ਸ੍ਰੀ ਕੀਰਤਪੁਰ ਸਾਹਿਬ, (ਬਾਲੀ)- ਨਗਰ ਪੰਚਾਇਤ ਅਧੀਨ ਹੋਣ ਦੇ ਬਾਵਜੂਦ ਸ੍ਰੀ ਕੀਰਤਪੁਰ ਸਾਹਿਬ ਕਸਬੇ ਦਾ ਵਿਕਾਸ ਲੋਕਾਂ ਦੀਆਂ ਉਮੀਦਾਂ ਮੁਤਾਬਕ ਨਹੀਂ ਹੋਇਆ, ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਹਨ। ਇਸ ਸਮੇਂ ਜੇਕਰ ਨਗਰ ਪੰਚਾਇਤ ਅਧੀਨ ਆਉਂਦੇ ਜਿਓਵਾਲ, ਭਟੌਲੀ, ਕਲਿਆਣਪੁਰ ਤੇ ਸ੍ਰੀ ਕੀਰਤਪੁਰ ਸਾਹਿਬ ਦੀਆਂ ਗਲੀਆਂ, ਨਾਲੀਆਂ ਤੇ ਲਿੰਕ ਸੜਕਾਂ ਵੱਲ ਨਜ਼ਰ ਮਾਰੀਏ ਤਾਂ ਇਨ੍ਹਾਂ ਦੀ ਹਾਲਤ ਬਹੁਤ ਖਸਤਾ ਹੈ। ਕਈ ਰਸਤੇ ਤਾਂ ਅਜਿਹੇ ਬਣ ਗਏ ਹਨ, ਜਿਨ੍ਹਾਂ 'ਤੇ ਲੋਕਾਂ ਦਾ ਲੰਘਣਾ ਖ਼ਤਰਿਆਂ ਭਰਿਆ ਹੋ ਗਿਆ ਹੈ। ਸਮੇਂ-ਸਮੇਂ 'ਤੇ ਨਗਰ ਪੰਚਾਇਤ ਤੇ ਆਗੂਆਂ ਨੇ ਐਲਾਨਾਂ ਦੀਆਂ ਝੜੀਆਂ ਤਾਂ ਲਾ ਦਿੱਤੀਆਂ ਪਰ ਸਿਰਫ਼ ਇਕ-ਦੋ ਥਾਵਾਂ 'ਤੇ ਟਾਇਲਾਂ ਲਾਈਆਂ। ਇਸ ਤੋਂ ਇਲਾਵਾ ਜੇਕਰ ਸਟਰੀਟ ਲਾਈਟਾਂ ਲਾਈਆਂ ਤਾਂ ਉਨ੍ਹਾਂ 'ਚੋਂ ਬਹੁਤੀਆਂ ਜਗਦੀਆਂ ਹੀ ਨਹੀਂ।
ਸ੍ਰੀ ਕੀਰਤਪੁਰ ਸਾਹਿਬ ਵਿਚ ਸੀਵਰੇਜ ਦੀ ਸੁਵਿਧਾ ਦੇਣ, ਸਾਰੀਆਂ ਗਲੀਆਂ ਨਾਲੀਆਂ ਤੇ ਲਿੰਕ ਸੜਕਾਂ ਦਾ ਨਵੀਨੀਕਰਨ ਕਰਨ ਦੇ ਦਾਅਵੇ ਤੇ ਵਾਅਦੇ ਧਰੇ-ਧਰਾਏ ਹੀ ਰਹਿ ਗਏ। ਇਸ ਤੋਂ ਇਲਾਵਾ ਇਲਾਕੇ 'ਚ ਵੱਡੇ ਹਸਪਤਾਲ, ਪਾਰਕ, ਜੰਞ ਘਰ, ਆਧੁਨਿਕ ਬੱਸ ਸਟੈਂਡ, ਫਾਇਰ ਬ੍ਰਿਗੇਡ, ਲੜਕੀਆਂ ਲਈ ਸਕੂਲ- ਕਾਲਜ, ਗੁਰਦੁਆਰਾ ਪਤਾਲਪੁਰੀ ਨੂੰ ਜਾਣ ਵਾਲੇ ਰਸਤੇ 'ਤੇ ਫਲਾਈਓਵਰ ਜਾਂ ਅੰਡਰਬ੍ਰਿਜ, 24 ਘੰਟੇ ਬਿਜਲੀ ਦੀ ਸਪਲਾਈ ਦੇਣ, ਧਾਰਾ ਚਾਰ ਤੇ ਪੰਜ ਕਮੇਟੀ ਏਰੀਏ ਵਿਚੋਂ ਹਟਾਉਣ, ਸਾਰੀਆਂ ਰੇਲ ਗੱਡੀਆਂ ਦਾ ਰੁਕਣਾ ਯਕੀਨੀ ਬਣਾਉਣ ਆਦਿ ਲੋੜਾਂ ਹਨ।
