ਬਠਿੰਡਾ, (ਬਲਵਿੰਦਰ)- ਇਸ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬ ਅੰਦਰ ਕਿਧਰੇ ਵੀ ਪੂਰਨ ਗੁਣਵੱਤਾ ਵਾਲਾ ਪੀਣ ਯੋਗ ਪਾਣੀ ਸਪਲਾਈ ਹੋ ਰਿਹਾ ਹੈ ਪਰ ਬਠਿੰਡਾ ’ਚ ਤਾਂ ਸਭ ਤੋਂ ਮਾੜਾ ਹਾਲ ਮੰਨਿਆ ਜਾ ਰਿਹਾ ਹੈ ਕਿਉਂਕਿ ਇਥੇ ਮਨੁੱਖੀ ਤੇ ਜਾਨਵਰਾਂ ਦੀਆਂ ਲਾਸ਼ਾਂ ਘੁਲਿਆ ਪਾਣੀ ਹੀ ਸਪਲਾਈ ਕੀਤਾ ਜਾ ਰਿਹਾ ਹੈ। ਜਦਕਿ ਜਲਘਰਾਂ ਵਿਚ ਸਫਾਈ ਦਾ ਨਾਮੋ-ਨਿਸ਼ਾਨ ਤਕ ਨਹੀਂ ਹੈ।
ਸ਼ਹਿਰ ਨੂੰ ਪਾਣੀ ਦੀ ਸਪਲਾਈ
ਸੰਨ 1955 ’ਚ ਜਦੋਂ ਬਠਿੰਡਾ ’ਚ ਜਲ ਘਰ ਬਣੇ ਤਾਂ ਪਹਿਲਾਂ-ਪਹਿਲਾਂ ਧਰਤੀ ਹੇਠਲਾ ਪਾਣੀ ਹੀ ਦਿੰਦੇ ਸਨ। ਜਦਕਿ ਕੁਝ ਸਾਲਾਂ ਬਾਅਦ ਸਤਲੁਜ ਦਰਿਆ ਦੀ ਬਠਿੰਡਾ ਬ੍ਰਾਂਚ ਨਹਿਰ ਦਾ ਪਾਣੀ ਜਲ ਘਰਾਂ ਨੂੰ ਸਪਲਾਈ ਹੋਣ ਲੱਗਾ।
ਮੌਜੂਦਾ ਪੁਜ਼ੀਸ਼ਨ ਇਹ ਹੈ ਕਿ ਨਗਰ ਨਿਗਮ ਬਠਿੰਡਾ ਨੇ ਪਾਣੀ ਸਪਲਾਈ ਦਾ ਠੇਕਾ ਪ੍ਰਾਈਵੇਟ ਕੰਪਨੀ ਤ੍ਰਿਵੈਣੀ ਨੂੰ ਦੇ ਦਿੱਤਾ ਹੈ। ਇਸਦੇ ਬਾਵਜੂਦ ਜਲਘਰਾਂ ਦੀ ਸਾਂਭ-ਸੰਭਾਲ ਦਾ ਰੱਬ ਹੀ ਰਾਖਾ ਹੈ। ਸ਼ਹਿਰ ਨੂੰ ਰੋਜ਼ਾਨਾ 45 ਤੋਂ 50 ਐੱਮ. ਐੱਲ. ਟੀ. ਪਾਣੀ ਸਪਲਾਈ ਹੋ ਰਿਹਾ ਹੈ। ਸ਼ਹਿਰ ’ਚ ਸਥਾਪਤ ਮੁੱਖ ਜਲ ਘਰਾਂ ਜੌਗਰ ਪਾਰਕ, ਭਾਗੂ ਰੋਡ, ਗ੍ਰੋਥ ਸੈਂਟਰ, ਆਈ. ਟੀ. ਆਈ. ਸੈਂਟਰ ਦੀ ਭੰਡਾਰਨ ਸਮਰਥਾ ਐਨੀ ਹੈ ਕਿ ਇਕ ਵਾਰ ਨਹਿਰ ਤੋਂ ਆਏ ਪਾਣੀ ਨਾਲ ਇਨ੍ਹਾਂ ਨੂੰ ਭਰ ਕੇ ਨਹਿਰਬੰਦੀ ਹੋਣ ਦੀ ਸੂਰਤ ਵਿਚ ਕਰੀਬ 20 ਦਿਨਾਂ ਤੱਕ ਸ਼ਹਿਰ ਨੂੰ ਪਾਣੀ ਦੀ ਸਪਲਾਈ ਦੇ ਸਕਦੇ ਹਨ।
ਲਾਸ਼ਾਂ ਘੁਲਿਆ ਪਾਣੀ
ਜ਼ਿਕਰਯੋਗ ਹੈ ਕਿ ਬਠਿੰਡਾ ਬ੍ਰਾਂਚ ਵਿਚ ਅਕਸਰ ਲਾਸ਼ਾਂ ਮਿਲਦੀਆਂ ਰਹਿੰਦੀਅਾਂ ਹਨ, ਜਿਨ੍ਹਾਂ ਨੂੰ ਬਠਿੰਡਾ ਦੀਆਂ ਸਮਾਜ ਸੇਵੀ ਸੰਸਥਾਵਾਂ ਕੱਢ ਲੈਂਦੀਆਂ ਹਨ। ਇਹੀ ਕਾਰਨ ਹੈ ਕਿ ਲੁਧਿਆਣਾ ਖੇਤਰ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ’ਚ ਇਹ ਲਾਸ਼ਾਂ ਨਹੀਂ ਕੱਢੀਆਂ ਜਾਂਦੀਆਂ ਹਨ, ਇਸ ਲਈ ਇਹ ਬਠਿੰਡਾ ਤੱਕ ਪਹੁੰਚ ਜਾਂਦੀਆਂ ਹਨ। ਇਹ ਲਾਸ਼ਾਂ ਗਲੀ-ਸੜੀ ਹਾਲਤ ਵਿਚ ਹੁੰਦੀਆਂ ਹਨ। ਇਕ ਅੰਦਾਜ਼ੇ ਮੁਤਾਬਕ ਹਰੇਕ ਮਹੀਨੇ ਬਠਿੰਡਾ ’ਚ 4 ਤੋਂ 5 ਮਨੁੱਖੀ ਲਾਸ਼ਾਂ ਮਾੜੀ ਹਾਲਤ ਵਿਚ ਮਿਲਦੀਆਂ ਹਨ। ਸੁਭਾਵਿਕ ਹੈ ਕਿ ਕਈ-ਕਈ ਦਿਨ ਪਾਣੀ ’ਚ ਘੁਲਦੀਆਂ ਰਹਿੰਦੀਆਂ ਹਨ। ਇਸ ਤੋਂ ਇਲਾਵਾ ਜਿਥੇ-ਜਿਥੇ ਨਹਿਰ ਕੱਚੀ ਹੈ, ਉਥੇ ਪਸ਼ੂ, ਆਮ ਲੋਕ ਨਹਾਉਂਦੇ ਵੀ ਹਨ, ਜਦਕਿ ਵਾਹਨਾਂ ਦੀ ਧੋਅ-ਧੁਆਈ ਵੀ ਚਲਦੀ ਹੈ, ਜਦਕਿ ਜੰਗਲ-ਪਾਣੀ ਕਰਨਾ ਵੀ ਕਿਸੇ ਤੋਂ ਛੁਪਿਆ ਨਹੀਂ ਹੈ। ਇਸ ਤਰ੍ਹਾਂ ਇਹੀ ਗੰਦਾ ਪਾਣੀ ਅੱਗੇ ਬਠਿੰਡਾ ਸ਼ਹਿਰ ਦੇ ਜਲਘਰਾਂ ਨੂੰ ਸਪਲਾਈ ਹੁੰਦਾ ਹੈ। ਜੋ ਅੱਗੇ ਸਾਡੇ ਘਰਾਂ ਤੱਕ ਪਹੁੰਚਦਾ ਹੈ ਤੇ ਅਸੀਂ ਉਹੀ ਗੰਦਾ ਪਾਣੀ ਪੀਅ ਜਾਂਦੇ ਹਾਂ।
