ਸੁਲਤਾਨਪੁਰ ਲੋਧੀ (ਸੋਢੀ)— ਗੁ. ਸ੍ਰੀ ਬੇਰ ਸਾਹਿਬ ਸਾਹਮਣੇ ਸਿੰਘ ਸਾਹਿਬ 96 ਕਰੋੜੀ ਨਵਾਬ ਕਪੂਰ ਸਿੰਘ ਜਥੇ. ਬੁੱਢਾ ਦਲ 5ਵਾਂ ਤਖਤ ਚੱਕਰਵਰਤੀ ਦੇ ਬਣਾਏ ਹੋਏ ਗੁਰਦੁਆਰਾ ਯਾਦਗਰ ਅਕਾਲ ਬੁੰਗਾ ਵਿਖੇ ਬਣੇ ਡੇਰੇ 'ਚ ਰੇਡ ਮਾਰਨ ਗਈ ਸੁਲਤਾਨਪੁਰ ਲੋਧੀ ਦੀ ਭਾਰੀ ਗਿਣਤੀ 'ਚ ਪੁਲਸ ਫੋਰਸ ਨਾਲ ਮੌਕੇ 'ਤੇ ਮੌਜੂਦ ਨਿਹੰਗ ਸਿੰਘਾਂ ਦੀ ਹੋਈ ਹੱਥੋਪਾਈ ਅਤੇ ਖੂਨੀ ਝੜਪ ਹੋ ਗਈ। ਜਿਸ ਦੌਰਾਨ ਪੁਲਸ ਦੇ ਏ. ਐੱਸ. ਆਈ. ਕੁਲਦੀਪ ਸਿੰਘ (ਥਾਣਾ ਫੱਤੂਢੀਂਗਾ) ਦੇ ਗੰਭੀਰ ਰੂਪ 'ਚ ਜ਼ਖਮੀ ਹੋਣ ਸਮੇਤ ਇਕ ਹੋਰ ਏ. ਐੱਸ. ਆਈ. ਦੇ ਵੀ ਸੱਟਾਂ ਲੱਗਣ ਅਤੇ 4 ਨਿਹੰਗ ਸਿੰਘਾਂ ਦੇ ਜ਼ਖਮੀ ਹੋਣ ਦੀ ਖਬਰ ਹੈ।
ਇਸ ਸਬੰਧੀ ਬਾਬਾ ਬੁੱਢਾ ਦਲ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਮਾਨ ਸਿੰਘ ਦੇ ਸਾਥੀ ਹੈੱਡ ਗ੍ਰੰਥੀ ਗਿਆਨੀ ਸ਼ਮਸ਼ੇਰ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਸੁਲਤਾਨਪੁਰ ਲੋਧੀ ਪੁਲਸ ਤੇ ਹੋਰ ਆਗੂਆਂ ਖਿਲਾਫ ਉਨ੍ਹਾਂ ਦੇ ਵਿਰੋਧੀ ਦੂਜੀ ਧਿਰ ਨੂੰ ਕਬਜ਼ਾ ਦਿਵਾਉਣ ਲਈ ਹਮਲਾ ਕਰਨ ਦੇ ਦੋਸ਼ ਲਗਾਏ ਹਨ ਤੇ ਦੂਜੇ ਪਾਸੇ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੇ ਡੀ. ਐੱਸ. ਪੀ. ਸਰਵਨ ਸਿੰਘ ਬੱਲ ਨੇ ਆਪਣੀ ਪ੍ਰੈੱਸ ਵਾਰਤਾ 'ਚ ਨਿਹੰਗ ਸਿੰਘਾਂ 'ਤੇ ਸਰਚ ਕਰਨ ਗਈ ਪੁਲਸ ਪਾਰਟੀ ਤੇ ਹਮਲਾ ਕਰਨ ਤੇ ਨਾਜਾਇਜ਼ ਹਥਿਆਰ ਫੜਨ ਆਦਿ ਦੇ ਗੰਭੀਰ ਦੋਸ਼ ਲਗਾਏ।
ਪੁਲਸ ਨੇ ਥਾਣਾ ਸੁਲਤਾਨਪੁਰ ਲੋਧੀ ਵਿਖੇ ਏ. ਐੱਸ. ਆਈ. ਕੁਲਦੀਪ ਸਿੰਘ ਦੇ ਬਿਆਨਾਂ 'ਤੇ 22 ਨਿਹੰਗ ਸਿੰਘਾਂ ਤੇ ਹੋਰ ਵਿਅਕਤੀਆਂ ਖਿਲਾਫ ਧਾਰਾ 307, 353, 186, 323, 324, 188, 148, 149 ਭਾਰਤੀ ਦੰਡਾਵਲੀ ਅਤੇ ਧਾਰਾ 25, 54, 59 ਆਰਮਜ਼ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਹੈ। ਪੁਲਸ ਨੇ ਇਸ ਸਬੰਧ 'ਚ ਪਹਿਲਾਂ ਕੁਝ ਨਿਹੰਗ ਸਿੰਘਾਂ ਨੂੰ ਹਿਰਾਸਤ 'ਚ ਲਿਆ ਸੀ ਪਰ ਬਾਅਦ ਵਿਚ ਛੱਡ ਦਿੱਤਾ ਗਿਆ।
ਨਿਹੰਗ ਸਿੰਘਾਂ ਨੇ ਪੁਲਸ 'ਤੇ ਕੁੱਟਮਾਰ ਕਰਨ ਦੇ ਲਾਏ ਦੋਸ਼
ਬਾਬਾ ਬੁੱਢਾ ਦਲ ਦੇ ਹੈੱਡ ਗ੍ਰੰਥੀ ਤੇ ਘੋੜਿਆਂ ਦੇ ਜਥੇਦਾਰ ਗਿਆਨੀ ਸ਼ਮਸ਼ੇਰ ਸਿੰਘ ਅਤੇ ਭਾਈ ਬਲਜਿੰਦਰ ਸਿੰਘ ਲੱਸਾ ਨਿਸ਼ਾਨਚੀ ਬੁੱਢਾ ਦਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਉਨ੍ਹਾਂ ਦੀ ਵਿਰੋਧੀ ਧਿਰ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਸਾਹਮਣੇ ਵਾਲੇ ਨਿਹੰਗ ਸਿੰਘ ਬਾਬਾ ਲਾਲ ਸਿੰਘ ਦੇ ਡੇਰੇ 'ਤੇ ਉਸ ਵੇਲੇ ਹਮਲਾ ਕੀਤਾ, ਜਦ ਸਾਰੇ ਨਿਹੰਗ ਸਿੰਘ ਹੋਲਾ ਮਹੱਲਾ ਮਨਾਉਣ ਲਈ ਸ੍ਰੀ ਅਨੰਦਪੁਰ ਸਾਹਿਬ ਗਏ ਹੋਏ ਸਨ। ਉਨ੍ਹਾਂ ਦੋਸ਼ ਲਾਇਆ ਕਿ ਡੇਰੇ 'ਚ ਥੋੜ੍ਹੇ ਜਿਹੇ ਨਿਹੰਗ ਸਿੰਘ ਸਨ ਜਿਨ੍ਹਾਂ ਦੀ 50-60 ਪੁਲਸ ਕਰਮਚਾਰੀਆਂ ਨੇ ਕੁੱਟਮਾਰ ਕੀਤੀ, ਜਿਸ ਨਾਲ ਚਾਰ ਨਿਹੰਗ ਸਿੰਘ ਗੰਭੀਰ ਜ਼ਖਮੀ ਹੋ ਗਏ।
ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਸਿਵਲ ਹਸਪਤਾਲ ਦੇ ਡਾਕਟਰ ਵੀ ਉਨ੍ਹਾਂ ਦੀ ਬਣਦੀ ਡਾਕਟਰੀ ਰਿਪੋਰਟ ਨਹੀਂ ਬਣਾ ਰਹੇ। ਉਨ੍ਹਾਂ ਕਿਹਾ ਕਿ ਪੁਲਸ ਨੇ ਗੁਰਦੁਆਰਾ ਯਾਦਗਾਰ ਅਕਾਲ ਬੁੰਗਾ ਦੇ ਦਰਬਾਰ ਅੰਦਰ ਵੜ ਕੇ ਤਲਾਸ਼ੀ ਲਈ ਅਤੇ ਡੇਰੇ ਦੇ ਕਮਰਿਆਂ 'ਚੋਂ ਉਨ੍ਹਾਂ ਦੇ ਲਾਇਸੈਂਸੀ ਹਥਿਆਰ, ਨਕਦੀ, ਸਾਰੇ ਜ਼ਰੂਰੀ ਕਾਗਜ਼ਾਤ, ਧਾਰਮਕ ਸ਼ਸਤਰ, ਬਰਤਨ, ਲੰਗਰ ਦੀਆਂ ਰਸਦਾਂ ਤੇ ਸੀ. ਸੀ. ਟੀ. ਵੀ. ਕੈਮਰਿਆਂ ਦਾ ਰਿਕਾਰਡ ਵੀ ਆਦਿ ਹੋਰ ਸਾਮਾਨ ਜਬਰਨ ਚੁੱਕ ਕੇ ਲੈ ਗਏ। ਗਿਆਨੀ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਜਲਦੀ ਹੀ ਬਾਬਾ ਮਾਨ ਸਿੰਘ ਦੀ ਅਗਵਾਈ 'ਚ ਭਾਰੀ ਗਿਣਤੀ 'ਚ ਨਿਹੰਗ ਸਿੰਘ ਫੌਜ ਵੱਲੋਂ ਪੁਲਸ ਦੀ ਵਧੀਕੀ ਖਿਲਾਫ ਮੋਰਚਾ ਖੋਲ੍ਹਿਆ ਜਾਵੇਗਾ।
ਇਸ ਸਬੰਧੀ ਜਦੋਂ ਬਾਬਾ ਲਾਲ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹੀਂ ਹੋ ਸਕਿਆ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਦੇ ਆਗੂ ਭਾਈ ਸੁਖਜੀਤ ਸਿੰਘ ਖੋਸੇ ਨੇ ਕਿਹਾ ਕਿ ਪੁਲਸ ਵੱਲੋਂ ਬਾਬਾ ਲਾਲ ਸਿੰਘ ਖਿਲਾਫ ਝੂਠਾ ਕੇਸ ਬਣਾਇਆ ਗਿਆ ਹੈ ਤਾਂ ਕਿ ਡੇਰੇ 'ਤੇ ਦੂਜੀ ਧਿਰ ਦਾ ਕਬਜ਼ਾ ਕਰਵਾਇਆ ਜਾ ਸਕੇ।
ਪੁਲਸ 'ਤੇ ਲਾਏ ਸਾਰੇ ਦੋਸ਼ ਝੂਠੇ ਅਤੇ ਬੇਬੁਨਿਆਦ : ਡੀ. ਐੱਸ. ਪੀ.
ਪੁਲਸ ਪਾਰਟੀ ਦਰਜ ਕੇਸ ਸਬੰਧੀ ਕਰਨ ਗਈ ਸੀ ਸਰਚ ਪਰ ਨਿਹੰਗ ਸਿੰਘਾਂ ਨੇ ਕਰ ਦਿੱਤਾ ਹਮਲਾ
ਦੂਜੇ ਪਾਸੇ ਸੁਲਤਾਨਪੁਰ ਲੋਧੀ ਦੇ ਡੀ. ਐੱਸ. ਪੀ. ਸਰਵਨ ਸਿੰਘ ਬੱਲ ਨੇ ਪ੍ਰੈੱਸ ਵਾਰਤਾ 'ਚ ਗਿਆਨੀ ਸ਼ਮਸ਼ੇਰ ਸਿੰਘ ਵੱਲੋਂ ਪੁਲਸ 'ਤੇ ਲਾਏ ਸਾਰੇ ਦੋਸ਼ਾਂ ਨੂੰ ਝੂਠੇ ਅਤੇ ਬੇਬੁਨਿਆਦ ਕਰਾਰ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਅਸਲੀਅਤ ਇਹ ਹੈ ਕਿ ਮਿਤੀ 12 ਫਰਵਰੀ 2020 ਨੂੰ ਬੁੱਢਾ ਦਲ ਦੇ ਇਸ ਡੇਰੇ ਦੇ ਮੁਖੀ ਬਾਬਾ ਲਾਲ ਸਿੰਘ ਖਿਲਾਫ ਮੁਕੱਦਮਾ ਨੰਬਰ 31 ਥਾਣਾ ਸੁਲਤਾਨਪੁਰ ਲੋਧੀ ਪੁਲਸ ਵੱਲੋਂ ਦਰਜ ਕੀਤਾ ਗਿਆ ਸੀ, ਜਿਸ 'ਚ ਬਾਬਾ ਲਾਲ ਸਿੰਘ 'ਤੇ 80 ਲੱਖ ਦੀ ਠੱਗੀ ਮਾਰਨ ਦਾ ਦੋਸ਼ ਲਗਾਇਆ ਗਿਆ ਸੀ।
ਡੀ. ਐੱਸ. ਪੀ. ਨੇ ਦੱਸਿਆ ਕਿ ਇਸ ਕੇਸ ਦੇ ਸਬੰਧ 'ਚ ਬਾਬਾ ਲਾਲ ਸਿੰਘ ਦੀ ਜ਼ਮਾਨਤ ਦੀ ਅਰਜ਼ੀ ਸੈਸ਼ਨ ਕੋਰਟ 'ਚੋਂ ਰਿਜੈਕਟ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਸ ਦਰਜ ਕੇਸ ਦੇ ਸਬੰਧ 'ਚ ਸਰਚ ਆਪਰੇਸ਼ਨ ਕਰਨ ਲਈ 50-60 ਪੁਲਸ ਕਰਮਚਾਰੀ ਮੇਰੀ ਅਗਵਾਈ 'ਚ ਤੇ ਨਾਇਬ ਤਹਿਸੀਲਦਾਰ ਮੇਲਾ ਸਿੰਘ (ਐਗਜ਼ੈਕਟਿਵ ਮੈਜਿਸਟ੍ਰੇਟ) ਦੀ ਨਿਗਰਾਨੀ 'ਚ ਜਦ ਉਕਤ ਡੇਰੇ ਨੇੜੇ ਸਟੇਡੀਅਮ ਕੋਲ ਪੁੱਜੇ ਤਾਂ ਨਿਹੰਗ ਸਿੰਘਾਂ ਨੇ ਮਾਰ ਦੇਣ ਦੀ ਨੀਅਤ ਨਾਲ ਪੁਲਸ ਪਾਰਟੀ 'ਤੇ ਹਮਲਾ ਕਰ ਦਿੱਤਾ। ਜਿਸ ਦੌਰਾਨ ਏ. ਐੱਸ. ਆਈ. ਕੁਲਦੀਪ ਸਿੰਘ ਤੇ ਇਕ ਹੋਰ ਏ. ਐੱਸ. ਆਈ. ਵੀ ਜ਼ਖਮੀ ਹੋ ਗਿਆ, ਜਿਸ ਨੂੰ ਤੁਰੰਤ ਸਿਵਲ ਹਸਪਤਾਲ ਸੁਲਤਾਨਪੁਰ ਦਾਖਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਸਰਚ ਅਪਰੇਸ਼ਨ ਦੌਰਾਨ ਡੇਰੇ ਦੇ ਬਾਹਰ ਰਿਹਾਇਸ਼ੀ ਕਮਰਿਆਂ 'ਚੋਂ ਇਕ 32 ਬੋਰ ਰਿਵਾਲਵਰ, ਇਕ 315 ਬੋਰ ਰਾਈਫਲ ਅਤੇ ਇਕ 12 ਬੋਰ ਰਾਈਫਲ ਅਤੇ ਕੁਝ ਜ਼ਿੰਦਾ ਕਾਰਤੂਸ ਨਜਾਇਜ਼ ਤੌਰ 'ਤੇ ਮਿਲੇ ਹਨ। ਉਨ੍ਹਾਂ ਦੱਸਿਆ ਕਿ ਮੁੱਢਲੀ ਪੜਤਾਲ ਦੌਰਾਨ ਇਨ੍ਹਾਂ ਹਥਿਆਰਾਂ ਦਾ ਕੋਈ ਲਾਇਸੈਂਸ ਨਹੀਂ ਮਿਲ ਸਕਿਆ।
ਹੁਣ ਬੀਅਰ ਅਤੇ ਕੰਟਰੀ ਲਿਕਰ ਲਈ ਵੀ ਜੇਬ ਕਰਨੀ ਪਵੇਗੀ ਢਿੱਲੀ
NEXT STORY