ਕੋਟ ਈਸੇ ਖਾਂ, (ਗਰੋਵਰ, ਸੰਜੀਵ)- ਬਲਾਕ ਕੋਟ ਈਸੇ ਖਾਂ ਦੇ ਸਮੂਹ ਮਗਨਰੇਗਾ ਕਾਮਿਆਂ ਵੱਲੋਂ ਬਲਾਕ ਦਫਤਰ ਵਿਖੇ ਅਮਰਦੀਪ ਸਿੰਘ ਬੀ. ਡੀ. ਪੀ. ਓ. ਖਿਲਾਫ ਧਰਨਾ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਬੀ. ਡੀ. ਪੀ. ਓ. ’ਤੇ ਦੋਸ਼ ਲਾਏ ਕਿ ਕਥਿਤ ਬੀ. ਡੀ. ਪੀ. ਓ. ਵੱਲੋਂ ਪਿੰਡਾਂ ਵਿਚ ਮਗਨਰੇਗਾ ਅਧੀਨ ਕੀਤੇ ਅਤੇ ਚੱਲ ਰਹੇ ਕੰਮਾਂ ਦੀ ਚੈਕਿੰਗ ਦਾ ਹਵਾਲਾ ਦੇ ਕੇ ਸਰਪੰਚਾਂ, ਕਰਮਚਾਰੀਆਂ ਤੋਂ ਪ੍ਰਤੀ ਪੰਚਾਇਤ 10,000 ਰੁਪਏ ਵਸੂਲ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਕਾਰਨ ਲਗਭਗ 15 ਦਿਨਾਂ ਤੋਂ ਕੰਮ ਪ੍ਰਭਾਵਿਤ ਹੋ ਰਿਹਾ ਹੈ। ਮਗਨਰੇਗਾ ਕਾਮਿਆਂ ਵੱਲੋਂ ਜਾਰੀ ਪ੍ਰੈੱਸ ਨੋਟ ’ਚ ਕਿਹਾ ਗਿਆ ਕਿ ਉਕਤ ਬੀ. ਡੀ. ਪੀ. ਓ. ਵੱਲੋਂ 10,000 ਰੁਪਏ ਪ੍ਰਤੀ ਪੰਚਾਇਤ ਦੀ ਨਾਜਾਇਜ਼ ਵਸੂਲੀ ਸਬੰਧੀ ਪੰਜ ਪਿੰਡਾਂ ਦੇ ਸਰਪੰਚਾਂ ਦੇ ਹਲਫੀਆ ਬਿਆਨਾਂ ਤੋਂ ਸਾਨੂੰ ਇਹ ਸਾਰਾ ਕੁਝ ਪਤਾ ਲੱਗਾ ਹੈ। ਕਾਮਿਆਂ ਨੇ ਉਕਤ ਬੀ. ਡੀ. ਪੀ. ਓ. ’ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਬਲਾਕ ਕੋਟ ਈਸੇ ਖਾਂ ਦੇ ਮਗਨਰੇਗਾ ਦੇ ਫੰਡਾਂ ਵਿਚ ਗਬਨ ਦੀ ਸੰਭਾਵਨਾ ਦੀ ਜੋ ਖਬਰ ਲੱਗੀ ਹੈ, ਉਹ ਬਿਲਕੁਲ ਝੂਠ ਹੈ, ਇਹ ਖਬਰ ਬੀ. ਡੀ. ਪੀ. ਓ. ਦੀ ਮਗਨਰੇਗਾ ਕਾਮਿਆਂ ਨਾਲ ਨਿੱਜੀ ਰੰਜਿਸ਼ ਦਾ ਸਿੱਟਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜਦੋਂ ਬਲਾਕ ਵਿਚ ਸਾਡੇ ਵੱਲੋਂ ਪੁੱਛ-ਪਡ਼ਤਾਲ ਕੀਤੀ ਗਈ ਤਾਂ ਕਿਸੇ ਤਰ੍ਹਾਂ ਦੇ ਘਪਲੇ ਅਤੇ ਇਨਕੁਆਰੀ ਬਾਰੇ ਕੋਈ ਗੱਲ ਪਤਾ ਨਹੀਂ ਲੱਗੀ। ਮਗਨਰੇਗਾ ਕਾਮਿਆਂ ਨੇ ਕਿਹਾ ਕਿ ਇਸ ਖਬਰ ਕਾਰਨ ਸਾਨੂੰ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਸਾਰੇ ਕਾਮਿਆਂ ਵਿਚ ਰੋਸ ਹੈ, ਜਿਸ ਤੋਂ ਦੁਖੀ ਹੋ ਕੇ ਅਸੀਂ ਇਹ ਧਰਨਾ ਲਾਇਆ ਹੈ। ਅਖੀਰ ਵਿਚ ਸਮੂਹ ਮਗਨਰੇਗਾ ਕਾਮਿਆਂ ਨੇ ਬੀ. ਡੀ. ਪੀ. ਓ. ਦੀ ਬਦਲੀ ਹੋਣ ਤੱਕ ਕੰਮ ਬੰਦ ਕਰਨ ਦਾ ਫੈਸਲਾ ਕੀਤਾ। ਇਸ ਸਮੇਂ ਬਲਤੇਜ ਸਿੰਘ ਸਰਪੰਚ, ਸੁਖਜਿੰਦਰ ਸਿੰਘ ਮੇਲਕ ਕੰਗਾਂ, ਬੇਅੰਤ ਸਿੰਘ ਸੈਦ ਮੁਹੰਮਦ, ਗੁਰਪ੍ਰੀਤ ਸਿੰਘ ਸਰਪੰਚ ਪ੍ਰੀਤਮ ਨਗਰ, ਅਮਰਜੀਤ ਸਿੰਘ ਜਲਾਲਾਬਾਦ, ਜਗਸੀਰ ਸਿੰਘ ਖੋਸਾ, ਕਾਕਾ, ਬਿੰਦਰ ਕੌਰ, ਕਮਲੇਸ਼ ਸਿੰਘ, ਜਸਵੰਤ ਸਿੰਘ, ਰਾਜੂ ਸਿੰਘ, ਅਮਰਜੀਤ ਸਿੰਘ, ਪਰਮਿੰਦਰ ਕੌਰ, ਰਾਜੂ, ਸੁਖਜਿੰਦਰ ਸਿੰਘ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿਚ ਮਗਨਰੇਗਾ ਕਾਮੇ ਅਤੇ ਮੋਹਤਬਰ ਹਾਜ਼ਰ ਸਨ।
ਮੇਰੇ ’ਤੇ ਲਾਏ ਦੋਸ਼ ਬਿਲਕੁਲ ਗਲਤ : ਬੀ. ਡੀ. ਪੀ. ਓ.
ਜਦੋਂ ਇਸ ਸਬੰਧੀ ਬੀ. ਡੀ. ਪੀ. ਓ. ਅਮਰਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਇਹ ਸਭ ਕੁਝ ਗਲਤ ਹੈ ਤੇ ਮਗਨਰੇਗਾ ਕਾਮੇ ਗਲਤ ਬਿਆਨਬਾਜ਼ੀ ਕਰ ਰਹੇ ਹਨ। ਜੇਕਰ ਕੁਝ ਅਜਿਹਾ ਹੋਇਆ ਹੈ ਤਾਂ ਉਹ ਸਾਬਤ ਕਰਨ। ਉਨ੍ਹਾਂ ਕਿਹਾ ਕਿ ਮੈਂ ਕਿਸੇ ਗ੍ਰਾਮ ਪੰਚਾਇਤ ਦੀ ਇਨਕੁਆਰੀ ਨਹੀਂ ਕਰ ਰਿਹਾ , ਮੈਂ ਕਿਉਂ ਪੈਸੇ ਮੰਗਾਂਗਾ। ਮੇਰੇ ਕੋਲ ਸਿਰਫ ਇਸ ਗੱਲ ਦੀਆਂ ਸ਼ਿਕਾਇਤਾਂ ਆਈਆਂ ਸਨ ਕਿ ਮਗਨਰੇਗਾ ਕਾਮਿਆਂ ਦੇ ਕੰਮ ਦੇ ਰੁਪਏ ਨਹੀਂ ਪਏ, ਜਿਸ ਸਬੰਧੀ ਮੈਂ ਦਰਖਾਸਤ ਸਬੰਧਤ ਏ. ਪੀ. ਓ. ਨੂੰ ਮਾਰਕ ਕਰ ਦਿੱਤੀ ਸੀ।
ਭੇਤਭਰੀ ਹਾਲਤ ’ਚ ਅਗਵਾ ਬੱਚੀ ਬਰਾਮਦ
NEXT STORY