ਬਰਨਾਲਾ, (ਵਿਵੇਕ ਸਿੰਧਵਾਨੀ,ਰਵੀ) : ਬਰਨਾਲਾ ਸ਼ਹਿਰ ਦੇ ਵਿਚੋਂ ਲੰਘਦੀ ਧਨੌਲਾ ਰੋਡ ਖੂਨੀ ਰੋਡ ਵਜੋਂ ਵੀ ਜਾਣੀ ਜਾਂਦੀ ਸੀ ਪਰ ਸ਼ਹਿਰ ਵਾਸੀਆਂ ਨੂੰ ਕੁਝ ਨਿਜ਼ਾਤ 27 ਫਰਵਰੀ ਨੂੰ ਅੰਡਰਬ੍ਰਿਜ ਦੇ ਰੂਪ ਵਿਚ ਤੋਹਫੇ ਵਜੋਂ ਮਿਲਣ ਨਾਲ ਸ਼ਹਿਰ ਵਾਸੀਆਂ ਨੂੰ ਘੰਟਿਆਂ ਬੱਧੀ ਫਾਟਕਾਂ ’ਤੇ ਖਡ਼੍ਹਣ ਤੋਂ ਤਾਂ ਮਿਲ ਗਈ ਪਰ ਉਨ੍ਹਾਂ ਦੀ ਟਿਕ-ਟਿਕੀ ਧਨੌਲਾ ਫਾਟਕ ਤੋਂ ਆਈ. ਟੀ. ਆਈ. ਚੌਂਕ ਤੱਕ ਖੱਡਿਆਂ ਨਾਲ ਭਰੀ ਹਾਦਸਿਆਂ ਨੂੰ ਸੱਦਾ ਦੇ ਰਹੀ ਸਡ਼ਕ ਦੇ ਨਿਰਮਾਣ ’ਤੇ ਟਿਕੀ ਹੋਈ ਸੀ। ਇਸ ਸਮੱਸਿਆ ਤੋਂ ਸ਼ਹਿਰ ਵਾਸੀਆਂ ਨੂੰ ਕਦੋਂ ਨਿਜ਼ਾਤ ਮਿਲੇਗੀ ਅਤੇ ਹਸਦਸਿਆਂ ਨੂੰ ਠੱਲ੍ਹ ਪਵੇਗੀ। ਇਸ ਸਡ਼ਕ ਨੂੰ ਬਣਾਉਣ ਲਈ ਧਨੌਲਾ ਰੋਡ ਸੁਧਾਰ ਕਮੇਟੀ ਦੇ ਕਨਵੀਨਰ ਗੁਰਬਖਸ਼ ਸਿੰਘ, ਵਿੱਤ ਸਕੱਤਰ ਸੁਰਿੰਦਰ ਜਸਧੌਲ ਅਤੇ ਮੱਖਣ ਪ੍ਰਭਾਕਰ ਵਲੋਂ ਵਿੱਢੀ ਮੁਹਿੰਮ ਤਹਿਤ 50 ਦਿਨਾਂ ਤੱਕ ਲਗਾਤਾਰ ਧਰਨੇ ਅਤੇ ਕਾਲੀਆਂ ਝੰਡੀਆਂ ਲਗਾਕੇ ਰੋਸ ਮੁਜ਼ਾਹਰਾ ਕਰਨ ਮਗਰੋਂ ਨਗਰ ਕੌਂਸਲ ਬਰਨਾਲਾ ਅੱਗੇ ਧਰਨੇ ਵੀ ਦਿੱਤੇ ਗਏ।
ਸ਼ਹਿਰ ਵਾਸੀਆਂ ਅਤੇ ਧਨੌਲਾ ਰੋਡ ਸੁਧਾਰ ਕਮੇਟੀ ਦੀਆਂ ਆਸਾਂ ’ਤੇ ਉਦੋਂ ਬੂਰ ਪਿਆ ਜਦੋਂ 3 ਮਈ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਅਤੇ ਹਲਕਾ ਬਰਨਾਲਾ ਦੇ ਸਾਬਕਾ ਵਿਧਾਇਕ ਕੇਵਲ ਸਿੰਘ ਢਿਲੋਂ ਨੇ ਕਰੀਬ 4 ਕਰੋਡ਼ ਦੀ ਲਾਗਤ ਨਾਲ ਇਸ ਸਡ਼ਕ ਦਾ ਉਦਘਾਟਨ ਕਰਕੇ ਕੰਮ ਸ਼ੁਰੂ ਕਰਵਾਇਆ। ਉਨ੍ਹਾਂ ਇਸ ਸਡ਼ਕ ਨੂੰ ਦਿਨ-ਰਾਤ ਇਕ ਕਰਕੇ ਅਤੇ ਰਾਤ ਸਮੇਂ ਲਾਈਟਾਂ ਦੀ ਰੌਸ਼ਨੀ ’ਚ ਵੀ ਨਿਰੰਤਰ ਕੰਮ ਕਰਕੇ ਦੋ ਮਹੀਨਿਆਂ ਦੇ ਅੰਦਰ -ਅੰਦਰ ਸ਼ਹਿਰ ਵਾਸੀਆਂ ਦੇ ਸਪੁਰਦ ਕਰਨ ਲਈ ਕਿਹਾ ਸੀ ਪਰ ਅੱਜ ਦੋ ਮਹੀਨੇ ਹੋਣ ਦੇ ਬਾਵਜੂਦ ਇਸ ਦਾ ਕੰਮ ਨਾ ਮਾਤਰ ਹੀ ਹੋਇਆ ਹੈ।
ਖੂਨੀ ਸਡ਼ਕ ਹੁਣ ਬਣ ਗਈ ਹੈ ਹੋਰ ਵੀ ਜਾਨਲੇਵਾ
ਗੱਲਬਾਤ ਕਰਦਿਆਂ ਯੁਵਰਾਜ ਪਲਾਸਟਿਕ ਦੇ ਐੱਮ. ਡੀ. ਯੁਵਰਾਜ ਬਾਂਸਲ ਨੇ ਕਿਹਾ ਕਿ ਸਾਡਾ ਦਫਤਰ ਅਤੇ ਰਿਹਾਇਸ਼ ਇਸੇ ਸਡ਼ਕ ’ਤੇ ਹੈ। ਲੰਬੇ ਸਮੇਂ ਤੋਂ ਟੁੱਟੀ ਇਸ ਸਡ਼ਕ ’ਤੇ ਸਾਡੇ ਪਰਿਵਾਰ ਨੂੰ ਦਿਨ-ਰਾਤ ਲੰਘਣਾ ਪੈਂਦਾ ਹੈ। ਇਹ ਖੂਨੀ ਸਡ਼ਕ ਦੇ ਨਾਂ ਨਾਲ ਪ੍ਰਸਿੱਧ ਸਡ਼ਕ ਰਾਤ ਸਮੇਂ ਹੋਰ ਵੀ ਜਾਨਲੇਵਾ ਬਣ ਜਾਂਦੀ ਹੈ। ਕਿਉਂਕਿ ਸਡ਼ਕ ਬਣਾਉਣ ਵਾਲੇ ਠੇਕੇਦਾਰ ਵਲੋਂ ਇਕ ਸਾਈਡ ’ਤੇ ਪੱਥਰ ਸੁੱਟ ਦਿੱਤੇ ਗਏ ਹਨ ਅਤੇ ਦੂਸਰੇ ਪਾਸੇ ਰੋਡ ਰੋਲਰ ਨੂੰ ਟੇਢਾ ਕਰਕੇ ਲਗਾ ਦਿੱਤਾ ਜਾਂਦਾ ਹੈ। ਜਿਸ ਕਾਰਨ ਇਥੇ ਕੋਈ ਵੀ ਦੁਰਘਟਨਾ ਵਾਪਰ ਸਕਦੀ ਹੈ। ਜਦੋਂ ਤੱਕ ਅਸੀਂ ਰਾਤ ਨੂੰ ਸਹੀ ਸਲਾਮ ਘਰ ਨਹੀਂ ਪੁੱਜਦੇ ਸਾਡੇ ਪਰਿਵਾਰ ਮੈਂਬਰਾਂ ਦੇ ਸਾਹ ਸੁੱਕੇ ਰਹਿੰਦੇ ਹਨ।
ਕਈ ਸਾਲਾਂ ਤੋਂ ਸਡ਼ਕ ਟੁੱਟੀ ਹੋਣ ਕਾਰਨ ਵਪਾਰ ’ਤੇ ਪੈ ਰਿਹਾ ਹੈ ਬੁਰਾ ਪ੍ਰਭਾਵ : ਢੀਂਗਰਾ
