ਰੂਪਨਗਰ (ਕੈਲਾਸ਼)- ਸ਼ਹਿਰ ਵਿਚ ਅਾਵਾਰਾ ਪਸ਼ੂਆਂ ਅਤੇ ਕੁੱਤਿਆਂ ਦੀ ਗਿਣਤੀ ਵਿਚ ਹੋ ਰਿਹਾ ਵਾਧਾ ਜਿੱਥੇ ਆਮ ਲੋਕਾਂ ਲਈ ਖਤਰਾ ਬਣ ਰਿਹਾ ਹੈ, ਉਥੇ ਦੂਜੇ ਪਾਸੇ ਨਗਰ ਕੌਂਸਲ ਅਤੇ ਜ਼ਿਲਾ ਪ੍ਰਸ਼ਾਸਨ ਵੀ ਉਕਤ ਸਮੱਸਿਆ ਦੇ ਹੱਲ ਪ੍ਰਤੀ ਲਾਪ੍ਰਵਾਹ ਬਣਿਆ ਹੋਇਆ ਹੈ।
ਜਾਣਕਾਰੀ ਅਨੁਸਾਰ ਸ਼ਹਿਰ ਵਿਚ ਅਾਵਾਰਾ ਪਸ਼ੂਆਂ ਤੇ ਕੁੱਤਿਆਂ ਦੀ ਗਿਣਤੀ ਕਾਫੀ ਜ਼ਿਆਦਾ ਹੋ ਚੁੱਕੀ ਹੈ ਅਤੇ ਅਜਿਹੇ ਵਿਚ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਅਤੇ ਬਾਜ਼ਾਰ ਜਾਣਾ ਵੀ ਮੁਸ਼ਕਲ ਬਣਿਆ ਹੋਇਆ ਹੈ। ਇਸ ਸਬੰਧ ਵਿਚ ਸ਼ਹਿਰ ਨਿਵਾਸੀ ਅਤੇ ਸਮਾਜਸੇਵੀ ਮਹਿੰਦਰ ਸਿੰਘ ਓਬਰਾਏ, ਰਾਜਕੁਮਾਰ ਕਪੂਰ ਅਤੇ ਸ਼ਿਵਜੀਤ ਸਿੰਘ ਮਾਣਕੂ ਨੇ ਦੱਸਿਆ ਕਿ ਅਾਵਾਰਾ ਪਸ਼ੂਆਂ ਕਾਰਨ ਕਈ ਲੋਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਹੀ ਰੂਪਨਗਰ ਦੇ ਨਾਲ ਲੱਗਦੇ ਪਿੰਡ ਕੋਟਲਾ ਨਿਹੰਗ ਦੀ ਇਕ ਮਹਿਲਾ ਦੀ ਅਾਵਾਰਾ ਪਸ਼ੂ ਦੁਆਰਾ ਟੱਕਰ ਮਾਰੇ ਜਾਣ ਕਾਰਨ ਮੌਤ ਹੋਣ ਦਾ ਸਮਾਚਾਰ ਵੀ ਮਿਲਿਆ ਸੀ। ਇਥੋਂ ਤੱਕ ਕਿ ਕੁੱਤਿਆਂ ਦੇ ਡਰ ਨਾਲ ਬੱਚੇ ਗਲੀਆਂ ਵਿਚ ਖੇਡਣ ਤੋਂ ਵੀ ਡਰਦੇ ਹਨ ਪਰ ਸਰਕਾਰ ਉਕਤ ਸਮੱਸਿਆ ਨੂੰ ਲੈ ਕੇ ਮੂਕ ਦਰਸ਼ਕ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਅਾਵਾਰਾ ਕੁੱਤਿਆਂ ਦੇ ਕੱਟਣ ਨਾਲ ਵੀ ਕਈ ਲੋਕ ਅਤੇ ਬੱਚੇ ਗੰਭੀਰ ਅਵਸਥਾ ਵਿਚ ਹਸਪਤਾਲ ਵਿਚ ਪਹੁੰਚਦੇ ਹਨ ਅਤੇ ਉਨ੍ਹਾਂ ਨੂੰ ਮਹਿੰਗੇ ਟੀਕੇ ਵੀ ਲਾਉਣੇ ਪੈਂਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿਚ ਕੁੱਤਿਆਂ ਦੇ ਕੱਟਣ ਸਬੰਧੀ ਟੀਕੇ ਭਾਵੇਂ ਮੁਫਤ ਲਾਏ ਜਾਂਦੇ ਹਨ ਪਰ ਉਕਤ ਟੀਕਿਆਂ ਦਾ ਭਾਰੀ ਮਾਤਰਾ ਵਿਚ ਪ੍ਰਯੋਗ ਹੋ ਰਿਹਾ ਹੈ ਜੋ ਕਿ ਸਰਕਾਰ ’ਤੇ ਵੀ ਭਾਰੀ ਬੋਝ ਬਣਿਆ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਉਕਤ ਸਮੱਸਿਆ ਤੋਂ ਸ਼ਹਿਰ ਨਿਵਾਸੀਆਂ ਨੂੰ ਤੁਰੰਤ ਛੁਟਕਾਰਾ ਦੁਆਇਆ ਜਾਵੇ।
ਹਾਦਸੇ ’ਚ ਮੋਟਰਸਾਈਕਲ ਚਾਲਕ ਦੀ ਮੌਤ
NEXT STORY