਰਾ ਪੈਰੋਕਾਰਾਂ ਨੇ ਜ਼ਮੀਨਾਂ ਤੇ ਘਰ ਦਾਨ ਵਜੋਂ ਦਿੱਤੇ ਸਨ।
ਈਡੀ ਦੇ ਸੂਤਰਾਂ ਨੇ ਦੱਸਿਆ ਕਿ ਬੇਨਾਮੀ ਜਾਇਦਾਦ ਵਿਰੋਧੀ ਬਣੇ ਕਾਨੂੰਨ ਤਹਿਤ ਡੇਰਾ ਸਿਰਸਾ ਦੇ ਆਗੂਆਂ ਤੋਂ ਇਲਾਵਾ ਜ਼ਮੀਨਾਂ ਦਾਨ ਕਰਨ ਵਾਲੇ ਡੇਰਾ ਪ੍ਰੇਮੀਆਂ ਤੋਂ ਵੀ ਪੁੱਛਗਿੱਛ ਹੋ ਸਕਦੀ ਹੈ ਜਿਸ ਦੀ ਰਣਨੀਤੀ ਬਣਾਈ ਜਾ ਰਹੀ ਹੈ। ਬਠਿੰਡਾ ਜ਼ਿਲੇ ਵਿਚ ਡੇਰਾ ਸਿਰਸਾ ਦੀਆਂ ਕੁੱਲ 111 ਸੰਪਤੀਆਂ ਹਨ ਜਿਨ੍ਹਾਂ ਵਿਚ ਡੇਰਾ ਪ੍ਰੇਮੀਆਂ ਤੋਂ ਤੋਹਫ਼ੇ ਵਿਚ ਮਿਲੀਆਂ ਸੰਪਤੀਆਂ ਵੀ ਸ਼ਾਮਲ ਹਨ। ਪਤਾ ਲੱਗਾ ਹੈ ਕਿ ਪੰਜਾਬ ਸਰਕਾਰ ਵਲੋਂ ਹਰ ਜ਼ਿਲੇ ਵਿਚ ਡੇਰਾ ਪ੍ਰੇਮੀਆਂ ਵਲੋਂ ਦਾਨ ਕੀਤੀ ਜ਼ਮੀਨ ਦੀ ਪਹਿਲਾਂ ਹੀ ਸੂਚੀ ਤਿਆਰ ਕੀਤੀ ਗਈ ਹੈ।
ਹੁਣ ਡਾਈਟਾਂ 'ਚ ਨਹੀਂ ਰਹਿ ਸਕਣਗੇ ਸਰਪਲੱਸ ਲੈਕਚਰਾਰ
NEXT STORY