ਲੁਧਿਆਣਾ(ਵਿਪਨ)-'ਡਿਜੀਟਲ ਇੰਡੀਆ' ਬਣਾਉਣ ਦਾ ਸੁਪਨਾ ਦੇਖ ਰਹੀ ਕੇਂਦਰ ਸਰਕਾਰ ਦੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਇਸ ਦਿਸ਼ਾ ਵਿਚ ਰੇਲ ਵਿਭਾਗ ਫਿਰ ਇਕ ਕਦਮ ਹੋਰ ਵਧਾਉਣ ਜਾ ਰਿਹਾ ਹੈ। ਰੇਲਵੇ ਦਾ ਪੂਰੀ ਤਰ੍ਹਾਂ ਡਿਜੀਟਲਾਈਜ਼ੇਸ਼ਨ ਕਰਨ ਲਈ ਰੇਲ ਪ੍ਰਸ਼ਾਸਨ ਵੱਲੋਂ ਹੁਣ ਟਰੇਨਾਂ ਦੀਆਂ ਟਿਕਟਾਂ ਨੂੰ ਵੀ ਆਧਾਰ ਕਾਰਡ ਨਾਲ ਜੋੜਨ ਦੀ ਯੋਜਨਾ ਬਣਾਈ ਜਾ ਰਹੀ ਹੈ। ਇਸ ਯੋਜਨਾ ਦੇ ਸਫਲ ਰਹਿਣ 'ਤੇ ਲੋਕ ਯਾਤਰਾ ਲਈ ਨਿਰਧਾਰਿਤ ਟਿਕਟ ਵਾਲੇ ਕੋਚ ਵਿਚ ਹੀ ਸਫਰ ਕਰ ਸਕਣਗੇ, ਜਿਸ ਨਾਲ ਡੱਬਿਆਂ 'ਚ ਮਾਰੋ-ਮਾਰੀ ਵਾਲੇ ਹਾਲਾਤ ਨਹੀਂ ਬਣਨਗੇ ਅਤੇ ਕਥਿਤ ਤੌਰ 'ਤੇ ਹੋਣ ਵਾਲੀ ਟਿਕਟ ਦਲਾਲੀ 'ਤੇ ਵੀ ਰੋਕ ਲੱਗੇਗੀ।
ਯੋਜਨਾ ਦਾ ਟ੍ਰਾਇਲ ਹੋ ਚੁੱਕਾ ਸ਼ੁਰੂ
'ਡਿਜੀਟਲ ਇੰਡੀਆ' ਦੇ ਨਿਰਮਾਣ ਲਈ ਰੇਲਵੇ ਵੀ ਸੂਚਨਾ ਟੈਕਨਾਲੋਜੀ ਦੀ ਮਦਦ ਨਾਲ ਆਪਣੇ ਆਪ ਨੂੰ ਪੂਰੀ ਤਰ੍ਹਾਂ ਆਧੁਨਿਕ ਬਣਾਉਣ ਦੀ ਦਿਸ਼ਾ 'ਚ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਇਸੇ ਕੜੀ ਤਹਿਤ ਹੁਣ ਰੇਲ ਪ੍ਰਸ਼ਾਸਨ ਟਰੇਨ ਦੇ ਕੋਚ ਦੇ ਬਾਹਰ ਟਰੇਨ ਦੇ ਸਟਾਫ ਲਈ ਲਾਈਆਂ ਜਾ ਰਹੀਆਂ ਬਾਇਓਮੀਟ੍ਰਿਕ ਮਸ਼ੀਨਾਂ ਨੂੰ ਹਰ ਡੱਬੇ ਦੇ ਬਾਹਰ ਯਾਤਰੀਆਂ ਲਈ ਲਾਉਣ ਜਾ ਰਿਹਾ ਹੈ। ਸੂਚਨਾ ਅਤੇ ਟੈਕਨਾਲੋਜੀ ਵਿਭਾਗ ਦੇ ਸਹਿਯੋਗ ਨਾਲ ਰੇਲਵੇ ਵੱਲੋਂ ਅਜਿਹਾ ਇਕ ਪ੍ਰਸਤਾਵ ਤਿਆਰ ਕੀਤਾ ਗਿਆ ਹੈ। ਸੂਤਰ ਦੱਸਦੇ ਹਨ ਕਿ ਇਸ ਯੋਜਨਾ ਨੂੰ ਟ੍ਰਾਇਲ ਵਜੋਂ ਇਕ-ਦੋ ਮੰਡਲਾਂ ਵਿਚ ਚੱਲ ਰਹੀਆਂ ਪ੍ਰੀਮੀਅਮ (ਵੀ. ਆਈ. ਪੀ.) ਟਰੇਨਾਂ ਵਿਚ ਸ਼ੁਰੂ ਕੀਤਾ ਜਾਵੇਗਾ। ਸਫਲ ਰਹਿਣ 'ਤੇ ਇਸ ਦਾ ਵਿਸਥਾਰ ਕੀਤਾ ਜਾਵੇਗਾ।
ਯਾਤਰੀਆਂ ਦੀ ਪ੍ਰੇਸ਼ਾਨੀ ਹੋਵੇਗੀ ਬਹੁਤ ਘੱਟ
ਰੋਜ਼ਾਨਾ ਖ਼ਬਰਾਂ ਮਿਲਦੀਆਂ ਰਹਿੰਦੀਆਂ ਹਨ ਕਿ ਸਟੇਸ਼ਨਾਂ 'ਤੇ ਟਿਕਟ ਦਲਾਲੀ ਕਰਨ ਵਾਲੇ ਲੋਕ ਹਾਵੀ ਰਹਿੰਦੇ ਹਨ। ਇਸ ਤੋਂ ਇਲਾਵਾ ਟਰੇਨ ਦੇ ਰਾਖਵੇਂ, ਏ. ਸੀ. ਡੱਬਿਆਂ ਵਿਚ ਕਈ ਵਾਰ ਯਾਤਰੀ ਸਾਧਾਰਨ ਸ਼੍ਰੇਣੀ ਦੀ ਟਿਕਟ ਲੈ ਕੇ ਚੜ੍ਹ ਜਾਂਦੇ ਹਨ ਪਰ ਇਸ ਯੋਜਨਾ ਨੂੰ ਪੂਰੀ ਤਰ੍ਹਾਂ ਸ਼ੁਰੂ ਕਰ ਦਿੱਤੇ ਜਾਣ ਤੋਂ ਬਾਅਦ ਯਾਤਰੀਆਂ ਦੀਆਂ ਅਜਿਹੀਆਂ ਸ਼ਿਕਾਇਤਾਂ ਵਿਚ ਕਮੀ ਆਵੇਗੀ। ਟਿਕਟ ਦਲਾਲੀ 'ਤੇ ਪੂਰੀ ਤਰ੍ਹਾਂ ਪਾਬੰਦੀ ਲਾਉਣ ਲਈ ਰੇਲਵੇ ਇਹ ਯੋਜਨਾ ਲਿਆ ਰਿਹਾ ਹੈ। ਟਿਕਟ ਰਾਖਵੀਂ ਕਰਵਾਉਣ ਵਾਲੇ ਯਾਤਰੀ ਦੇ ਸੈੱਲਫੋਨ 'ਤੇ 4 ਘੰਟੇ ਪਹਿਲਾਂ 1 ਸੁਨੇਹਾ ਆਵੇਗਾ, ਜਿਸ ਵਿਚ ਉਸ ਦੀ ਟਿਕਟ ਦਾ ਨੰਬਰ ਹੋਵੇਗਾ। ਜਦੋਂ ਟਰੇਨ ਸਟੇਸ਼ਨ 'ਤੇ ਪੁੱਜੇਗੀ ਤਾਂ ਯਾਤਰੀ ਦੇ ਆਪਣੇ ਨਿਰਧਾਰਿਤ ਕੋਚ ਦੇ ਬਾਹਰ ਲੱਗੀ ਆਧਾਰ ਨਾਲ ਲਿੰਕ ਕੀਤੀ ਹੋਈ ਬਾਇਓਮੀਟ੍ਰਿਕ ਮਸ਼ੀਨ ਵਿਚ ਅੰਗੂਠਾ ਜਾਂ ਫਿਰ ਉਂਗਲੀ ਲਾਉਣ ਤੋਂ ਬਾਅਦ ਮਸ਼ੀਨ ਵਲੋਂ ਉਸ ਨੂੰ ਮਨਜ਼ੂਰ ਕਰਨ 'ਤੇ ਮਸ਼ੀਨ ਦੀ ਸਕਰੀਨ 'ਤੇ ਯਾਤਰੀ ਦੇ ਮੋਬਾਇਲ 'ਤੇ 4 ਘੰਟੇ ਪਹਿਲਾਂ ਆਇਆ ਨੰਬਰ ਡਿਸਪਲੇਅ ਹੋ ਜਾਵੇਗਾ ਅਤੇ ਯਾਤਰੀ ਦੇ ਦਾਖਲੇ ਲਈ ਡੱਬੇ ਦਾ ਦਰਵਾਜ਼ਾ ਖੁੱਲ੍ਹ ਜਾਵੇਗਾ।
ਜਿੰਨੀਆਂ ਸੀਟਾਂ, ਓਨੇ ਯਾਤਰੀ
ਸੂਤਰ ਦੱਸਦੇ ਹਨ ਕਿ ਇਸ ਯੋਜਨਾ ਦੇ ਰਾਖਵੇਂ ਡੱਬਿਆਂ 'ਚ ਸਫਲ ਰਹਿਣ ਤੋਂ ਬਾਅਦ ਯਾਤਰੀਆਂ ਲਈ ਸਹੂਲਤਾਂ ਵਿਚ ਕਾਫੀ ਵਾਧਾ ਹੋਵੇਗਾ। ਅਜੇ ਸਾਧਾਰਨ ਸ਼੍ਰੇਣੀ ਦੀ ਟਿਕਟ ਖਿੜਕੀ 'ਤੇ ਟਰੇਨ ਦੇ ਆਉਣ ਤੋਂ ਪਹਿਲਾਂ ਦੇ ਸਮੇਂ ਮੁਤਾਬਕ ਟਿਕਟਾਂ ਮਿਲਦੀਆਂ ਰਹਿੰਦੀਆਂ ਹਨ, ਜਿਸ ਨਾਲ ਸਾਧਾਰਨ ਸ਼੍ਰੇਣੀ ਦੇ ਡੱਬਿਆਂ ਵਿਚ ਭਾਰੀ ਭੀੜ ਹੋ ਜਾਂਦੀ ਹੈ ਅਤੇ ਕਈ ਵਾਰ ਯਾਤਰੀਆਂ ਦਾ ਬੈਠਣਾ ਤਾਂ ਕੀ ਡੱਬੇ 'ਚ ਖੜ੍ਹਾ ਹੋਣਾ ਮੁਸ਼ਕਲ ਹੋ ਜਾਂਦਾ ਹੈ। ਇਸ ਯੋਜਨਾ ਦੇ ਸਾਧਾਰਨ ਸ਼੍ਰੇਣੀ ਦੇ ਡੱਬਿਆਂ 'ਤੇ ਲਾਗੂ ਹੋਣ ਤੋਂ ਬਾਅਦ ਟਰੇਨ ਦੇ ਡੱਬੇ 'ਚ ਜਿੰਨੀਆਂ ਸੀਟਾਂ ਹਨ, ਓਨੀਆਂ ਹੀ ਟਿਕਟਾਂ ਵੇਚਣ ਦੀ ਯੋਜਨਾ ਵੀ ਹੈ, ਜਿਸ ਨਾਲ ਸਾਧਾਰਨ ਡੱਬਿਆਂ 'ਚ ਚੜ੍ਹਨ ਵਾਲੇ ਯਾਤਰੀਆਂ ਦੀ ਆਪਸ ਵਿਚ ਧੱਕਾ-ਮੁੱਕੀ, ਮਾਰ-ਧਾੜ ਨਹੀਂ ਹੋਵੇਗੀ ਤੇ ਯਾਤਰੀ ਆਰਾਮ ਨਾਲ ਡੱਬੇ ਵਿਚ ਸਵਾਰ ਹੋ ਕੇ ਆਪਣੀ ਸੀਟ 'ਤੇ ਬੈਠ ਸਕਣਗੇ।
ਜੀ. ਐੱਮ. ਆਉਣਗੇ 22 ਨੂੰ, ਅਧਿਕਾਰੀਆਂ 'ਚ ਮਚਿਆ ਹੜਕੰਪ, ਤਿਆਰੀਆਂ 'ਚ ਲੱਗੇ
NEXT STORY