ਫ਼ਰੀਦਕੋਟ, (ਹਾਲੀ)- ਆਪਣੀ ਮਰਜ਼ੀ ਦਾ ਨੇਤਾ ਚੁਣਨ ਲਈ ਸਰਕਾਰ ਵੱਲੋਂ ਦਿੱਤੇ ਵੋਟ ਦੇ ਅਧਿਕਾਰ ਤੋਂ ਇਕ ਤਲਾਕਸ਼ੁਦਾ ਅੌਰਤ ਨੂੰ ਪਿਛਲੇ 10 ਸਾਲਾਂ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ। ਤਲਾਕ ਤੋਂ ਬਾਅਦ ਉਹ ਆਪਣੀ ਵੋਟ ਬਣਵਾਉਣ ਲਈ ਲਗਾਤਾਰ ਦਫਤਰਾਂ ਦੇ ਚੱਕਰ ਕੱਟ ਰਹੀ ਹੈ ਅਤੇ ਕਈ ਵਾਰ ਉੇੱਚ ਅਧਿਕਾਰੀਆਂ ਦੇ ਕੋਲ ਜਾ ਕੇ ਵਾ ਬੇਨਤੀਅਾਂ ਕਰ ਚੁੱਕੀ ਹੈ ਪਰ ਕਿਤੇ ਕੋਈ ਸੁਣਵਾਈ ਨਹੀਂ ਹੋਈ। ਹੁਣ ਉਸ ਨੇ ਪੰਜਾਬ ਦੇ ਚੋਣ ਕਮਿਸ਼ਨਰ ਨੂੰ ਪੱਤਰ ਲਿਖ ਕੇ ਵੋਟ ਬਣਾਉਣ ਦੀ ਮੰਗ ਕੀਤੀ ਅਤੇ ਹੁਣ ਤੱਕ ਉਸ ਦੀ ਵੋਟ ਨਾ ਬਣਾਉਣ ਵਾਲੇ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਸਬੰਧੀ ਇੱਥੋਂ ਦੀ ਟੀਚਰ ਕਾਲੋਨੀ ਨਿਵਾਸੀ ਜਸਵਿੰਦਰ ਕੌਰ ਪੁੱਤਰੀ ਮੱਖਣ ਸਿੰਘ ਨੇ ਦੱਸਿਆ ਕਿ ਉਸ ਦਾ ਵਿਆਹ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਚਿੱਬਡ਼ਾਂਵਾਲੀ ਵਿਖੇ ਹੋਇਆ ਸੀ ਅਤੇ 10 ਸਾਲ ਪਹਿਲਾਂ ਉਸ ਦਾ ਤਲਾਕ ਹੋ ਗਿਆ ਸੀ।
ਉਹ ਉਦੋਂ ਤੋਂ ਹੀ ਫਰੀਦਕੋਟ ਵਿਖੇ ਆਪਣੇ ਪਿਤਾ ਕੋਲ ਇੱਥੇ ਰਹਿ ਰਹੀ ਹੈ ਅਤੇ ਇੱਥੋਂ ਦੇ ਹੀ ਪਤੇ ਉੱਪਰ ਉਸ ਦਾ ਆਧਾਰ ਕਾਰਡ ਅਤੇ ਪਾਸਪੋਰਟ ਬਣਿਆ ਹੋਇਆ ਹੈ। ਉਸ ਨੇ ਦੱਸਿਆ ਕਿ ਉਸ ਦਾ ਪਿਤਾ ਅਧਰੰਗ ਦਾ ਮਰੀਜ਼ ਹੈ ਅਤੇ ਉਸ ਨੂੰ ਆਪਣੀ ਰੋਜ਼ਾਨਾ ਦੀ ਪ੍ਰਾਇਵੇਟ ਨੌਕਰੀ ਦੇ ਨਾਲ-ਨਾਲ ਪਿਤਾ ਦੀ ਵੀ ਦੇਖ-ਭਾਲ ਕਰਨੀ ਪੈਂਦੀ ਹੈ। ਫਰੀਦਕੋਟ ਆਉਣ ਤੋਂ ਬਾਅਦ ਉਸ ਨੇ ਅਜੇ ਤੱਕ ਆਪਣੀ ਵੋਟ ਦਾ ਇਸਤੇਮਾਲ ਨਹੀਂ ਕੀਤਾ, ਜਦਕਿ ਚੋਣ ਕਮਿਸ਼ਨ ਅਤੇ ਜ਼ਿਲੇ ਦੇ ਹੋਰ ਅਧਿਕਾਰੀ ਹਮੇਸ਼ਾ ਹੀ ਵੋਟ ਨੂੰ ਵੋਟਰ ਦਾ ਅਧਿਕਾਰ ਕਰ ਕੇ ਐਲਾਨ ਕਰਦੇ ਰਹਿੰਦੇ ਹਨ। ਉਸ ਨੇ ਆਪਣੀ ਵੋਟ ਬਣਵਾਉਣ ਲਈ ਕਈ ਵਾਰ ਫਾਰਮ ਭਰ ਕੇ ਦਿੱਤਾ ਪਰ ਵੋਟ ਨਹੀਂ ਬਣੀ, ਫਿਰ ਉਸ ਨੂੰ ਦੱਸਿਆ ਗਿਆ ਕਿ ਉਹ ਪਹਿਲਾਂ ਆਪਣੀ ਪਿੰਡ ਚਿੱਬਡ਼ਾਂਵਾਲੀ ਤੋਂ ਵੋਟ ਕਟਵਾ ਕੇ ਲਿਆਉਣ ਅਤੇ ਫਿਰ ਇੱਥੇ ਬਣੇਗੀ। ਵੋਟ ਕੱਟਣ ਲਈ ਉਹ ਸ੍ਰੀ ਮੁਕਤਸਰ ਸਾਹਿਬ ਵਿਖੇ ਕਈ ਸਾਲ ਅਧਿਕਾਰੀਆਂ ਦੇ ਚੱਕਰ ਕੱਢਦੇ ਰਹੀ ਅਤੇ ਆਖਿਰ ਵੋਟ ਕਟਵਾ ਲਈ ਪਰ ਇਸ ਦੇ ਬਾਵਜੂਦ ਕਈ ਸਾਲਾਂ ਤੋਂ ਉਸ ਦੀ ਇੱਥੇ ਵੋਟ ਨਹੀਂ ਬਣਾਈ ਜਾ ਰਹੀ।
ਪੰਜਾਬ ਦੇ ਚੋਣ ਕਮਿਸ਼ਨਰ ਨੂੰ ਉਸ ਨੇ ਭੇਜੇ ਪੱਤਰ ’ਚ ਕਿਹਾ ਹੈ ਕਿ ਸਰਕਾਰ ਵੋਟਰਾਂ ਨੂੰ ਵੋਟਾਂ ਬਣਵਾਉਣ ਲਈ ਵੱਡੇ-ਵੱਡੇ ਬਿਆਨ ਦੇ ਰਹੀ ਹੈ, ਇੱਥੋਂ ਤੱਕ ਕਿ ਵੋਟਰ ਦਿਵਸ ਮਨਾ ਕੇ ਲੋਕਾਂ ਨੂੰ ਵੋਟ ਪਾਉਣ ਅਤੇ ਵੋਟ ਬਣਵਾਉਣ ਲਈ ਪ੍ਰੇਰਿਤ ਕਰ ਰਹੀ ਹੈ ਪਰ ਜੋ ਵੋਟ ਬਣਵਾਉਣੀ ਚਾਹੁੰਦਾ ਹੈ, ਉਸ ਨੂੰ ਲਗਾਤਾਰ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਉਸ ਨੇ ਮੰਗ ਕੀਤੀ ਕਿ ਉਸ ਦੀ ਵੋਟ ਬਣਾਈ ਜਾਵੇ ਅਤੇ ਹੁਣ ਤੱਕ ਉਸ ਨੂੰ ਪ੍ਰੇਸ਼ਾਨ ਕਰਨ ਵਾਲੇ ਅਧਿਕਾਰੀਅਾਂ ਖਿਲਾਫ ਕਾਰਵਾਈ ਕੀਤੀ ਜਾਵੇ।
ਇਸ ਬਾਰੇ ਦਿ ਕਲਾਸ ਫੋਰ ਇੰਪਲਾਈਜ਼ ਦੇ ਸਾਬਕਾ ਜ਼ਿਲਾ ਪ੍ਰੈੱਸ ਸਕੱਤਰ ਰਾਮ ਲਾਲ ਨੇ ਦੱਸਿਆ ਪਿਛਲੇ ਕਈ ਸਾਲਾਂ ਤੋਂ ਉਹ ਵੀ ਜਸਵਿੰਦਰ ਕੌਰ ਦੀ ਮਦਦ ਕਰ ਰਿਹਾ ਹੈ ਪਰ ਉਸ ਦੀ ਕਿਤੇ ਕੋਈ ਸੁਣਵਾਈ ਨਹੀਂ ਹੋ ਰਹੀ। ਇਸ ਸਬੰਧੀ ਜਦੋਂ ਜ਼ਿਲਾ ਚੋਣ ਦਫਤਰ ਵਿਚ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਰਿਕਾਰਡ ’ਚ ਜਸਵਿੰਦਰ ਕੌਰ ਵੱਲੋਂ ਵੋਟ ਬਣਵਾਉਣ ਸਬੰਧੀ ਕੋਈ ਵੀ ਅਰਜ਼ੀ ਨਹੀਂ ਆਈ ਹੋਈ। ਚੋਣ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਹਰੇਕ 18 ਸਾਲ ਤੱਕ ਦੇ ਵਿਅਕਤੀ ਦੀ ਵੋਟ ਬਣਾਈ ਜਾ ਰਹੀ ਅਤੇ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾ ਰਹੀ।
ਅਰੁਣਾਚਲ ਦੀ ਬਣੀ ਨਾਜਾਇਜ਼ ਸ਼ਰਾਬ ਰਾਮਗਡ਼੍ਹ ਪੁਲਸ ਨੇ ਕੀਤੀ ਬਰਾਮਦ
NEXT STORY