ਚੰਡੀਗੜ੍ਹ (ਭੁੱਲਰ) - ਨਵਜੋਤ ਸਿੱਧੂ ਜੋੜੇ 'ਤੇ ਸਾਬਕਾ ਅਕਾਲੀ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਬੀਤੇ ਦਿਨੀਂ ਡਰੱਗ ਮਾਮਲੇ 'ਚ ਐੱਸ. ਟੀ. ਐੱਫ. ਦੀ ਰਿਪੋਰਟ ਦੇ ਹਵਾਲੇ ਨਾਲ ਲਾਏ ਗਏ ਦੋਸ਼ਾਂ ਨੂੰ ਲੈ ਕੇ ਮੋੜਵਾਂ ਵਾਰ ਕਰਦਿਆਂ ਤਿੱਖੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ। ਅੱਜ ਇਥੇ ਪਾਰਟੀ ਦੇ ਮੁੱਖ ਦਫ਼ਤਰ 'ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਿੱਧੂ ਜੋੜੇ ਨੂੰ 'ਬੰਟੀ-ਬਬਲੀ' ਦੇ ਨਾਂ ਨਾਲ ਸੰਬੋਧਨ ਕਰਦਿਆਂ ਮਜੀਠੀਆ ਨੇ ਕਿਹਾ ਕਿ ਸਿੱਧੂ ਅਤੇ ਉਸਦੀ ਡਾਕਟਰ ਪਤਨੀ ਨੇ ਹਾਈ ਕੋਰਟ ਵਿਚ ਪੇਸ਼ ਹੋਈ ਸੀਲਬੰਦ ਰਿਪੋਰਟ ਨੂੰ ਮੀਡੀਆ ਰਾਹੀਂ ਜਨਤਕ ਕਰ ਕੇ ਅਦਾਲਤ ਦੀ ਤੌਹੀਨ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਅਤੇ ਇਸ ਦਾ ਨਤੀਜਾ ਉਨ੍ਹਾਂ ਨੂੰ ਭੁਗਤਣਾ ਪਵੇਗਾ।
ਉਨਾਂ ਕਿਹਾ ਕਿ ਸਿੱਧੂ ਜੋੜਾ ਆਪਣੇ ਆਪ ਨੂੰ ਅਦਾਲਤਾਂ ਤੋਂ ਵੀ ਉਪਰ ਸਮਝਣ ਲੱਗ ਪਿਆ ਹੈ। ਇਕ ਪੁਰਾਣੀ ਰਿਕਾਰਡਿੰਗ ਸੁਣਾਉਂਦਿਆਂ ਮਜੀਠੀਆ ਨੇ ਕਿਹਾ ਕਿ ਉਹ ਵੀ ਵੇਲਾ ਸੀ ਕਿ ਇਹੀ ਸਿੱਧੂ ਮੈਨੂੰ ਕਹਿੰਦਾ ਸੀ ਕਿ 'ਭਾਵੇਂ ਮੇਰੇ ਚੰਮ ਦੀਆਂ ਜੁੱਤੀਆਂ ਸਵਾ ਲਵੀਂ'। ਇਸਦੀ ਪਤਨੀ ਮੈਨੂੰ ਭਰਾ ਮੰਨ ਕੇ ਘਰ ਬੁਲਾ ਕੇ ਰੋਟੀ ਤੱਕ ਵੀ ਖੁਆਉਂਦੀ ਸੀ। ਉਨ੍ਹਾਂ ਕਿਹਾ ਜਦੋਂ ਤੋਂ ਲਾਫਟਰ ਸ਼ੋਅ ਖੁੱਸ ਗਿਆ ਹੈ, ਉਦੋਂ ਤੋਂ ਉਹ ਜ਼ਿਆਦਾ ਪ੍ਰੇਸ਼ਾਨ ਹੈ ਪਰ ਸਿਆਸਤ ਲਾਫਟਰ ਸ਼ੋਅ ਨਹੀਂ, ਇਸ ਵਿਚ ਸੋਚ ਸਮਝਕੇ ਹੀ ਬੋਲਣਾ ਪੈਂਦਾ ਹੈ।
ਉਨ੍ਹਾਂ ਨੇ ਐੱਸ. ਟੀ. ਐੱਫ. ਦੀ ਰਿਪੋਰਟ ਦੀ ਲੀਕੇਜ ਤੇ ਇਸ ਦੇ ਜਨਤਕ ਕਰਨ ਦੇ ਸਮੇਂ ਨੂੰ ਲੈ ਕੇ ਵੀ ਕਈ ਸਵਾਲ ਉਠਾਏ। ਮਜੀਠੀਆ ਨੇ ਅੱਜ ਕਿਹਾ ਕਿ ਕੱਲ• ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਵੱਲੋ ਜਾਰੀ ਕੀਤੀ ਕਥਿਤ ਐੱਸ. ਟੀ. ਐੱਫ. ਰਿਪੋਰਟ ਸਿੱਧੂ ਐਂਡ ਸੰਜ਼ ਕੰਪਨੀ ਨੇ ਆਪਣੇ ਰਸੋਈ ਸਹਾਇਕ ਅਤੇ ਐੱਸ. ਟੀ. ਐੱਫ. ਦੇ ਮੁਖੀ ਹਰਪ੍ਰੀਤ ਸਿੱਧੂ, ਜੋ ਕਿ ਸਰਦਾਰ ਮਜੀਠੀਆ ਦੇ ਇਕ ਨਾਰਾਜ਼ ਰਿਸ਼ਤੇਦਾਰ (ਭਰਾ) ਵੀ ਹਨ, ਨਾਲ ਮਿਲ ਕੇ ਝੂਠੀ ਘੜੀ ਹੈ।
ਮਜੀਠੀਆ ਦਾ ਕਹਿਣਾ ਸੀ ਕਿ ਇਹ ਰਿਪੋਰਟ ਕੇਜਰੀਵਾਲ ਵੱਲੋਂ ਮੁਆਫੀ ਮੰਗੇ ਜਾਣ ਤੋਂ ਬਾਅਦ ਹੀ ਬਾਹਰ ਆਈ ਹੈ, ਜਿਸ ਤੋਂ ਲੱਗਦਾ ਹੈ ਕਿ ਮੰਗੀ ਗਈ ਮੁਆਫੀ ਸਿੱਧੂ ਤੇ ਹੋਰ ਕਈ ਕਾਂਗਰਸੀ ਆਗੂਆਂ ਨੂੰ ਰਾਸ ਨਹੀਂ ਆਈ। ਉਨ੍ਹਾਂ ਕਿਹਾ ਕਿ ਅਦਾਲਤ ਵਿਚ ਪਹਿਲਾਂ ਵੀ ਜਾਂਚ ਰਿਪੋਰਟਾਂ ਪੇਸ਼ ਹੁੰਦੀਆਂ ਰਹੀਆਂ ਹਨ ਪਰ ਇਸ ਤਰ੍ਹਾਂ ਕਦੇ ਵੀ ਲੀਕੇਜ ਨਹੀਂ ਹੋਈਆਂ। ਉਨ੍ਹਾਂ ਸਵਾਲ ਕੀਤਾ ਕਿ ਇਹ ਦੇਖਣ ਵਾਲੀ ਗੱਲ ਹੈ ਕਿ ਇਸ ਕੰਮ ਪਿੱਛੇ ਕੌਣ ਹੈ?
ਅਕਾਲੀ ਆਗੂ ਨੇ ਕਿਹਾ ਕਿ ਕੱਲ• ਇਸ ਰਿਪੋਰਟ ਦਾ ਖੁਲਾਸਾ ਕਰਕੇ ਸਿੱਧੂ ਜੋੜੀ ਨੇ ਐੱਸ. ਟੀ. ਐੱਫ. ਰਿਪੋਰਟ ਦੇ ਸੱਚ ਦਾ ਪਰਦਾਫਾਸ਼ ਕਰ ਦਿੱਤਾ ਹੈ, ਕਿ ਇਹ ਝੂਠੀ ਰਿਪੋਰਟ ਸੀ, ਜਿਹੜੀ ਐੱਸ. ਟੀ. ਐੱਫ. ਨੇ ਨਹੀਂ ਸਗੋਂ ਸਿੱਧੂ ਟੀਮ ਵੱਲੋਂ ਤਿਆਰ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ ਕਿ ਮਾਣਯੋਗ ਹਾਈ ਕੋਰਟ ਨੂੰ ਗੁੰਮਰਾਹ ਕਰਨ ਦੀ ਸਾਜ਼ਿਸ਼ ਦਾ ਉਨ੍ਹਾਂ ਨੇ ਖੁਦ ਭਾਂਡਾ ਭੰਨ ਦਿੱਤਾ।
ਮਜੀਠੀਆ ਨੇ ਇਹ ਵੀ ਕਿਹਾ ਕਿ ਜੋ ਦੋਸ਼ ਰਿਪੋਰਟ ਦੇ ਆਧਾਰ 'ਤੇ ਸਿੱਧੂ ਨੇ ਲਾਏ ਹਨ, ਉਨ੍ਹਾਂ ਵਿਚ ਕੋਈ ਨਵੀਂ ਗੱਲ ਵੀ ਨਹੀਂ। ਇਹ ਦੋਸ਼ ਪਹਿਲਾਂ ਵੀ ਲਾਏ ਜਾਂਦੇ ਰਹੇ ਹਨ ਪਰ ਅਦਾਲਤ ਨੇ ਇਨ੍ਹਾਂ ਨੂੰ ਖਾਰਜ ਕੀਤਾ ਹੈ।
ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦਾ ਨਾਂ ਲਏ ਬਿਨਾਂ ਉਨ੍ਹਾਂ ਨੂੰ ਸੰਬੋਧਨ ਹੁੰਦਿਆਂ ਮਜੀਠੀਆ ਨੇ ਕਿਹਾ ਕਿ ਸੰਸਦ ਮੈਂਬਰ ਬਣੇ ਇਸ ਨੇਤਾ ਨੇ ਵੀ ਹਾਈ ਕੋਰਟ ਵਿਚ ਸੀ. ਬੀ. ਆਈ. ਜਾਂਚ ਦੀ ਮੰਗ ਨੂੰ ਲੈ ਕੇ ਪਹੁੰਚ ਕੀਤੀ ਪਰ ਉਥੇ ਵੀ ਉਸ ਨੂੰ ਨਿਰਾਸ਼ਾ ਮਿਲੀ ਸੀ। ਹੁਣ ਵੀ ਇਹ ਨੇਤਾ ਮੰਗ ਕਰ ਰਿਹਾ ਹੈ ਪਰ ਇਸਦੀ ਤਾਂ ਆਪਣੇ ਘਰ ਵਿਚ ਵੀ ਸੁਣਵਾਈ ਨਹੀਂ ਅਤੇ ਨਾ ਹੀ ਪਾਰਟੀ ਵਿਚ ਕੋਈ ਜ਼ਿਆਦਾ ਪੁੱਛਗਿੱਛ ਹੈ।
ਮਜੀਠੀਆ ਨੇ ਕਿਹਾ ਕਿ ਸਿੱਧੂ ਵੱਲੋਂ ਲਾਏ ਗਏ ਦੋਸ਼ਾਂ ਤੋਂ ਉਹ ਡਰਨ ਵਾਲੇ ਨਹੀਂ ਹਨ। ਉਨ੍ਹਾਂ ਨੇ ਸਿੱਧੂ ਵੱਲੋਂ ਲਾਏ ਗਏ ਦੋਸ਼ਾਂ ਸਬੰਧੀ ਇਹ ਵੀ ਕਿਹਾ ਕਿ ਅਸਲ 'ਚ ਸਿੱਧੂ ਕਾਂਗਰਸ ਛੱਡਣ ਦੇ ਬਹਾਨੇ ਲੱਭ ਰਿਹਾ ਹੈ, ਇਸ ਦੀ ਕਿਸੇ ਹੋਰ ਪਾਸੇ ਗੰਢ-ਤੁਪ ਹੈ, ਜਿਸ ਦਾ ਛੇਤੀ ਹੀ ਖੁਲਾਸਾ ਹੋਵੇਗਾ।
ਅਕਾਲੀ ਦਲ 'ਚੋਂ ਕੱਢਣ ਦੇ ਬਾਵਜੂਦ ਇਕਬਾਲ ਸੰਧੂ ਵੱਲੋਂ ਪਿੰਡਾਂ 'ਚ ਮੀਟਿੰਗਾਂ ਜਾਰੀ
NEXT STORY