ਲੁਧਿਆਣਾ (ਮਹੇਸ਼) : ਬਸਤੀ ਜੋਧੇਵਾਲ ਇਲਾਕੇ 'ਚ ਡਾਕਟਰ ਰਾਜੀਵ ਸ਼ਰਮਾ 'ਤੇ ਹੋਏ ਕਾਤਲਾਨਾ ਹਮਲੇ ਦੇ ਮਾਮਲੇ 'ਚ ਇਲਾਕਾ ਪੁਲਸ ਨੇ 9 ਲੋਕਾਂ 'ਤੇ ਇਰਾਦਾ ਕਤਲ ਸਮੇਤ ਹੋਰ ਸੰਗੀਨ ਧਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਹੈ ਪਰ ਹੁਣ ਤੱਕ ਦੋਸ਼ੀ ਪੁਲਸ ਦੀ ਪਹੁੰਚ ਤੋਂ ਬਾਹਰ ਹਨ। ਥਾਣਾ ਇੰਚਾਰਜ ਸਬ ਇੰਸਪੈਕਟਰ ਅਰਸ਼ਪ੍ਰੀਤ ਗਰੇਵਾਲ ਦਾ ਕਹਿਣਾ ਹੈ ਕਿ ਸੀ. ਸੀ. ਟੀ. ਵੀ ਦੀ ਫੁਟੇਜ ਦੇ ਅਧਾਰ 'ਤੇ ਹਮਲਾਵਰਾਂ ਦੀ ਧਰਪਕੜ ਦੇ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਅਤੇ ਜਲਦ ਹੀ ਸਾਰੇ ਦੋਸ਼ੀ ਜੇਲ ਦੀਆਂ ਸਲਾਖਾਂ ਦੇ ਪਿੱਛੇ ਦਿਖਣਗੇ। ਉਧਰ ਡਾ. ਸ਼ਰਮਾ ਨੇ ਦੱਸਿਆ ਕਿ ਉਨਾਂ 'ਤੇ ਹਮਲਾ ਕਰਨ ਵਾਲੇ ਸਾਰੇ ਦੋਸ਼ੀ 18-20 ਸਾਲ ਦੇ ਵਿਚਕਾਰ ਸਨ।
ਘਟਨਾ ਦੇ ਬਾਅਦ ਉਨ੍ਹਾਂ ਦਾ ਪਰਿਵਾਰ ਦਹਿਸ਼ਤ 'ਚ ਹੈ। ਉਨ੍ਹਾਂ ਨੂੰ ਹੁਣ ਵੀ ਨਹੀਂ ਪਤਾ ਕਿ ਕਾਤਲਾਨਾ ਹਮਲਾ ਕਿਉਂ ਅਤੇ ਕਿਸ ਨੇ ਕਰਵਾਇਆ, ਜਦੋਂ ਕਿ ਉਨ੍ਹਾਂ ਦੀ ਕਿਸੇ ਦੇ ਨਾਲ ਕੋਈ ਰੰਜਿਸ਼ ਨਹੀਂ ਹੈ। ਉਨ੍ਹਾਂ ਨੇ ਪੁਲਸ ਤੋਂ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਬੀਤੇ ਸ਼ਨੀਵਾਰ ਨੂੰ ਮੋਟਰਸਾਈਕਲ 'ਤੇ ਆਏ ਬਦਮਾਸ਼ਾਂ ਨੇ ਕਲੀਨਿਕ 'ਚ ਵੜ ਕੇ ਤੇਜ਼ਧਾਰ ਹਥਿਆਰਾਂ ਨਾਲ ਡਾਕਟਰ 'ਤੇ ਹਮਲਾ ਕਰਕੇ ਜਖ਼ਮੀ ਕਰ ਦਿੱਤਾ ਸੀ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਬਹਾਦਰੀ ਦਿਖਾਉਂਦੇ ਹੋਏ ਹਮਲਾਵਰਾਂ ਦਾ ਮੁਕਾਬਲਾ ਕੀਤਾ ਅਤੇ ਉਨ੍ਹਾਂ ਨੂੰ ਭੱਜਣ 'ਤੇ ਮਜਬੂਰ ਕਰ ਦਿੱਤਾ ਸੀ।
ਸ੍ਰੀ ਮੁਕਤਸਰ ਸਾਹਿਬ 'ਚ ਕੋਰੋਨਾ ਦੇ ਦੋ ਹੋਰ ਮਾਮਲੇ ਆਏ ਸਾਹਮਣੇ
NEXT STORY