ਫ਼ਤਿਹਗੜ੍ਹ ਸਾਹਿਬ (ਵਿਪਨ/ਜਗਦੇਵ): ਸਰਹੰਦ ਰੇਲਵੇ ਫਾਟਕ ਦੇ ਨਜ਼ਦੀਕ ਖਾਨਪੁਰ ਫਾਟਕਾਂ ਦੇ ਨੇੜੇ ਵਾਪਰੇ ਮਾਲ ਗੱਡੀ ਦੇ ਰੇਲਵੇ ਟਰੈਕ 'ਤੇ ਬੰਬ ਬਲਾਸਟ ਦੀ ਘਟਨਾ ਦਾ ਮੁਆਇਨਾ ਕਰਨ ਲਈ ਡੀ.ਆਈ.ਜੀ. ਰੋਪੜ ਰੇਂਜ ਨਾਨਕ ਸਿੰਘ ਐੱਸ.ਐੱਸ.ਪੀ. ਫਤਿਹਗੜ੍ਹ ਸਾਹਿਬ ਅਤੇ ਪੁਲਸ ਦੇ ਹੋਰ ਅਧਿਕਾਰੀ ਪਹੁੰਚੇ, ਜਿਨ੍ਹਾਂ ਵੱਲੋਂ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ। ਡੀ.ਆਈ.ਜੀ. ਰੋਪੜ ਰੇਂਜ ਨਾਨਕ ਸਿੰਘ ਨੇ ਕਿਹਾ ਕਿ ਇਸ ਘਟਨਾ ਨੂੰ ਕਿਸੇ ਸ਼ਰਾਰਤੀ ਅਨਸਰਾਂ ਵੱਲੋਂ ਅੰਜਾਮ ਦਿੱਤਾ ਗਿਆ ਹੈ, ਪਰੰਤੂ ਪੁਲਸ ਵੱਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਡੀ. ਆਈ. ਜੀ. ਨਾਨਕ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਬੀਤੀ ਰਾਤ ਮਾਈਨਰ ਬਲਾਸਟ ਦੀ ਸੂਚਨਾ ਮਿਲੀ ਸੀ, ਜਿਸ ਮਗਰੋਂ ਵੱਖ-ਵੱਖ ਟੀਮਾਂ ਇੱਥੇ ਪਹੁੰਚੀਆਂ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਬਾਕੀ ਏਜੰਸੀਆਂ ਦੇ ਤਾਲਮੇਲ ਨਾਲ ਕੰਮ ਕੀਤਾ ਜਾ ਰਿਹਾ ਹੈ। ਇਸ ਧਮਾਕੇ ਪਿੱਛੇ ਜਿਹੜੇ ਲੋਕ ਵੀ ਹੋਏ, ਉਨ੍ਹਾਂ ਨੂੰ ਜਲਦੀ ਤੋਂ ਜਲਦੀ ਕਾਬੂ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਧਮਾਕੇ ਵਿਚ ਕਿਸੇ ਕਿਸਮ ਦਾ ਜਾਨੀ ਨੁਕਸਾਨ ਨਹੀਂ ਹੋਇਆ, ਸਿਰਫ਼ ਡਰਾਈਵਰ ਦੇ ਹਲਕੀਆਂ ਸੱਟਾਂ ਲੱਗੀਆਂ ਹਨ ਤੇ ਉਹ ਬਿਲਕੁੱਲ ਖ਼ਤਰੇ ਤੋਂ ਬਾਹਰ ਹੈ। ਰੇਲਗੱਡੀ ਜਾਂ ਰੇਲਵੇ ਟਰੈਕ ਦਾ ਵੀ ਬਹੁਤਾ ਜ਼ਿਆਦਾ ਨੁਕਸਾਨ ਨਹੀਂ ਹੋਇਆ ਤੇ ਟਰੈਕ 'ਤੇ ਜਲਦੀ ਹੀ ਰੇਲਗੱਡੀਆਂ ਦੀ ਆਵਾਜਾਈ ਦੁਬਾਰਾ ਸ਼ੁਰੂ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਾਂਚ ਅਜੇ ਬਹੁਤ ਸ਼ੁਰੂਆਤੀ ਦੌਰ ਵਿਚ ਹੈ, ਇਸ ਲਈ ਇਸ ਧਮਾਕੇ ਬਾਰੇ ਫ਼ਿਲਹਾਲ ਕੁਝ ਜ਼ਿਆਦਾ ਨਹੀਂ ਕਿਹਾ ਜਾ ਸਕਦਾ।
ਡੀ. ਆਈ. ਜੀ. ਨੇ ਕਿਹਾ ਕਿ ਗਣਤੰਤਰ ਦਿਵਸ ਦੇ ਮੱਦੇਨਜ਼ਰ ਪੁਲਸ ਪਹਿਲਾਂ ਤੋਂ ਹੀ ਮੁਸਤੈਦ ਹੈ ਤੇ ਇਸ ਨੂੰ ਹੋਰ ਵਧਾਇਆ ਜਾਵੇਗਾ। ਇਲਾਕਿਆਂ ਵਿਚ ਨਾਕਾਬੰਦੀ ਵਧਾਈ ਜਾਵੇਗੀ ਅਤੇ ਹੋਰ ਸੂਚਨਾਵਾਂ ਦੇ ਅਧਾਰ 'ਤੇ ਅੱਗੇ ਦਾ ਕੰਮ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਸ ਧਮਾਕੇ ਨੂੰ ਕੋਈ ਅੱਤਵਾਦੀ ਹਮਲਾ ਕਹਿਣਾ ਬਹੁਤ ਜਲਦਬਾਜ਼ੀ ਹੋਵੇਗੀ, ਹਾਲਾਂਕਿ ਇਸ ਨੂੰ ਕ੍ਰਿਮੀਨਲ ਐਕਟਿਵਿਟੀ ਜ਼ਰੂਰ ਕਿਹਾ ਜਾ ਸਕਦਾ ਹੈ ਤੇ ਜੋ ਵੀ ਇਸ ਪਿੱਛੇ ਹੋਇਆ ਉਸ ਨੂੰ ਕਾਬੂ ਕਰ ਲਿਆ ਜਾਵੇਗਾ।
ਪੰਜਾਬ 'ਚ RDX ਧਮਾਕਾ ਚਿੰਤਾਜਨਕ, 'ਆਪ' ਸਰਕਾਰ ਪੂਰੀ ਤਰ੍ਹਾਂ ਫੇਲ੍ਹ : ਸੁਖਬੀਰ ਬਾਦਲ
NEXT STORY