ਗੱਲਬਾਤ ਕਰਦਿਆਂ ਚਰਨਜੀਤ ਨੀਟੂ ਢੀਂਗਰਾ ਨੇ ਕਿਹਾ ਕਿ ਉਸਦਾ ਗੈਰਜ ਅਤੇ ਰਿਹਾਇਸ਼ ਇਸੇ ਰੋਡ ’ਤੇ ਸਥਿਤ ਹੈ। ਦਿਨ ’ਚ ਕਈ ਵਾਰ ਇਸ ਰੋਡ ਤੋਂ ਲੰਘਣਾ ਪੈਂਦਾ ਹੈ। ਇਸ ਰੋਡ ’ਤੇ ਹਾਦਸੇ ਕਾਰਨ ਮੇਰੀ ਬਾਂਹ ਵੀ ਫਰੈਕਚਰ ਹੋ ਚੁੱਕੀ ਹੈ। ਬੱਚਿਆਂ ਨੂੰ ਇਸ ਰੋਡ ’ਤੇ ਭੇਜਣ ਤੋਂ ਅਸੀਂ ਗੁਰੇਜ ਕਰਦੇ ਹਾਂ। ਕਿਉਂਕਿ ਇਸ ਰੋਡ ਉਪਰ ਪਹਿਲਾਂ ਵੀ ਹੋਏ ਕਈ ਹਾਦਸਿਆਂ ਨੇ ਕਈ ਘਰਾਂ ਦੇ ਚਿਰਾਗ ਬੁਝਾ ਦਿੱਤੇ ਹਨ। ਪਿਛਲੇ ਕਈ ਸਾਲਾਂ ਤੋਂ ਇਸ ਸਡ਼ਕ ਦੇ ਨਾ ਬਣਨ ਕਾਰਨ ਸ਼ਹਿਰ ਵਾਸੀ ਇਸ ਰੋਡ ਤੇ ਆਉਣਾ ਪਸੰਦ ਨਹੀਂ ਕਰਦੇ। ਜਿਸ ਕਾਰਨ ਸਾਡੇ ਵਪਾਰ ਤੇ ਬੁਰਾ ਪ੍ਰਭਾਵ ਪਿਆ ਹੈ।
ਸ਼ਰਾਰਤੀ ਅਨਸਰਾਂ ਲਈ ਸਭ ਤੋਂ ਸੁਰੱਖਿਅਤ ਸਥਾਨ ਬਣ ਗਈ ਹੈ ਇਹ ਸਡ਼ਕ : ਵਿਜੈ ਗਰਗ
ਗੱਲਬਾਤ ਕਰਦਿਆਂ ਜ਼ਿਲਾ ਬਰਨਾਲਾ ਇੰਡਸਟਰੀ ਚੈਂਬਰ ਦੇ ਚੇਅਰਮੈਨ ਵਿਜੈ ਗਰਗ ਨੇ ਕਿਹਾ ਕਿ ਸ਼ਰਾਰਤੀ ਅਨਸਰਾਂ ਲਈ ਇਸ ਸਮੇਂ ਸਭ ਤੋਂ ਸੁਰੱਖਿਅਤ ਸਥਾਨ ਇਹ ਸਡ਼ਕ ਬਣ ਗਈ ਹੈ। ਕਿਉਂਕਿ ਇਥੇ ਨਾ ਤਾਂ ਰਾਤ ਸਮੇਂ ਲਾਈਟਾਂ ਦਾ ਕੋਈ ਪ੍ਰਬੰਧ ਹੈ। ਉਪਰੋਂ ਅੱਗ ’ਚ ਘਿਉ ਪਾਉਣ ਦਾ ਕੰਮ ਸਡ਼ਕ ਦੇ ਠੇਕੇਦਾਰ ਵਲੋਂ ਸਡ਼ਕ ਦੇ ਇਕ ਪਾਸੇ ਪੱਥਰ ਸੁੱਟਕੇ ਅਤੇ ਦੂਜੇ ਪਾਸੇ ਰਾਤ ਸਮੇਂ ਰੋਡ ਰੋਲਰ ਨੂੰ ਟੇਢਾ ਕਰਕੇ ਖਡ਼੍ਹਾ ਕਰਕੇ ਕੀਤਾ ਜਾ ਰਿਹਾ ਹੈ। ਰਾਤ ਸਮੇਂ ਹਨੇਰਾ ਹੋਣ ਕਾਰਨ ਰਾਹਗੀਰਾਂ ਨੂੰ ਮਜਬੂਰੀਵੱਸ ਸਡ਼ਕ ’ਤੇ ਪਏ ਪੱਥਰਾਂ ਅਤੇ ਟੇਢੇ ਖਡ਼੍ਹੇ ਰੋਡ ਰੋਲਰ ਕਾਰਨ ਆਪਣਾ ਵਾਹਨ ਥਾਂ-ਥਾਂ ਰੋਕਣਾ ਪੈਂਦਾ ਹੈ। ਜਿਸ ਕਾਰਨ ਕਦੇ ਵੀ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ।
ਮਾਸੂਮ ਸਕੂਲੀ ਬੱਚਿਆਂ ਦੀ ਜਾਨ ਨੂੰ ਹਰ ਸਮੇਂ ਬਣਿਆ ਰਹਿੰਦਾ ਹੈ ਖਤਰਾ
ਗੱਲਬਾਤ ਕਰਦਿਆਂ ਸੀਨੀਅਰ ਅਕਾਲੀ ਆਗੂ ਸੁਰੇਸ਼ ਕੁਮਾਰ ਸ਼ਸ਼ੀ ਪੱਖੋਂ ਨੇ ਕਿਹਾ ਕਿ ਇਸ ਰੋਡ ’ਤੇ ਛੋਟੇ-ਵੱਡੇ ਕਈ ਸਕੂਲ ਹਨ। ਰੇਲਵੇ ਸਟੇਸ਼ਨ ’ਤੇ ਲੱਗਣ ਵਾਲੀ ਮਾਲ ਗੱਡੀ ’ਚ ਮਾਲ ਲੋਡ ਕਰਨ ਲਈ ਸੈਂਕਡ਼ੇ ਟਰੱਕਾਂ ਦੇ ਲੰਘਣ ਲਈ ਇਹ ਇਕਲੌਤੀ ਸਡ਼ਕ ਹੈ। ਇਹ ਸਡ਼ਕ ਥਾਂ-ਥਾਂ ਟੁੱਟੀ ਹੋਈ ਅਤੇ ਨਿਰਮਾਣ ਕਾਰਜ ਲਈ ਇਸ ’ਤੇ ਪੱਥਰ ਸੁੱਟੇ ਹੋਏ ਹਨ। ਜਿਸ ਕਾਰਨ ਇਥੋਂ ਲੰਘਣ ਵਾਲਿਆਂ ਨੂੰ ਵਲ ਪਾ ਕੇ ਖੱਡਿਆਂ ’ਚੋਂ ਲੰਘਣਾ ਪੈਂਦਾ ਹੈ। ਸਾਈਕਲ ’ਤੇ ਸਕੂਲ ਜਾਣ ਵਾਲੇ ਵਿਦਿਆਰਥੀਆਂ ਨੂੰ ਹਰ ਸਮੇਂ ਖਤਰਾ ਬਣਿਆ ਰਹਿੰਦਾ ਹੈ। ਕਿਉਂਕਿ ਖੱਡਿਆਂ ਵਿਚ ਸਕੂਲੀ ਬੱਚਿਆਂ ਦੇ ਸਾਈਕਲ ਅਤੇ ਹੋਰ ਵਾਹਨ ਅਟਕਣ ਨਾਲ ਕੋਈ ਵੀ ਵੱਡੀ ਦੁਰਘਟਨਾ ਹੋ ਸਕਦੀ ਹੈ। ਬਾਰਿਸ਼ ਦੇ ਪਾਣੀ ਕਾਰਨ ਬੱਚਿਆਂ ਲਈ ਇਥੋਂ ਲੰਘਣਾ ਹੋਰ ਵੀ ਖਤਰਨਾਕ ਹੋ ਜਾਂਦਾ ਹੈ।
ਟਰੱਕ-ਮੋਟਰਸਾਈਕਲ ਟੱਕਰ 'ਚ ਨੌਜਵਾਨ ਦੀ ਟੁੱਟੀ ਲੱਤ
NEXT STORY