ਲੁਧਿਆਣਾ (ਮੁੱਲਾਂਪੁਰੀ) : ਦੇਸ਼ ਦੇ ਕਿਸਾਨ ਨੇਤਾ ਤੇ ਸਾਬਕਾ ਉਪ ਪ੍ਰਧਾਨ ਮੰਤਰੀ ਸਵ. ਚੌਧਰੀ ਦੇਵੀ ਲਾਲ ਤਾਊ ਦਾ 25 ਸਤੰਬਰ ਨੂੰ ਜਨਮ ਦਿਨ ਆ ਰਿਹਾ ਹੈ। ਇਸ ਵਾਰ ਚੌਟਾਲਾ ਪਰਿਵਾਰ ਆਪਣੇ ਬਜ਼ੁਰਗ ਤਾਊ ਦਾ ਜਨਮ ਦਿਨ ਵੱਡੇ ਪੱਧਰ ’ਤੇ ਫਤਿਹਾਬਾਦ ਵਿਚ ਮਨਾਉਣ ਜਾ ਰਿਹਾ ਹੈ, ਜਿਥੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਜੋ ਅੱਜ-ਕੱਲ੍ਹ ਦੇਸ਼ ਵਿਚ ਮੋਦੀ ਸਰਕਾਰ ਦੀਆਂ ਜੜ੍ਹਾਂ ਪੁੱਟਣ ਲਈ ਖੇਤਰੀ ਪਾਰਟੀਆਂ ਤੇ ਹੋਰਨਾਂ ਵੱਡੇ ਰਾਜਸੀ ਨੇਤਾਵਾਂ ਨੂੰ ਮਿਲ ਕੇ ਇਕ ਵੱਡਾ ਜਿਹਾਦ ਛੇੜਨ ਲਈ ਦਿੱਲੀ ਵਿਚ ਡਟੇ ਹੋਏ ਹਨ, ਉਹ ਵੀ ਇਸ ਦਿਹਾੜੇ ’ਤੇ ਖਾਸ ਤੌਰ ’ਤੇ ਸ਼ਾਮਲ ਹੋ ਰਹੇ ਹਨ।
ਇਹ ਵੀ ਪੜ੍ਹੋ : ਪ੍ਰਤਾਪ ਬਾਜਵਾ ਦੀ ਪੰਜਾਬ ਸਰਕਾਰ ਨੂੰ ਸਲਾਹ- ਗਲਤ ਸਟੈਂਡ ਲੈ ਕੇ ਪੰਜਾਬ ਦੇ ਮੁੱਦਿਆਂ ਨੂੰ ਮਾਮੂਲੀ ਨਾ ਬਣਾਓ
ਭਾਵੇਂ ਚੌਟਾਲਾ ਪਰਿਵਾਰ ਨੇ ਲਾਲੂ, ਫਾਰੂਕ ਅਬਦੁੱਲਾ, ਮੁਲਾਇਮ ਸਿੰਘ ਯਾਦਵ, ਅਖਿਲੇਸ਼ ਯਾਦਵ, ਤੇਜੱਸਵੀ, ਤਿਆਗੀ ਤੇ ਹੋਰ ਦਰਜਨਾਂ ਪਾਰਟੀਆਂ ਦੇ ਆਗੂਆਂ ਨੂੰ ਸੱਦੇ ਭੇਜ ਦਿੱਤੇ ਹਨ, ਉਸ ਦਿਨ ਤਾਊ ਦੇ ਦਿਹਾੜੇ ’ਤੇ ਸਿਆਸੀ ਤੌਰ ’ਤੇ ਬਹੁਤ ਕੁਝ ਹੋਣ ਦੀ ਸੰਭਾਵਨਾ ਹੈ। ਇਸ ਦੇ ਚੱਲਦੇ ਚੌਟਾਲਾ ਪਰਿਵਾਰ ਨੇ ਬਾਦਲਾਂ ਨੂੰ ਸੱਦਾ ਪੱਤਰ ਭੇਜਿਆ ਹੈ ਪਰ ਬਾਦਲ ਅਜੇ 'ਤੇਲ ਦੇਖੋ ਤੇਲ ਦੀ ਧਾਰ ਦੇਖੋ' ਵਾਲੀ ਸਥਿਤੀ ਵਿਚ ਹੋਣਗੇ ਕਿਉਂਕਿ ਦੇਸ਼ ਵਿਚ ਬਣਨ ਜਾ ਰਹੇ ਤੀਜੇ ਫਰੰਟ ਦੇ ਕੌਮੀ ਆਗੂ ਨਿਤਿਸ਼ ਕੁਮਾਰ ਜੋ ਇਸ ਸਮਾਗਮ ਵਿਚ ਆ ਰਹੇ ਹਨ ਤੇ ਉਨ੍ਹਾਂ ਦੇ ਆਉਣ ਨਾਲ ਤੀਜਾ ਫਰੰਟ ਬਣਨ ’ਤੇ ਆਸਾਰ ਨਜ਼ਰ ਆਉਣ ਲੱਗ ਪਏ ਹਨ। ਹੋ ਸਕਦਾ ਹੈ ਕਿ ਉਥੇ ਵੱਡੇ ਬਾਦਲ ਇਸ ਹੈਸੀਅਤ ਨਾਲ ਸ਼ਾਮਲ ਹੋਣ ਕਿ ਚੌਧਰੀ ਦੇਵੀ ਲਾਲ ਉਨ੍ਹਾਂ ਦੇ ਵੱਡੇ ਭਰਾ ਸਨ ਅਤੇ ਚੌਟਾਲਾ ਪਰਿਵਾਰ ਨਾਲ ਉਨ੍ਹਾਂ ਦੀ ਘਰੇਲੂ ਸਾਂਝ ਹੈ, ਜਦੋਂਕਿ ਮਾਹਿਰਾਂ ਮੁਤਾਬਕ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਾਲ ਦੀ ਘੜੀ ਇਸ ਸਮਾਗਮ ਤੋਂ ਦੂਰ ਰਹਿ ਸਕਦੇ ਹਨ ਕਿਉਂਕਿ ਉਨ੍ਹਾਂ ਨੂੰ ਅਜੇ ਵੀ ਭਾਜਪਾ ਵੱਲੋਂ ਗਠਜੋੜ ਲਈ ਹਾਕ ਮਾਰੇ ਜਾਣ ਦੀ ਝਾਕ ਹੈ।
ਇਹ ਵੀ ਪੜ੍ਹੋ : ਵਿਜੀਲੈਂਸ ਬਿਊਰੋ ਵੱਲੋਂ 10,000 ਰੁਪਏ ਰਿਸ਼ਵਤ ਲੈਂਦਾ ਰਜਿਸਟਰੀ ਕਲਰਕ ਰੰਗੇ ਹੱਥੀਂ ਕਾਬੂ
ਜਾਣਕਾਰ ਸੂਤਰਾਂ ਮੁਤਾਬਕ ਇੰਝ ਕਰਨ ਨਾਲ ਨਾਲੇ ਤਾਂ ਬਾਪੂ ਜੀ ਜਨਮ ਦਿਨ ’ਤੇ ਹਾਜ਼ਰੀ ਲਵਾ ਆਉਣਗੇ ਅਤੇ ਜੇਕਰ ਭਾਜਪਾ ਨਾਲ ਗਠਜੋੜ ਦੀ ਗੱਲ ਚੱਲੀ ਤਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਗੇ ਹੋ ਕੇ ਜੈਕਾਰੇ ਛੱਡ ਦੇਣਗੇ ਅਤੇ ਇਸ ਗੱਲ ’ਤੇ ਸੱਚੇ ਹੋ ਜਾਣਗੇ ਕਿ ਉਹ ਜਨਮ ਦਿਨ ਤੋਂ ਦੂਰ ਰਹੇ ਹਨ। ਜੇਕਰ ਉਨ੍ਹਾਂ ਨੇ ਮਨ ਵਿਚ ਇਹ ਧਾਰ ਲਈ ਕਿ ਇਸ ਵਾਰ ਭਾਜਪਾ ਨਾਲ ਸਾਂਝ ਭਿਆਲੀ ਨਹੀਂ ਪਾਉਣੀ ਅਤੇ ਤੀਜੇ ਫਰੰਟ ਵੱਲ ਜਾਣਾ ਹੈ ਤਾਂ ਉਹ ਜੈਕਾਰਿਆਂ ਦੀ ਗੂੰਜ ਨਾਲ ਲਾਮ-ਲਸ਼ਕਰ ਲੈ ਕੇ ਚਾਲੇ ਪਾ ਦੇਣਗੇ। ਇਸ ਲਈ ਹਾਲਾਤ ਨੂੰ ਵੇਖਦਿਆਂ ਦੋਵੇਂ ਹੱਥਾਂ ’ਚ ਲੱਡੂ ਰੱਖਣਾ ਚਾਹੁੰਦੇ ਹਨ। ਭਾਵ ਭਾਜਪਾ ਗੁੱਸੇ ਨਾ ਹੋ ਜਾਵੇ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਭਾਰਤੀ ਸਰਹੱਦ 'ਤੇ ਇਕ ਵਾਰ ਫਿਰ ਸੁਣੀ ਡਰੋਨ ਦੀ ਆਵਾਜ਼, ਬੀਐਸਐਫ ਦੇ ਜਵਾਨਾਂ ਨੇ ਤੁਰੰਤ ਕੀਤੀ ਕਾਰਵਾਈ
NEXT STORY