ਨਵਾਂਸ਼ਹਿਰ, (ਤ੍ਰਿਪਾਠੀ)- ਨਗਰ ਕੌਂਸਲ ਨਵਾਂਸ਼ਹਿਰ ਦੀ ਮੀਟਿੰਗ 'ਚ ਅੱਜ ਅਕਾਲੀ ਦਲ ਦੇ ਕੌਂਸਲਰਾਂ ਨੇ ਸ਼ਹਿਰ 'ਚ ਬਣ ਰਹੀਆਂ ਨਾਜਾਇਜ਼ ਬਿਲਡਿੰਗਾਂ ਦੇ ਮੁੱਦੇ 'ਤੇ ਹੰਗਾਮਾ ਕੀਤਾ। ਇਸ ਮੌਕੇ ਕੌਂਸਲਰ ਪਰਮ ਸਿੰਘ ਖਾਲਸਾ, ਜਸਵਿੰਦਰ ਜੱਸੀ ਤੇ ਬੀਬੀ ਜਿੰਦਰਜੀਤ ਕੌਰ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਕ ਵੀਡੀਓ, ਜਿਸ ਵਿਚ ਕਾਂਗਰਸ ਪਾਰਟੀ ਦਾ ਝੰਡਾ ਲਾ ਕੇ ਨਾਜਾਇਜ਼ ਨਿਰਮਾਣ ਕੀਤਾ ਜਾ ਰਿਹਾ ਹੈ, ਦੇ ਮੁੱਦੇ 'ਤੇ ਕਾਂਗਰਸ ਦੀ ਬਹੁਮਤ ਵਾਲੀ ਕਮੇਟੀ ਨੂੰ ਘੇਰਦੇ ਹੋਏ ਕਿਹਾ ਕਿ ਕੌਂਸਲ ਦੇ ਈ.ਓ. ਨੂੰ ਸ਼ਿਕਾਇਤ ਦੇਣ ਦੇ ਬਾਵਜੂਦ ਨਾਜਾਇਜ਼ ਉਸਾਰੀ ਦੇ ਕੰਮ ਨੂੰ ਰੁਕਵਾਇਆ ਨਹੀਂ ਗਿਆ, ਸਗੋਂ ਸਿਰਫ ਬਿਲਡਿੰਗ ਦੇ ਬਾਹਰ ਲੱਗੇ ਕਾਂਗਰਸ ਦੇ ਝੰਡੇ ਨੂੰ ਹਟਾ ਦਿੱਤਾ ਗਿਆ। ਉਨ੍ਹਾਂ ਕੌਂਸਲ ਪ੍ਰਧਾਨ ਤੇ ਈ.ਓ. ਵੱਲੋਂ ਨਾਜਾਇਜ਼ ਨਿਰਮਾਣ ਕਰਨ ਵਾਲੀ ਬਿਲਡਿੰਗ ਦੇ ਮਾਲਕਾਂ ਨੂੰ ਧਾਰਾ 195 ਤਹਿਤ ਜਾਰੀ ਨੋਟਿਸ ਨੂੰ ਸਿਰਫ ਇਕ ਕਾਰਵਾਈ ਕਰਾਰ ਦਿੰਦੇ ਹੋਏ ਕਿਹਾ ਕਿ ਇਸ ਧਾਰਾ 'ਚ ਦਿੱਤੀਆਂ ਸ਼ਕਤੀਆਂ ਦੀ ਪੂਰੀ ਵਰਤੋਂ ਜਾਣਬੁੱਝ ਕੇ ਨਹੀਂ ਕੀਤੀ ਜਾ ਰਹੀ, ਜਿਸ ਨਾਲ ਸ਼ਹਿਰ 'ਚ ਧੜਾਧੜ ਬਣ ਰਹੀਆਂ ਨਾਜਾਇਜ਼ ਬਿਲਡਿੰਗਾਂ ਕਾਰਨ ਸਰਕਾਰ ਦੇ ਖਜ਼ਾਨੇ ਨੂੰ ਭਾਰੀ ਚੂਨਾ ਲੱਗ ਰਿਹਾ ਹੈ।
ਉਨ੍ਹਾਂ ਦੇ ਧਿਆਨ 'ਚ ਲਿਆਉਂਦੀਆਂ ਜਾਣ ਸਮੱਸਿਆਵਾਂ : ਵਿਧਾਇਕ ਅੰਗਦ
ਵਿਧਾਇਕ ਅੰਗਦ ਸਿੰਘ ਨੇ ਕਿਹਾ ਕਿ ਸ਼ਹਿਰ ਦੀਆਂ ਸਮੱਸਿਆਵਾਂ ਦਾ ਹੱਲ ਪਾਰਟੀ ਪੱਧਰ ਤੋਂ ਉਪਰ ਉੱਠ ਕੇ ਕੀਤੇ ਜਾਣ ਦੀ ਲੋੜ ਹੈ, ਜੇਕਰ ਕੌਂਸਲ ਪ੍ਰਸ਼ਾਸਨ ਤੇ ਪ੍ਰਧਾਨ ਕਿਸੇ ਸਮੱਸਿਆ ਨਾਲ ਨਿੱਬੜਣ 'ਚ ਅਸਮਰੱਥ ਹਨ ਤਾਂ ਇਸ ਦੀ ਜਾਣਕਾਰੀ ਉਨ੍ਹਾਂ ਦੇ ਧਿਆਨ 'ਚ ਲਿਆਂਦੀ ਜਾਵੇ।
ਕੌਂਸਲਰ ਨਾਜਾਇਜ਼ ਨਿਰਮਾਣ ਦੀ ਸਿਫਾਰਿਸ਼ ਨਾ ਕਰਨ ਦੀ ਸਹੁੰ ਚੁੱਕਣ : ਪ੍ਰਧਾਨ
ਕੌਂਸਲ ਪ੍ਰਧਾਨ ਨੇ ਕਿਹਾ ਕਿ ਨਾਜਾਇਜ਼ ਨਿਰਮਾਣ ਦਾ ਕੰਮ ਕਰਨ ਵਾਲੇ ਮਾਲਕਾਂ ਨੂੰ ਕਾਨੂੰਨ ਤਹਿਤ ਨੋਟਿਸ ਜਾਰੀ ਕੀਤੇ ਗਏ ਹਨ। ਉਨ੍ਹਾਂ ਨਾਜਾਇਜ਼ ਬਿਲਡਿੰਗਾਂ ਦੀ ਉਸਾਰੀ ਸਬੰਧੀ ਸ਼ੁਰੂ 'ਚ ਜਾਣਕਾਰੀ ਮਿਲਣ 'ਤੇ ਤੁਰੰਤ ਨਾਜਾਇਜ਼ ਉਸਾਰੀ ਦਾ ਕੰਮ ਰੁਕਵਾਉਣ ਦੀ ਕੌਂਸਲਰ ਪਰਮ ਸਿੰਘ ਖਾਲਸਾ ਦੀ ਦਲੀਲ 'ਤੇ ਕਿਹਾ ਕਿ ਇਸ ਸਬੰਧੀ ਸਾਰੇ ਕੌਂਸਲਰਾਂ ਨੂੰ ਇਹ ਸਹੁੰ ਚੁੱਕਣੀ ਚਾਹੀਦੀ ਹੈ ਕਿ ਕੋਈ ਵੀ ਕੌਂਸਲਰ ਕਿਸੇ ਵੀ ਨਾਜਾਇਜ਼ ਨਿਰਮਾਣ ਦੀ ਸਿਫਾਰਿਸ਼ ਨਹੀਂ ਕਰੇਗਾ। ਇਸ ਮੌਕੇ ਕਾਂਗਰਸੀ ਕੌਂਸਲਰ ਦੁਆਰਾ ਸਟਰੀਟ ਲਾਈਟਾਂ ਦੇ ਸ਼ਿਕਾਇਤ ਦਫ਼ਤਰ ਨੂੰ ਕੌਂਸਲ ਦੇ ਦਫਤਰ ਤੋਂ ਹੋਰ ਥਾਂ 'ਤੇ ਸ਼ਿਫਟ ਕਰ ਦੇਣ ਨਾਲ ਸ਼ਿਕਾਇਤਾਂ 'ਚ ਹੋਏ ਵਾਧੇ ਦੀ ਸਮੱਸਿਆ ਚੁੱਕੇ ਜਾਣ 'ਤੇ ਉਨ੍ਹਾਂਕਿਹਾ ਕਿ ਉਕਤ ਸ਼ਿਕਾਇਤ ਦਫ਼ਤਰ ਨੂੰ ਮੁੜ ਕੌਂਸਲ 'ਚ ਸ਼ਿਫਟ ਕਰਵਾਇਆ ਜਾਵੇਗਾ।
ਨਾਜਾਇਜ਼ ਬਿਲਡਿੰਗਾਂ ਦਾ ਨਿਰਮਾਣ ਕਰਨ ਵਾਲੇ 39 ਮਾਲਕਾਂ ਨੂੰ ਨੋਟਿਸ
ਕੌਂਸਲ ਦੇ ਈ.ਓ. ਨੇ ਅਕਾਲੀ ਕੌਂਸਲਰਾਂ ਵੱਲੋਂ ਨਾਜਾਇਜ਼ ਬਿਲਡਿੰਗਾਂ ਦੇ ਨਿਰਮਾਣ ਦੇ ਕੰਮਾਂ ਨੂੰ ਰਾਜਨੀਤਕ ਸ਼ਹਿ 'ਤੇ ਢਿੱਲ ਦਿੱਤੇ ਜਾਣ ਦੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਪੁਰਾਣੇ ਮਾਮਲਿਆਂ 'ਚ 39 ਲੋਕਾਂ ਨੂੰ ਧਾਰਾ 195 ਤਹਿਤ ਨੋਟਿਸ ਜਾਰੀ ਕੀਤੇ ਗਏ ਹਨ, ਜਿਨ੍ਹਾਂ ਨੂੰ ਅਦਾਲਤ ਤੋਂ 1-1 ਹਜ਼ਾਰ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ । ਉਨ੍ਹਾਂ ਕਿਹਾ ਕਿ ਅਗਲੀ ਕਾਰਵਾਈ ਤਹਿਤ ਐਕਸੀਅਨ ਨੂੰ ਨਾਜਾਇਜ਼ ਤੌਰ 'ਤੇ ਬਣਾਈਆਂ ਗਈਆਂ ਬਿਲਡਿੰਗਾਂ ਦੇ ਕੁਨੈਕਸ਼ਨ ਕੱਟਣ ਦਾ ਪੱਤਰ ਜਾਰੀ ਕਰਨ ਦੇ ਇਲਾਵਾ ਪੁਲਸ ਵਿਭਾਗ ਨੂੰ ਵੀ 10 ਲੋਕਾਂ ਖਿਲਾਫ਼ ਐੱਫ.ਆਰ.ਆਈ. ਦਰਜ ਕਰਨ ਲਈ ਲਿਖਿਆ ਜਾ ਰਿਹਾ ਹੈ।
ਕਾਂਗਰਸੀਆਂ ਦੇ ਸਮਾਗਮ 'ਚ ਕਾਂਗਰਸੀਆਂ ਨੂੰ ਹੀ ਕੀਤਾ ਗਿਆ ਅਣਗੌਲਿਆ
NEXT STORY