ਸਟੋਰੇਜ ਟੈਂਕੀਆਂ ਦੀ ਗੰਦਗੀ ਵੀ ਅਣਦੇਖੀ ਨਹੀਂ
ਸ਼ਹਿਰ ਦੇ ਜਲ ਘਰਾਂ ਦੇ ਦਰਜਨ ਭਰ ਭੰਡਾਰ ਟੈਂਕਾਂ, ਪਾਣੀ ਪਹੁੰਚਾਉਣ ਵਾਲੇ ਖਾਲਿਆਂ ’ਚ ਫੈਲੀ ਗੰਦਗੀ ਨੂੰ ਵੀ ਅਣਦੇਖਾ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਟੈਂਕਾਂ ’ਚ ਕੁੱਤਿਆਂ ਜਾਂ ਹੋਰ ਜਾਨਵਰਾਂ ਦਾ ਡਿੱਗ ਕੇ ਮਰ ਜਾਣਾ ਤੇ ਫਿਰ ਉਨ੍ਹਾਂ ਦੀਆਂ ਲਾਸ਼ਾਂ ਵੀ ਨਾ ਕੱਢੇ ਜਾਣਾ, ਪਸ਼ੂਆਂ ਦੀ ਚਰਾਂਦ ਬਣੇ ਜਲ ਘਰਾਂ ਦੇ ਇਨ੍ਹਾਂ ਟੈਂਕਾਂ ’ਚ ਪਸ਼ੂਆਂ ਦਾ ਮਲ-ਮੂਤਰ ਪੈਣਾ, ਬੱਚਿਆਂ ਲਈ ਸਵੀਮਿੰਗ ਪੂਲ ਬਣੇ ਟੈਂਕਾਂ ਦੇ ਆਸ-ਪਾਸ ਉੱਗੇ ਜੰਗਲਾਂ ਤੋਂ ਸਪੱਸ਼ਟ ਹੈ ਕਿ ਇਥੇ ਸਫਾਈ ਕਰਨ ਦੇ ਬਿੱਲ ਜ਼ਰੂਰ ਭਰੇ ਜਾਂਦੇ ਹਨ ਪਰ ਸਫਾਈ ਨਹੀਂ ਕੀਤੀ ਜਾਂਦੀ। ਹੋਰ ਤਾਂ ਹੋਰ ਟੈਂਕਾਂ ’ਚ ਪਏ ਜਾਨਵਰਾਂ ਦੇ ਹੱਡ ਇਸਦਾ ਸਾਬਤ-ਸਬੂਤ ਹਨ। ਨਹਿਰਾਂ ’ਚੋਂ ਲਾਸ਼ਾਂ ਘੁਲਿਆ ਪਾਣੀ ਇਨ੍ਹਾਂ ਟੈਂਕਾਂ ’ਚ ਪਹੁੰਚਦਾ ਹੈ, ਜਿਥੇ ਪਾਣੀ ਸਾਫ ਕਰਨ ਦੀ ਬਜਾਏ ਹੋਰ ਗੰਦਾ ਹੋ ਜਾਂਦਾ ਹੈ। ਜਿਸਨੂੰ ਕਲੋਰੀਨ ਪਾ ਕੇ ਆਮ ਲੋਕਾਂ ਤੱਕ ਪਹੁੰਚਾ ਦਿੱਤਾ ਜਾਂਦਾ ਹੈ।
ਛਾਪੇਮਾਰੀ ਦੌਰਾਨ ਲਾਹਣ ਤੇ ਅਲਕੋਹਲ ਬਰਾਮਦ
NEXT STORY