ਰੋਜ਼ਾਨਾ ਦੇਸ਼-ਵਿਦੇਸ਼ਾਂ ਤੋਂ ਲੱਖਾਂ ਸ਼ਰਧਾਲੂ ਇਸ ਇਤਿਹਾਸਕ ਨਗਰੀ ਵਿਚ ਧਾਰਮਿਕ ਸਥਾਨਾਂ 'ਤੇ ਨਤਮਸਤਕ ਹੋਣ ਲਈ ਆਉਂਦੇ ਹਨ ਪਰ ਇਸ ਦੇ ਬਾਵਜੂਦ ਇਥੋਂ ਦਾ ਸਰਵਪੱਖੀ ਵਿਕਾਸ ਨਹੀਂ ਹੋਇਆ। ਪਾਰਟੀਬਾਜ਼ੀ ਕਰਕੇ ਸ੍ਰੀ ਕੀਰਤਪੁਰ ਸਾਹਿਬ ਦੇ ਵਿਕਾਸ 'ਤੇ ਰੋਕ ਲੱਗ ਚੁੱਕੀ ਹੈ। ਪਹਿਲਾਂ ਸ੍ਰੀ ਕੀਰਤਪੁਰ ਸਾਹਿਬ ਦਾ ਪ੍ਰਬੰਧ ਪੰਚਾਇਤਾਂ ਕੋਲ ਰਿਹਾ ਪਰ ਕੁਝ ਪੰਚਾਇਤਾਂ ਨੂੰ ਆਮਦਨੀ ਹੋਣ ਕਰਕੇ ਜਿਹੜਾ ਵਿਕਾਸ ਉਨ੍ਹਾਂ ਆਪਣੇ ਏਰੀਏ ਵਿਚ ਕਰਵਾਇਆ, ਉਹ ਵੀ ਯੋਜਨਾਬੱਧ ਤਰੀਕੇ ਨਾਲ ਨਹੀਂ ਹੋਇਆ।
ਕੀ ਕਹਿੰਦੇ ਹਨ ਵਿਭਾਗ ਦੇ ਜੇ. ਈ.- ਨਗਰ ਪੰਚਾਇਤ ਦੇ ਜੇ.ਈ. ਸੰਦੀਪ ਕੁਮਾਰ ਸੈਣੀ ਨੇ ਕਿਹਾ ਕਿ ਸ੍ਰੀ ਕੀਰਤਪੁਰ ਸਾਹਿਬ ਦੀਆਂ ਜਿਹੜੀਆਂ ਗਲੀਆਂ, ਲਿੰਕ ਸੜਕਾਂ ਦੇ ਨਵੀਨੀਕਰਨ, ਸੀਵਰੇਜ ਦੀ ਪਾਈਪ ਲਾਈਨ ਪੈਣੀ ਹੈ, ਇਹ ਕੰਮ ਜਲਦ ਸ਼ੁਰੂ ਕਰਵਾਏ ਜਾਣਗੇ।
ਕੀ ਕਹਿੰਦੇ ਹਨ ਨਗਰ ਪੰਚਾਇਤ ਦੇ ਈ. ਓ.- ਨਗਰ ਪੰਚਾਇਤ ਦੇ ਕਾਰਜਸਾਧਕ ਅਫਸਰ ਜਗਜੀਤ ਸਿੰਘ ਜੱਜ ਨੇ ਕਿਹਾ ਕਿ ਇਲਾਕੇ ਦਾ ਵੱਧ ਤੋਂ ਵੱਧ ਵਿਕਾਸ ਕੀਤਾ ਜਾਵੇਗਾ। ਨਗਰ ਪੰਚਾਇਤ ਅਧੀਨ ਆਉਂਦੇ ਪੰਜ ਪਿੰਡਾਂ 'ਚ ਲੱਗੀ ਧਾਰਾ ਚਾਰ ਤੇ ਪੰਜ ਨੂੰ ਹਟਾਉਣ ਲਈ ਲਿਖਿਆ ਜਾਵੇਗਾ। ਗਲੀਆਂ, ਨਾਲੀਆਂ ਤੇ ਨਗਰ ਪੰਚਾਇਤ ਨਾਲ ਜੋੜਨ ਵਾਲੀਆਂ ਲਿੰਕ ਸੜਕਾਂ ਦਾ ਨਵੀਨੀਕਰਨ ਵਿਚਾਰ ਅਧੀਨ ਹੈ। ਨਗਰ ਪੰਚਾਇਤ ਦੀ ਟੀਮ ਵੱਲੋਂ ਸ੍ਰੀ ਕੀਰਤਪੁਰ ਸਾਹਿਬ ਦਾ ਵਿਸ਼ੇਸ਼ ਦੌਰਾ ਕਰ ਕੇ ਸਾਰੀਆਂ ਸਮੱਸਿਆਵਾਂ ਨੂੰ ਬਾਰੀਕੀ ਨਾਲ ਦੇਖਿਆ ਜਾਵੇਗਾ।
ਦੁਕਾਨਦਾਰਾਂ ਨੇ ਦੁਕਾਨਾਂ ਰੱਖੀਆਂ ਬੰਦ
NEXT STORY