ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) : ਸ਼ਹਿਰ ਦੇ ਹੱਡੀਆਂ ਦੇ ਇਕ ਮੁੱਖ ਡਾਕਟਰ ਨੂੰ ਅਗਵਾ ਕਰਕੇ ਉਸ ਤੋਂ 25 ਲੱਖ ਦੀ ਫਿਰੌਤੀ ਲੈ ਕੇ ਛੱਡਣ ਦੇ ਮਾਮਲੇ ਵਿਚ ਥਾਣਾ ਸਿਟੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਨਾਲ ਹੀ ਪੁਲਸ ਨੇ ਇਸ ਮਾਮਲੇ ਵਿਚ ਗੰਭੀਰਤਾ ਨਾਲ ਪੜਤਾਲ ਤੋਂ ਇਲਾਵਾ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਵੀ ਯਤਨ ਤੇਜ਼ ਕਰ ਦਿੱਤੇ ਹਨ। ਪੁਲਸ ਦਾ ਦਾਅਵਾ ਹੈ ਕਿ ਦੋਸ਼ੀ ਜਲਦੀ ਪੁਲਸ ਦੀ ਗ੍ਰਿਫ਼ਤ ਵਿਚ ਹੋਣਗੇ। ਇਸ ਘਟਨਾ ਤੋਂ ਬਾਅਦ ਸ਼ਹਿਰ ਦੇ ਡਾਕਟਰਾਂ ਵਿਚ ਸਹਿਮ ਦਾ ਮਾਹੌਲ ਹੈ। ਇਸ ਤੋਂ ਇਲਾਵਾ ਆਮ ਲੋਕ ਵੀ ਸਹਿਮ ਵਿਚ ਹਨ ਅਤੇ ਸਵੇਰ ਦੀ ਸੈਰ ’ਤੇ ਨਹੀਂ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਹੱਡੀਆਂ ਦੇ ਇਕ ਮਾਹਿਰ ਡਾਕਟਰ ਆਪਣੀ ਪਤਨੀ ਦੇ ਨਾਲ ਰੋਜ਼ਾਨਾ ਦੀ ਤਰ੍ਹਾਂ ਬੀਤੇ ਸੋਮਵਾਰ ਦੀ ਸਵੇਰੇ ਸੈਰ ’ਤੇ ਗਿਆ ਸੀ। ਥਾਂਦੇਵਾਲਾ ਰੋਡ ’ਤੇ ਆਪਣੀ ਗੱਡੀ ਪਾਰਕ ਕਰਨ ਤੋਂ ਬਾਅਦ ਉਹ ਸੈਰ ਲਈ ਨਿਕਲੇ ਸਨ। ਇਸ ਦੌਰਾਨ ਇਕ ਕਾਰ ਵਿਚ ਸਵਾਰ ਕੁਝ ਅਣਪਛਾਤੇ ਲੋਕਾਂ ਨੇ ਡਾਕਟਰ ਜੋੜੇ ਨੂੰ ਅਪਾਣੀ ਕਾਰ ਵਿਚ ਬੈਠਣ ਲਈ ਕਿਹਾ ਪਰ ਡਾਕਟਰ ਜੋੜੇ ਵੱਲੋਂ ਇਨਕਾਰ ਕਰਨ ’ਤੇ ਇੱਕ ਵਿਅਕਤੀ ਨੇ ਉਨ੍ਹਾਂ ’ਤੇ ਪਿਸਤੌਲ ਤਾਣ ਦਿੱਤੀ। ਇਸ ਦੌਰਾਨ ਡਾਕਟਰ ਨੂੰ ਉਨ੍ਹਾਂ ਦੀ ਗੱਡੀ ਵਿਚ ਬੈਠਣ ਲਈ ਮਜ਼ਬੂਰ ਹੋਣਾ ਪਿਆ।
ਅਗਵਾਕਾਰਾਂ ਨੇ ਡਾਕਟਰ ਦੀ ਪਤਨੀ ਨੂੰ ਉਥੇ ਹੀ ਛੱਡ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਫਿਰੌਤੀ ਦੀ ਰਾਸ਼ੀ ਮਿਲਣ ’ਤੇ ਡਾਕਟਰ ਨੂੰ ਛੱਡਣ ਦੀ ਗੱਲ ਕਹੀ। ਕਰੀਬ ਦੋ ਘੰਟੇ ਬਾਅਦ ਅਗਵਾਕਾਰਾਂ ਨੂੰ 25 ਲੱਖ ਰੁਪਏ ਦੀ ਰਾਸ਼ੀ ਪਹੁੰਚਾਈ ਗਈ। ਜਿਸ ਤੋਂ ਬਾਅਦ ਅਗਵਾਕਾਰਾਂ ਨੇ ਡਾਕਟਰ ਨੂੰ ਪਿੰਡ ਮੜਮਲੂ ਦੇ ਕੋਲ ਛੱਡ ਦਿੱਤਾ। ਇਸ ਘਟਨਾ ਦੇ ਅਗਲੇ ਦਿਨ ਸ਼ਾਮ ਨੂੰ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਡਾ. ਰਜਿੰਦਰ ਬਾਂਸਲ ਦੀ ਅਗਵਾਈ ਵਿਚ ਡਾਕਟਰਾਂ ਦੇ ਵਫ਼ਦ ਨੇ ਐੱਸ. ਐੱਸ. ਪੀ. ਸਰਬਜੀਤ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ। ਐੱਸ. ਐੱਸ. ਪੀ. ਸਰਬਜੀਤ ਸਿੰਘ ਨੇ ਡਾਕਟਰਾਂ ਦੇ ਵਫ਼ਦ ਨੂੰ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲੈਣ ਦਾ ਵਿਸ਼ਵਾਸ ਦੁਆਇਆ। ਐੱਸ. ਐੱਸ. ਪੀ. ਸਰਬਜੀਤ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿਚ ਥਾਣਾ ਸਿਟੀ ਵਿਚ ਅਗਵਾ ਕਰਨ ਅਤੇ ਫਿਰੌਤੀ ਲੈਣ ਦੇ ਦੋਸ਼ੀ ਹੇਠ 4 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਐੱਸ. ਪੀ. ਡੀ. ਦੀ ਅਗਵਾਈ ਵਿਚ ਬਣੀ ਟੀਮ
ਐੱਸ. ਐੱਸ. ਪੀ. ਨੇ ਦੱਸਿਆ ਕਿ ਇਸ ਸਬੰਧ ਵਿਚ ਐੱਸ. ਪੀ. ਡੀ. ਦੀ ਅਗਵਾਈ ਵਿਚ ਇਕ ਟੀਮ ਬਣਾਈ ਗਈ ਹੈ। ਦੋਸ਼ੀਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਐੱਸ. ਐੱਸ. ਪੀ. ਅਨੁਸਾਰ ਕੇਸ ਕਾਫ਼ੀ ਹੱਦ ਤੱਕ ਹੱਲ ਕਰ ਲਿਆ ਗਿਆ ਹੈ। ਜਲਦ ਹੀ ਪੂਰਾ ਕੇਸ ਹੱਲ ਕਰ ਦਿੱਤਾ ਜਾਵੇਗਾ। ਟੀਮ ਆਪਣੀ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ ਅਤੇ ਹਰ ਐਂਗਲ ’ਤੇ ਨਜ਼ਰ ਰੱਖੀ ਜਾ ਰਹੀ ਹੈ।
ਇਕ ਪਰਿਵਾਰ, ਇਕ ਟਿਕਟ ਦੇ ਫਾਰਮੂਲੇ ਨਾਲ ਚੱਲੇਗੀ ਕਾਂਗਰਸ, ਨਵਜੋਤ ਸਿੱਧੂ ਨੇ ਕੀਤੀ ਪੁਸ਼ਟੀ
NEXT STORY